
ਵੈਸੇ ਤਾਂ ਪੰਜਾਬ ਵਿਚੋਂ ਅਨੇਕਾਂ ਪੰਛੀਆਂ, ਜਾਨਵਰਾਂ ਅਤੇ ਕੀੜੇ ਮਕੌੜਿਆਂ ਦੀਆਂ ਪ੍ਰਜਾਤੀਆਂ ਦਿਨੋਂ ਦਿਨ ਅਲੋਪ ਹੋ ਰਹੀਆਂ ਹਨ ਪਰ ਹੁਣ ਲਗਦਾ ਹੈ ਕਿ ਜਿਵੇਂ ਮੋਰ ਵੀ...
ਅਮਰਗੜ੍ਹ, 24 ਜੁਲਾਈ (ਬਲਵਿੰਦਰ ਸਿੰਘ ਭੁੱਲਰ) : ਵੈਸੇ ਤਾਂ ਪੰਜਾਬ ਵਿਚੋਂ ਅਨੇਕਾਂ ਪੰਛੀਆਂ, ਜਾਨਵਰਾਂ ਅਤੇ ਕੀੜੇ ਮਕੌੜਿਆਂ ਦੀਆਂ ਪ੍ਰਜਾਤੀਆਂ ਦਿਨੋਂ ਦਿਨ ਅਲੋਪ ਹੋ ਰਹੀਆਂ ਹਨ ਪਰ ਹੁਣ ਲਗਦਾ ਹੈ ਕਿ ਜਿਵੇਂ ਮੋਰ ਵੀ ਅਲੋਪ ਹੋ ਗਏ ਹਨ। ਇਹ ਸਚਾਈ ਨਹੀਂ ਕਿ ਮੋਰ ਖ਼ਤਮ ਹੋ ਗਏ ਪਰ ਮੋਰਾਂ ਦੀਆਂ ਕੂਕਾਂ ਕੁੱਝ ਹੋਰ ਕਾਰਨਾਂ ਕਰ ਕੇ ਸੁਣਾਈ ਨਹੀਂ ਦਿੰਦੀਆਂ। ਪਹਿਲਾਂ ਪਿੰਡਾਂ ਦੇ ਆਲੇ ਦੁਆਲੇ ਰੁੱਖ ਹੀ ਰੁੱਖ ਹੋਇਆ ਕਰਦੇ ਸਨ ਤੇ ਲੋਕ ਅਪਣੇ ਕੋਠਿਆਂ 'ਤੇ ਮੋਰਾਂ ਲਈ ਦਾਣੇ ਪਾਉਂਦੇ ਸਨ ਤੇ ਉਹੀ ਮੋਰ ਸਾਉਣ ਦੀ ਘਟਾ ਦੇਖ ਕੇ ਉਚੀ ਉਚੀ ਕੂਕਦੇ ਤੇ ਪੈਲਾਂ ਪਾਉਂਦੇ। ਹੁਣ ਨਾ ਦਰੱਖ਼ਤ ਰਹੇ, ਨਾ ਪਹਿਲਾਂ ਵਰਗੇ ਲੋਕ ਰਹੇ ਤੇ ਨਾ ਹੀ ਪਹਿਲਾਂ ਵਾਂਗ ਸਾਉਦ ਦੀਆਂ ਘਟਾਵਾਂ ਚੜ੍ਹ ਕੇ ਆਉਂਦੀਆਂ ਹਨ ਤੇ ਜੇ ਆਉਂਦੀਆਂ ਵੀ ਹਨ ਤਾਂ ਕਿਸੇ ਕੋਲ ਮਾਣਨ ਦਾ ਸਮਾਂ ਨਹੀਂ।
ਮੋਰ ਬੇਸ਼ੱਕ ਸਾਡਾ ਰਾਸ਼ਟਰੀ ਪੰਛੀ ਹੈ ਪਰ ਬਹੁਤੇ ਬੱਚਿਆਂ ਨੇ ਇਸ ਪੰਛੀ ਦੀਆਂ ਸਿਰਫ਼ ਕਿਤਾਬੀ ਤਸਵੀਰਾਂ ਹੀ ਵੇਖੀਆਂ ਹਨ। ਇਹ ਪੰਛੀ ਉੱਚੇ ਲੰਮੇ ਅਤੇ ਪੁਰਾਣੇ ਦਰੱਖ਼ਤਾਂ ਦੇ ਵਿਸ਼ਾਲ ਝੁੰਡਾਂ ਵਿਚ ਰਹਿਣਾ ਪਸੰਦ ਕਰਦਾ ਹੈ ਅਤੇ ਅਜਿਹੇ ਵਿਰਾਸਤੀ ਦਰੱਖ਼ਤਾਂ ਦੀ ਬਲੀ ਸਾਡੇ ਅਜੋਕੇ ਵਿਕਾਸ ਨੇ ਲੈ ਲਈ ਹੈ। ਇਹ ਗੱਲ ਵੀ ਕੁਦਰਤ ਦੇ ਕਰਿਸ਼ਮੇ ਨਾਲੋਂ ਘੱਟ ਨਹੀਂ ਕਿ ਮਨੁੱਖ ਦੇ ਨਾਲ-ਨਾਲ ਪੰਛੀ ਵੀ ਅਪਣੀ ਜੀਵਨ ਸ਼ੈਲੀ ਵਿਚ ਤਬਦੀਲੀ ਲਿਆ ਰਹੇ ਹਨ ਅਤੇ ਅਪਣੇ ਆਪ ਨੂੰ ਬਚਾਉਣ ਵਾਸਤੇ ਹਰ ਢੰਗ ਅਤੇ ਹਰ ਤਰੀਕਾ ਵਰਤ ਰਹੇ ਹਨ। ਜਿਹੜੇ ਮੋਰ ਪਹਿਲਾਂ ਮਨੁੱਖ ਦੇ ਕੋਲ ਕੋਲ ਰਹਿੰਦੇ ਸਨ, ਉਨ੍ਹਾਂ ਨੇ ਵੀ ਮਨੁੱਖ ਤੋਂ ਦੂਰੀ ਬਣਾ ਲਈ ਜਿਸ ਕਾਰਨ ਹੁਣ ਨਾ ਮੋਰ ਦਿਖਾਈ ਦਿੰਦੇ ਹਨ ਤੇ ਨਾ ਹੀ ਉਨ੍ਹਾਂ ਦੀ ਮਿੱਠੀ ਕੂਕ ਕੰਨਾਂ ਵਿਚ ਰਸ ਘੋਲਦੀ ਹੈ। ਆਉ ਸਾਰੇ ਮਿਲ ਕੇ ਯਤਨ ਕਰੀਏ ਕਿ ਪੰਛੀਆਂ ਤੇ ਜਾਨਵਰਾਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਬਚਾਈਆਂ ਜਾ ਸਕਣ।