
ਮਾਤਾ-ਪਿਤਾ ਨੂੰ ਸ਼ਾਇਦ ਇਹ ਪਤਾ ਵੀ ਨਹੀਂ ਹੋਵੇਗਾ ਕਿ ਜਿਸ ਧੀ ਨੂੰ ਪੜ੍ਹਾ ਲਿਖਾ ਕੇ ਉਹ ਵੱਡੀ ਬਣਾਉਣ ਦਾ ਸੁਪਨਾ ਵੇਖ ਰਹੇ ਹਨ ਉਹ...
ਚੰਡੀਗੜ੍ਹ (ਸਸਸ) : ਮਾਤਾ-ਪਿਤਾ ਨੂੰ ਸ਼ਾਇਦ ਇਹ ਪਤਾ ਵੀ ਨਹੀਂ ਹੋਵੇਗਾ ਕਿ ਜਿਸ ਧੀ ਨੂੰ ਪੜ੍ਹਾ ਲਿਖਾ ਕੇ ਉਹ ਵੱਡੀ ਬਣਾਉਣ ਦਾ ਸੁਪਨਾ ਵੇਖ ਰਹੇ ਹਨ ਉਹ ਕੁਝ ਪੈਸਿਆਂ ਲਈ ਗ਼ਲਤ ਰਸਤੇ ਉਤੇ ਚੱਲ ਰਹੀ ਹੈ। ਘੱਟ ਸਮੇਂ ਵਿਚ ਜ਼ਿਆਦਾ ਪੈਸੇ ਕਮਾਉਣ ਲਈ ਡੀਏਵੀ ਕਾਲਜ ਦੀ ਐਮਐਸਸੀ ਵਿਦਿਆਰਥਣ ਇਕ ਨੌਜਵਾਨ ਦੇ ਨਾਲ ਮਿਲ ਕੇ ਨਸ਼ਾ ਤਸਕਰੀ ਕਰ ਰਹੀ ਸੀ। ਵਿਦਿਆਰਥਣ ਮੂਲ ਰੂਪ ਤੋਂ ਹਿਮਾਚਲ ਦੇ ਸੋਲਨ ਦੀ ਰਹਿਣ ਵਾਲੀ ਹੈ ਅਤੇ ਜੀਰਕਪੁਰ ਵਿਚ ਪੇਇੰਗ ਗੈਸਟ ਵਿਚ ਰਹਿੰਦੀ ਹੈ।
ਉਹ ਬਲਟਾਨਾ ਵਿਚ ਹੀ ਰਹਿਣ ਵਾਲੇ ਨੌਜਵਾਨ ਦੇ ਨਾਲ ਮਿਲ ਕੇ ਨਸ਼ਾ ਤਸਕਰੀ ਕਰਦੀ ਸੀ। ਨਾਰਕੋਟਿਕਸ ਕੰਟਰੋਲ ਬਿਊਰੋ (ਏਨਸੀਬੀ) ਦੇ ਅਫ਼ਸਰਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਦਿੱਲੀ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ, ਪੰਚਕੁਲਾ, ਮੋਹਾਲੀ ਅਤੇ ਨੇੜੇ ਤੇੜੇ ਦੇ ਇਲਾਕੇ ਵਿਚ ਸਪਲਾਈ ਕਰ ਰਹੇ ਹਨ। ਇਸ ਸੀਕਰੇਟ ਇਨਫਰਮੇਸ਼ਨ ਦੇ ਆਧਾਰ ਉਤੇ ਐਤਵਾਰ ਨੂੰ ਐਨਸੀਬੀ ਦੇ ਅਫ਼ਸਰਾਂ ਨੇ ਦੱਪਰ ਟੋਲ ਪਲਾਜਾ ਉਤੇ ਟਰੈਪ ਲਗਾ ਕੇ ਚੰਡੀਗੜ੍ਹ ਨੰਬਰ ਦੀ ਇਨੋਵਾ ਕਾਰ ਦੀ ਜਦੋਂ ਚੈਕਿੰਗ ਕੀਤੀ ਤਾਂ ਉਸ ਵਿਚੋਂ ਹੈਰੋਇਨ ਦੀ ਖੇਪ ਬਰਾਮਦ ਹੋਈ।
ਕਾਰ ਵਿਚ ਵਿਦਿਆਰਥਣ ਅਤੇ ਨੌਜਵਾਨ ਇੰਦਰਜੀਤ ਸਿੰਘ ਸਵਾਰ ਸੀ। ਪੁੱਛਗਿੱਛ ਵਿਚ ਦੋਵਾਂ ਨੇ ਤਸਕਰੀ ਦੀ ਗੱਲ ਸਵੀਕਾਰ ਕੀਤੀ। ਐਨਸੀਬੀ ਦੇ ਅਫ਼ਸਰਾਂ ਨੇ ਦੱਸਿਆ ਕਿ ਦੱਪਰ ਟੋਲ ਪਲਾਜਾ ਉਤੇ ਦੁਪਹਿਰ ਦੇ ਸਮੇਂ ਟਰੈਪ ਲਗਾਇਆ ਗਿਆ ਸੀ। ਉਦੋਂ ਟੋਲ ਪਲਾਜਾ ਤੋਂ ਇਕ ਇਨੋਵਾ (ਸੀਐਚ-04-ਕੇ-3895) ਲੰਘ ਰਹੀ ਸੀ। ਪੁਲਿਸ ਨੇ ਰੋਕ ਕੇ ਇਨੋਵਾ ਦੀ ਤਲਾਸ਼ੀ ਲਈ। ਇਸ ਦੌਰਾਨ ਗੱਡੀ ਦੀ ਡਿੱਗੀ ਵਿਚੋਂ 415 ਗ੍ਰਾਮ ਦਾ ਹੈਰੋਇਨ ਦਾ ਪੈਕੇਟ ਬਰਾਮਦ ਹੋਇਆ।
ਇਹ ਐਨਸੀਬੀ ਵਲੋਂ 45ਵੀਂ ਰੇਡ ਸੀ, ਜਿਸ ਵਿਚ ਟਰੈਪ ਲਗਾ ਕੇ ਡਰੱਗਸ ਦੀ ਤਸਕਰੀ ਕਰਦੇ ਦੋਸ਼ੀਆਂ ਨੂੰ ਫੜਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਦੱਪਰ ਟੋਲ, ਅੰਬਾਲਾ-ਚੰਡੀਗੜ੍ਹ ਟੋਲ ਪਲਾਜਾ ਅਤੇ ਚੰਡੀਗੜ੍ਹ-ਕਾਲਕਾ ਟੋਲ ਪਲਾਜਾ ਉਤੇ ਐਨਸੀਬੀ ਦੇ ਅਫ਼ਸਰਾਂ ਨੇ ਸੀਕਰੇਟ ਇਨਫਰਮੇਸ਼ਨ ਦੇ ਆਧਾਰ ਉਤੇ ਲੱਖਾਂ ਕਰੋੜਾਂ ਦੀ ਡਰੱਗਸ ਤਸਕਰੀ ਕਰਦੇ ਹੋਏ ਦੋਸ਼ੀਆਂ ਨੂੰ ਦਬੋਚਿਆ ਗਿਆ ਹੈ।
ਐਨਸੀਬੀ ਨੇ ਜਦੋਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਚੰਡੀਗੜ੍ਹ, ਜੀਰਕਪੁਰ ਅਤੇ ਮੋਹਾਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਸਪਲਾਈ ਕਰਦੇ ਸਨ। ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ, ਤਾਂਕਿ ਦਿੱਲੀ ਵਿਚ ਜਿਥੋਂ ਹੈਰੋਇਨ ਲਿਆ ਕੇ ਇਥੇ ਸਪਲਾਈ ਕੀਤੀ ਜਾ ਰਹੀ ਹੈ ਉਸ ਪੂਰੇ ਗਰੋਹ ਨੂੰ ਦਬੋਚਿਆ ਜਾ ਸਕੇ। ਅਫ਼ਸਰਾਂ ਦੇ ਮੁਤਾਬਕ ਵਿਦਿਆਰਥਣ ਜੀਰਕਪੁਰ ਵਿਚ ਬਤੋਰ ਪੇਇੰਗ ਗੈਸਟ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਫੜੇ ਗਏ ਦੋਵੇਂ ਦੋਸ਼ੀ ਪਿਛਲੇ ਕਈ ਸਾਲਾਂ ਤੋਂ ਡਰੱਗਸ ਦੀ ਤਸਕਰੀ ਕਰ ਰਹੇ ਸਨ।