
ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਵਿਸ਼ੇਸ਼ ਜਾਂਚ ਟੀਮ ਨੇ ਦੋ ਬੇਅਦਬੀ ਮਾਮਲਿਆਂ ’ਚ ਚਲਾਨ ਭਰੇ ਹਨ...
ਚੰਡੀਗੜ੍ਹ : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਵਿਸ਼ੇਸ਼ ਜਾਂਚ ਟੀਮ ਨੇ ਦੋ ਬੇਅਦਬੀ ਮਾਮਲਿਆਂ ’ਚ ਚਲਾਨ ਭਰੇ ਹਨ। ਐੱਸ.ਆਈ.ਟੀ. ਵਲੋਂ ਬਾਗਾਪੁਰਾਣਾ ਦੀ ਅਦਾਲਤ ’ਚ ਮੋਗਾ ਦੇ ਮਲਕੇ ਪਿੰਡ ’ਚ ਹੋਈ ਬੇਅਦਬੀ ਅਤੇ ਫੁੱਲ ਦੀ ਅਦਾਲਤ ’ਚ ਬਠਿੰਡਾ ਦੇ ਗੁਰੂਸਰ ’ਚ ਵਾਪਰੀ ਬੇਅਦਬੀ ਘਟਨਾ ਸਬੰਧੀ ਚਲਾਨ ਪੇਸ਼ ਕੀਤੇ ਹਨ। ਮਲਕੇ ਬੇਅਦਬੀ ਮਾਮਲੇ ’ਚ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਸਮੇਤ 5 ਲੋਕਾਂ ਵਿਰੁੱਧ ਅਤੇ ਗੁਰੂਸਰ ਬੇਅਦਬੀ ਮਾਮਲੇ ’ਚ 6 ਲੋਕਾਂ ਵਿਰੁੱਧ ਚਲਾਨ ਪੇਸ਼ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਇਹਨਾਂ ਘਟਨਾਵਾਂ ’ਚ ਮੁੱਖ ਮੁਲਜ਼ਮ ਪਰਦੀਪ ਕਲੇਰ, ਸੰਦੀਪ ਬਰੇਟਾ ਅਤੇ ਹਰਸ਼ ਧੂਰੀ ਹਾਲੇ ਵੀ ਫਰਾਰ ਹਨ, ਜਿਹਨਾਂ ਵਿਰੁੱਧ ਫੁੱਲ ਦੀ ਅਦਾਲਤ ਨੇ ਗੈਰ ਜਮਾਨਤੀ ਵਾਰੰਟ ਪਹਿਲਾਂ ਹੀ ਜਾਰੀ ਕੀਤੇ ਹੋਏ ਹਨ। ਡੀ.ਆਈ.ਜੀ. ਖੱਟੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਆਗਿਆ ਨਾਲ ਪੇਸ਼ ਕੀਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਮਲਕੇ ਘਟਨਾ ਦਾ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਅਤੇ ਗੁਰੂਸਰ ਘਟਨਾ ਦਾ ਮੁੱਖ ਮੁਲਜ਼ਮ ਜਤਿੰਦਰਵੀਰ ਪਹਿਲਾਂ ਵੀ ਇਕਬਾਲ-ਏ-ਜੁਰਮ ਕਰ ਚੁੱਕੇ ਹਨ। ਐੱਸ.ਆਈ.ਟੀ. ਮੁਤਾਬਕ ਪ੍ਰਿਥੀ ਡੇਰਾ ਸਿਰਸਾ ਦੀ ਸਟੇਟ ਕਮੇਟੀ ਦਾ ਹਿੱਸਾ ਰਿਹਾ ਹੈ ਅਤੇ ਉਸਨੇ ਅਮਰਦੀਪ ਅਤੇ ਮਿੱਠੂ ਨਾਲ ਮਿਲਕੇ ਬੇਅਦਬੀ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਸੀ।