
ਐਸਐਸਪੀ ਨੇ ਕਿਹਾ ਹੈ ਕਿ ਅਸੀਂ (ਪੁਲਿਸ) ਦੋਵਾਂ ਦੀ ਬਹਾਦਰੀ ਦੀ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ 18 ਸਾਲਾ ਨੌਜਵਾਨ ਦੀ ਜਾਨ ਬਚਾਈ।
ਚੰਡੀਗੜ੍ਹ: ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਸੁਖਨਾ ਝੀਲ ਵਿਚ ਡੁੱਬ ਰਹੇ ਵਿਦਿਆਰਥੀ ਨੂੰ ਬਚਾਉਣ ਵਾਲੇ 2 ਬਹਾਦਰਾਂ ਨੂੰ ਸਨਮਾਨਿਤ ਕੀਤਾ ਹੈ। ਐਸਐਸਪੀ ਨੇ ਮੇਜਰ ਜਿਤੇਸ਼ ਚੱਢਾ ਅਤੇ ਸਾਫਟਵੇਅਰ ਇੰਜੀਨੀਅਰ ਮਯੰਕ ਸ਼ਰਮਾ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ। 32 ਸਾਲਾਂ ਦੇ ਇਹਨਾਂ ਦੋ ਬਹਾਦਰ ਨੌਜਵਾਨਾਂ ਨੇ ਸੋਮਵਾਰ ਸ਼ਾਮ ਸੁਖਨਾ ਝੀਲ 'ਚ 18 ਸਾਲਾ ਵਿਦਿਆਰਥੀ ਨੂੰ ਡੁੱਬਣ ਤੋਂ ਬਚਾਇਆ ਸੀ। ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਕਿਹਾ ਹੈ ਕਿ ਅਸੀਂ (ਪੁਲਿਸ) ਦੋਵਾਂ ਦੀ ਬਹਾਦਰੀ ਦੀ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ 18 ਸਾਲਾ ਨੌਜਵਾਨ ਦੀ ਜਾਨ ਬਚਾਈ।
ਦੱਸ ਦਈਏ ਕਿ ਮੁੱਲਾਂਪੁਰ ਦੇ ਰਹਿਣ ਵਾਲੇ 18 ਸਾਲਾ ਦੇ ਵਿਦਿਆਰਥੀ ਨੇ ਸੋਮਵਾਰ ਸ਼ਾਮ ਕਰੀਬ 6 ਵਜੇ ਚੰਡੀਗੜ੍ਹ 'ਚ ਸੁਖਨਾ ਝੀਲ 'ਚ ਛਾਲ ਮਾਰ ਦਿੱਤੀ ਸੀ। ਇਸ ਤੋਂ ਬਾਅਦ ਉਹ ਡੁੱਬਣ ਲੱਗਿਆ। ਜਦੋਂ ਝੀਲ 'ਤੇ ਸੈਰ ਲਈ ਰੌਲਾ ਪਾਇਆ। ਇਸ ਦੌਰਾਨ ਇੱਥੇ ਜੌਗਿੰਗ ਕਰ ਰਹੇ ਇੰਜੀਨੀਅਰ ਮਯੰਕ ਸ਼ਰਮਾ ਅਤੇ ਮੇਜਰ ਜਿਤੇਸ਼ ਚੱਢਾ ਮਦਦ ਲਈ ਦੌੜੇ। ਉਹਨਾਂ ਨੇ ਨੌਜਵਾਨ ਨੂੰ ਬਚਾਉਣ ਲਈ ਝੀਲ ਵਿਚ ਛਾਲ ਮਾਰ ਦਿੱਤੀ।
ਜੇਕਰ ਨੌਜਵਾਨ ਨੂੰ ਸਮੇਂ ਸਿਰ ਨਾ ਬਚਾਇਆ ਜਾਂਦਾ ਤਾਂ ਉਸ ਦੀ ਮੌਤ ਹੋ ਸਕਦੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਜਾਣਕਾਰੀ ਅਨੁਸਾਰ ਸ਼ੁਰੂਆਤੀ ਤੌਰ 'ਤੇ ਨੌਜਵਾਨ ਨੇ ਨਿੱਜੀ ਕਾਰਨਾਂ ਕਰਕੇ ਖੁਦਕੁਸ਼ੀ ਕਰਨ ਦੀ ਗੱਲ ਕਹੀ ਹੈ। ਉਸੇ ਸਮੇਂ ਜਦੋਂ ਉਸ ਦੇ ਪਿਤਾ ਪਹੁੰਚੇ ਤਾਂ ਵਿਦਿਆਰਥੀ ਨੇ ਕਿਹਾ ਕਿ ਉਹ ਗਲਤੀ ਨਾਲ ਝੀਲ ਵਿਚ ਡਿੱਗ ਗਿਆ ਸੀ। ਅਜਿਹੇ 'ਚ ਪੁਲਿਸ ਨੇ ਫਿਲਹਾਲ ਨੌਜਵਾਨ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ।