
ਕਰੀਬ ਪੰਜ ਲੱਖ ਰੁਪਏ ਅਤੇ ਗਾਰਡ ਦੀ ਬੰਦੂਕ ਲੈ ਕੇ ਹੋਏ ਫਰਾਰ
ਪੱਟੀ (ਅਜੀਤ ਸਿੰਘ ਘਰਿਆਲਾ/ਪ੍ਰਦੀਪ): ਸ਼ਹਿਰ ਦੀ ਦਾਣਾ ਮੰਡੀ ਨੇੜੇ ਬੈਂਕ ਆਫ ਬੜੌਦਾ ਬ੍ਰਾਂਚ ਪੱਟੀ ਵਿਖੇ ਦੁਪਿਹਰ ਵੇਲੇ ਚਾਰ ਹਥਿਆਰ ਬੰਦ ਲੁਟੇਰਿਆਂ ਨੇ ਬੈਂਕ ਅੰਦਰ ਦਾਖਲ ਹੋ ਕੇ ਸਟਾਫ਼ ਨੂੰ ਬੰਦੀ ਬਨਾਉਣ ਉਪਰੰਤ ਕੈਸ਼ੀਅਰ ਕੋਲੋਂ ਕਰੀਬ ਪੰਜ ਲੱਖ ਰੁਪਏ ਨਗਦੀ ਖੋਹ ਲਈ ਅਤੇ ਜਾਂਦੇ ਹੋਏ ਬੈਂਕ ਗਾਰਡ ਕੋਲੋਂ 12 ਬੋਰ ਦੁਨਾਲੀ ਬੰਦੂਕ ਵੀ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀ ਹੋਇਆ।
ਇਸ ਮੌਕੇ ਬੈਂਕ ਮੈਨੇਜਰ ਕਮਲਦੀਪ ਸਿੰਘ ਨੇ ਦੱਸਿਆ ਕਿ ਚਾਰ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਅੰਦਰ ਦਾਖਲ਼ ਹੋ ਕੇ ਸਟਾਫ ਨੂੰ ਬੰਦੀ ਬਣਾ ਕੇ ਗਾਰਡ ਕੋਲੋਂ ਬੰਦੂਕ ਖੋਹ ਲਈ। ਉਹਨਾਂ ਦੱਸਿਆ ਜਾਂਦੇ-ਜਾਂਦੇ ਲੁਟੇਰੇ ਬੈਂਕ ਵਿਚ ਸੀਸੀਟੀਟੀਵੀ ਦੀ ਡੀਵੀਆਰ ਅਤੇ ਇੰਟਰਨੈੱਟ ਸਿਸਟਮ ਵੀ ਉਖਾੜ ਕੇ ਨਾਲ ਲੈ ਗਏ ਹਨ। ਇਸ ਦੌਰਾਨ ਬੈਂਕ ਵਿਚ ਗਾਹਕ ਵੀ ਮੌਜੂਦ ਸਨ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਬੈਂਕ ਮੈਨਜਰ ਨੇ ਦੱਸਿਆ ਕਿ ਉਹਨਾਂ ਵਲੋਂ ਤਰੁੰਤ ਪੁਲਿਸ ਥਾਣ ਸਿਟੀ ਪੱਟੀ ਅਤੇ ਪੀਸੀਆਰ ਨੂੰ ਸੂਚਿਤ ਕੀਤਾ ਗਿਆ ਹੈ। ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਪੁਲਿਸ ਪਾਰਟੀ ਸਮੇਤ ਘਟਨਾ ਦਾ ਜਾਇਜ਼ਾ ਲੈਣ ਆਏ ਮਨਿੰਦਰਪਾਲ ਸਿੰਘ ਡੀਐਸਪੀ ਨੇ ਦੱਸਿਆ ਕਿ ਉਕਤ ਲੁਟੇਰੇ ਅਪੋਲੋ ਕਾਰ ਵਿਚ ਆਏ ਸਨ, ਅੱਗੇ ਜਾ ਕੇ ਉਹ ਕਾਰ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਲੁਟੇਰਿਆਂ ਦੀ ਕਾਰ ਬਰਾਮਦ ਕਰ ਲਈ ਹੈ, ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਵੀ ਜਲਦ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।