
ਅੱਜ ਪੰਜਾਬ ਦੇ ਰਾਜਪਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਇੱਥੇ ਇੰਸਟੀਟਿਊਟ ਆਫ ਟਾਊਨ ਪਲੈਨਰਜ਼ ਦੀ 67ਵੀਂ ਤਿੰਨ ਰੋਜ਼ਾ ਕੌਮੀ ਕਾਂਗਰਸ ਦਾ ਉਦਘਾਟਨ ਕੀਤਾ
ਚੰਡੀਗੜ (ਸ.ਸ.ਸ) : ਅੱਜ ਪੰਜਾਬ ਦੇ ਰਾਜਪਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਇੱਥੇ ਇੰਸਟੀਟਿਊਟ ਆਫ ਟਾਊਨ ਪਲੈਨਰਜ਼ ਦੀ 67ਵੀਂ ਤਿੰਨ ਰੋਜ਼ਾ ਕੌਮੀ ਕਾਂਗਰਸ ਦਾ ਉਦਘਾਟਨ ਕੀਤਾ। ਆਪਣੇ ਉਦਘਾਟਨੀ ਭਾਸ਼ਨ ਦੌਰਾਨ ਸ੍ਰੀ ਬਦਨੌਰ ਨੇ ਨਿਰੰਤਰ ਵਿਕਾਸ ਦੇ ਮੱਦੇਨਜ਼ਰ ਲੋਕਾਂ ਦੀਆਂ ਭਵਿੱਖ ਦੀਆਂ ਲੋੜਾਂ ਮੁਤਾਬਕ ਸੁਚੱਜੀ ਯੋਜਨਾਬੰਦੀ ਅਪਣਾਉਣ ਦਾ ਸੱਦਾ ਦਿੱਤਾ।ਉਨਾਂ ਕਿਹਾ ਕਿ ਕੂੜਾ-ਕਰਕਟ ਅਤੇ ਸੀਵਰੇਜ ਦੇ ਪਾਣੀ ਦੇ ਵਹਾਅ ਨੂੰ ਦਰਿਆਵਾਂ, ਨਦੀਆਂ ਤੇ ਟੋਬਿਆਂ ਆਦਿ ਵਿੱਚ ਪੈਣ ਤੋਂ ਰੋਕਣ ਲਈ ਟਾਊਨ ਪਲੈਨਰਜ਼ ਅੱਗੇ ਇਸ ਸਦੀ ਦਾ ਸਭ ਤੋਂ ਅਹਿਮ ਮੁੱਦਾ ਹੈ।
VP Badnor
ਉਨਾਂ ਕਿਹਾ ਕਿ ਪੁਰਾਣੇ ਸਮਿਆਂ ਵੇਲੇ ਕਿਸੇ ਵੀ ਸ਼ਹਿਰ ਦਾ ਗੰਦਾ ਪਾਣੀ ਜਾਂ ਰਹਿੰਦ-ਖੂਹੰਦ ਨੂੰ ਦਰਿਆਵਾਂ ਆਦਿ ਵਿਚ ਨਹੀਂ ਪਾਇਆ ਜਾਂਦਾ ਸੀ। ਇਸੇ ਕਾਰਨ ਅਜਿਹੇ ਪੁਰਾਣੇ ਸ਼ਹਿਰਾਂ ਨੇ ਹੁਣ ਤੱਕ ਵੀ ਆਪਣੀ ਸ਼ਾਨ ਅਤੇ ਪਹਿਚਾਣ ਬਰਕਰਾਰ ਰੱਖੀ ਹੋਈ ਹੈ। ਪਰ ਅੱਜ ਕੱਲ ਯੋਜਨਾਕਾਰ ਇਸ ਪੱਖ ਨੂੰ ਅੱਖੋਂ ਪਰੋਖੇ ਕਰਨ ਲੱਗੇ ਹਨ, ਜਿਸਦੇ ਸਿੱਟੇ ਵਜੋਂ ਸਾਨੂੰ ਪ੍ਰਦੂਸ਼ਨ ਨੂੰ ਰੋਕਣ ਵਿੱਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਅਜੋਕੇ ਟਾਊਨ ਪਲੈਨਰਜ਼ ਨੂੰ ਅਪੀਲ ਕੀਤੀ ਕਿ ਹਾਲਾਤਾਂ ਦੀ ਸੰਜੀਦਗੀ ਨੂੰ ਸਮਝਣ ਦੀ ਲੋੜ ਹੈ
VP Badnor
ਅਤੇ ਸ਼ਹਿਰਾਂ ਦੀ ਯੋਜਨਾਬੰਦੀ, ਲੋਕਾਂ ਦੀਆਂ ਭਵਿੱਖਮੁੱਖੀ ਲੋੜਾਂ ਜਿਵੇਂ ਟਰਾਂਸਪੋਰਟ, ਸੁਰੱਖਿਆ, ਪਾਰਕਿੰਗ, ਸੀਵਰੇਜ ਡਿਸਪੋਜ਼ਲ, ਸੜਕਾਂ ਨੂੰ ਚੌੜਾ ਕਰਨਾ ਅਤੇ ਇਸਦੇ ਨਾਲ ਹੀ ਸ਼ਹਿਰਾਂ ਦਾ ਲੰਬਾਈ- ਚੌੜਾਈ ਅਨੁਸਾਰ ਵਿਸਥਾਰ ਕਰਨਾ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਨੀ ਚਾਹੀਦੀ ਹੈ।
ਸ੍ਰੀ ਬਦਨੌਰ ਨੇ ਯੋਜਨਾਕਾਰਾਂ ਨੂੰ ਹਰੇ-ਭਰੇ ਸ਼ਹਿਰ ਵਸਾਉਣ 'ਤੇ ਧਿਆਨ ਕੇਂਦਰਿਤ ਕਰਨ ਲਈ ਵੀ ਕਿਹਾ ਤਾਂ ਜੋ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਵਰਗੇ ਖਤਰਿਆਂ ਨਾਲ ਨਜਿੱਠਿਆ ਜਾ ਸਕੇ।
ਉਨਾਂ ਕਿਹਾ ਕਿ ਨਵੇਂ ਸ਼ਹਿਰਾਂ ਦੀ ਯੋਜਨਾਬੰਦੀ ਦੌਰਾਨ ਸੂਰਜੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਯੋਗ ਬਣਾਉਣ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਪ੍ਰਦੂਸ਼ਣ ਮੁਕਤ ਊਰਜਾ ਦੇ ਇਸ ਕੁਦਰਤੀ ਸੋਮੇ ਤੋਂ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ। ਇਸ ਮੌਕੇ ਗੈਸਟ ਆਫ ਆਨਰ ਸ਼ਹਿਰੀ ਤੇ ਪੇਂਡੂ ਵਿਕਾਸ ਮੰਤਰੀ, ਪੰਜਾਬ ਸ੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਕਾਂਗਰਸ ਵਿਚੋਂ ਉੱਭਰ ਕੇ ਆਉਣ ਵਾਲੇ ਕੀਮਤੀ ਤੇ ਲਾਹੇਵੰਦ ਸਿੱਟੇ ਸੂਬੇ ਦੀ ਬਿਹਤਰ ਸ਼ਹਿਰੀ ਯੋਜਨਾਬੰਦੀ ਕਰਨ ਵਿੱਚ ਮਦਦਗਾਰ ਸਾਬਿਤ ਹੋਣਗੇ।
ਸ੍ਰੀ ਬਾਜਵਾ ਨੇ ਸ਼ਹਿਰੀ ਦੀ ਬਿਹਤਰ ਯੋਜਨਾਕਾਰੀ ਲਈ ਮਹਿਲਾਵਾਂ ਦੀ ਬਰਾਬਰ ਦੀ ਨੁਮਾਇੰਦਗੀ ਤੇ ਭਾਗੀਦਾਰੀ ਉੱਤੇ ਵੀ ਜ਼ੋਰ ਦਿੱਤਾ। ਉਨਾਂ ਕਿਹਾ ਕਿ ਪਰਿਵਾਰ ਵਰਗੀ ਛੋਟੀ ਜਿਹੀ ਇਕਾਈ ਵੀ ਔਰਤ ਦੀ ਭਾਗੀਦਾਰੀ ਤੋਂ ਬਿਨਾਂ ਪੂਰਨ ਰੂਪ ਵਿੱਚ ਖੁਸ਼ਹਾਲ ਤੇ ਵਿਕਸਿਤ ਨਹੀਂ ਹੋ ਸਕਦੀ। ਨੁਮਾਇੰਦਿਆਂ ਦਾ ਸਵਾਗਤ ਕਰਦਿਆਂ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਯੋਜਨਾਕਾਰਾਂ ਨੂੰ ਕਿਹਾ ਯੋਜਨਾਬੰਦੀ ਦੇ ਮਹੱਤਵਪੂਰਨ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਤਾਂ ਜੋ ਗ਼ੈਰ-ਕਾਨੂੰਨੀ ਕਾਲੋਨੀਆਂ ਨੂੰ ਸ਼ੁਰੂ ਵਿੱਚ ਹੀ ਵਿਕਸਿਤ ਹੋਣ ਤੋਂ ਰੋਕ ਦਿੱਤਾ ਜਾਵੇ।
ਇਸ ਦੌਰਾਨ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ, ਸ੍ਰੀਮਤੀ ਵਿੰਨੀ ਮਹਾਜਨ ਨੇ ਕਿਹਾ ਕਿ ਮਾਸਟਰ ਪਲਾਨ ਦੀ ਤਿਆਰੀ ਲਈ ਨਵੀਂ ਤਕਨਾਲੋਜੀ ਜਿਵੇਂ ਡਰੋਨ ਸਰਵੇਖਣ, ਸੈਟੀਲਾਈਟ ਸਰਵੇਖਣ ਦਾ ਪੂਰਾ ਫਾਇਦਾ ਲੈਣ ਦੀ ਲੋੜ ਹੈ ਤਾਂ ਕਿ ਭਵਿੱਖ ਵਿੱਚ ਨਵੇਂ ਸ਼ਹਿਰਾਂ ਦੀ ਵਧੀਆ ਤੋਂ ਵਧੀਆ ਯੋਜਨਾਬੰਦੀ ਕੀਤੀ ਜਾ ਸਕੇ। ਉਨਾਂ ਨੇ ਇਸ ਮੀਟਿੰਗ ਦੀ ਕਾਮਯਾਬੀ ਲਈ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ। ਆਈ.ਟੀ.ਪੀ.ਆਈ ਦੇ ਪ੍ਰਧਾਨ ਡਾ. ਡੀਐਸ ਮੇਸ਼ਰਾਮ ਨੇ ਆਪਣੇ ਭਾਸ਼ਣ ਦੌਰਾਨ ਕਾਂਗਰਸ ਦੇ ਮੁੱਖ ਵਿਸ਼ੇ 'ਭੂਮੀ ਨੀਤੀਆਂ ਤੇ ਸ਼ਹਿਰੀ ਯੋਜਨਾਬੰਦੀ' ਬਾਰੇ ਜਾਣਕਾਰੀ ਸਾਂਝੀ ਕੀਤੀ।
ਉਨਾਂ ਦੱਸਆ ਕਿ ਵੱਖ ਵੱਖ ਸੈਸ਼ਨਾ ਦੌਰਾਨ ਉਦਯੋਗਕ ਵਿਕਾਸ ਸਬੰਧੀ ਨੀਤੀ, ਲੈਂਡ ਪ੍ਰੋਕਿਓਰਮੈਂਟ ਮੈਥਡ ਤੇ ਰੀਡਿਵੈਲਪਮੈਂਟ ਅਤੇ ਲੈਂਡ ਐਕੁਈਜ਼ੀਸਨ ਐਂਡ ਅਸੈਂਬਲੀ ਆਦਿ ਵਿਸ਼ੇ ਵੀ ਵਿਚਾਰੇ ਜਾਣਗੇ। ਸ੍ਰੀ ਪ੍ਰਦੀਪ ਕਪੂਰ, ਜਨਰਲ ਸਕੱਤਰ ਆਈਟੀਪੀਆਈ ਅਤੇ ਸ੍ਰੀ ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਆਈਟੀਪੀਆਈ ਅਤੇ ਸੀਟੀਪੀ, ਪੰਜਾਬ ਨੇ ਮਹਿਮਾਨਾਂ ਦਾ ਸਵਾਗਤ ਕੀਤੀ ਅਤੇ ਕਿਹਾ ਕਿ ਦੇਸ਼ ਭਰ ਵਿੱਚੋਂ 500 ਤੋਂ ਵੱਧ ਨੁਮਾਇੰਦੇ ਇਸ ਤਿੰਨ ਰੋਜ਼ਾ ਕੌਮੀ ਕਾਂਗਰਸ ਵਿੱਚ ਸ਼ਿਰਕਤ ਕਰ ਰਹੇ ਹਨ। ਇਸ 67ਵੀਂ ਕੌਂਗਰਸ ਮੌਕੇ ਸ੍ਰੀ ਵੀ ਸਿੰਘ ਬਦਨੌਰ ਨੇ ਹੋਰਾਂ ਮਹਿਮਾਨਾਂ ਦੇ ਨਾਲ ਸੋਵੀਨਾਰ ਵੀ ਜਾਰੀ ਕੀਤਾ।