
ਕੈਸ਼ ਕ੍ਰੈਡਿਟ ਲਿਸਟ 19,240 ਕਰੋੜ ਦੀ ਜਾਰੀ ; 435 ਵੱਡੇ ਕੇਂਦਰਾਂ ਸਮੇਤ ਕੁਲ 1830 ਖ਼ਰੀਦ ਕੇਂਦਰ ਬਣਾਏ
ਚੰਡੀਗੜ੍ਹ : ਉਂਜ ਤਾਂ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਪਹਿਲੀ ਅਪ੍ਰੈਲ ਤੋਂ ਪੰਜਾਬ ਦੀਆਂ ਮੰਡੀਆਂ 'ਚੋਂ ਕਣਕ ਦੀ ਖ਼ਰੀਦ ਦਾ ਬੰਦੋਬਸਤ ਕੀਤਾ ਗਿਆ ਹੈ ਪਰ ਮੌਸਮ ਫ਼ਰਵਰੀ-ਮਾਰਚ 'ਚ ਠੰਢਾ ਤੇ ਮੀਂਹ ਵਾਲਾ ਰਹਿਣ ਕਰ ਕੇ ਫ਼ਸਲ ਅਜੇ ਪੂਰੀ ਪੱਕੀ ਨਹੀਂ ਅਤੇ ਕਟਾਈ-ਗਹਾਈ ਦੀ ਸ਼ੁਰੂਆਤ 15 ਅਪ੍ਰੈਲ ਤੋਂ ਬਾਅਦ ਹੀ ਹੋਵੇਗੀ। ਅਪਣੇ ਮੰਡੀ ਬੋਰਡ ਭਵਨ 'ਚ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਸ: ਲਾਲ ਸਿੰਘ ਨੇ ਦਸਿਆ ਕਿ 26 ਲੱਖ ਹੈਕਟੇਅਰ ਦੇ ਰਕਬੇ 'ਤੇ ਬੀਜੀ ਕਣਕ ਦੀ ਫ਼ਸਲ ਦਾ ਝਾੜ ਐਤਕੀਂ ਵਾਧੂ ਹੋਵੇਗਾ ਅਤੇ ਪਿਛਲੇ ਸਾਲ 'ਚ ਹੋਈ 120 ਲੱਖ ਟਨ ਦੀ ਖ਼ਰੀਦ ਨਾਲੋਂ ਐਤਕੀਂ 8.33 ਫ਼ੀ ਸਦੀ ਜ਼ਿਆਦਾ ਯਾਨੀ 130 ਲੱਖ ਟਨ ਤੋਂ ਵੱਧ ਕਣਕ ਦੀ ਖ਼ਰੀਦ ਕੀਤੀ ਜਾਣ ਦੀ ਆਸ ਹੈ।
Wheat procurement-1
ਕਿਸਾਨਾਂ ਦਾ ਦਾਣਾ-ਦਾਣਾ ਚੁਕਣ ਦਾ ਵਾਅਦਾ ਕਰਦੇ ਹੋਏ ਸ. ਲਾਲ ਸਿੰਘ ਨੇ ਦਸਿਆ ਕਿ ਰਿਜ਼ਰਵ ਬੈਂਕ ਰਾਹੀਂ ਪੰਜਾਬ ਦੀਆਂ 5 ਏਜੰਸੀਆਂ ਮਾਰਕਫ਼ੈੱਡ, ਪਨਗ੍ਰੇਨ, ਪਨਸਪ, ਵੇਅਰ-ਹਾਊਸਿੰਗ ਕਾਰਪੋਰੇਸ਼ਨ ਅਤੇ ਪੰਜਾਬ ਐਗਰੋ ਕਾਰਪੋਰੇਸ਼ਨ ਅਤੇ ਕੇਂਦਰ ਦੀ ਇਕੋ-ਇਕ ਐਫ਼ਸੀਆਈ ਵਲੋਂ ਕਣਕ ਖ਼੍ਰੀਦਣ ਵਾਸਤੇ 19240 ਕਰੋੜ ਦੀ ਕੈਸ਼-ਕ੍ਰੈਡਿਟ ਲਿਮਟ ਜਾਰੀ ਹੋ ਗਈ ਹੈ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ 48 ਘੰਟੇ ਅੰਦਰ ਅੰਦਰ ਕਰ ਦਿਤੀ ਜਾਵੇਗੀ। ਮੰਡੀ ਬੋਰਡ ਦੇ ਚੇਅਰਮੈਨ ਦਾ ਕਹਿਣਾ ਸੀ ਕਿ ਵੱਡੇ ਤੇ ਛੋਟੇ ਸ਼ਹਿਰਾਂ ਸਮੇਤ ਵੱਡੇ ਕਸਬਿਆਂ 'ਚ 151 ਮੁੱਖ ਯਾਰਡ ਅਤੇ 284 ਸਬ-ਯਾਰਡ ਪੱਕੇ ਬਣਾਏ ਹੋਏ ਹਨ, ਜੋ ਸਾਰਾ ਸਾਲ ਝੋਨਾ, ਕਣਕ, ਸਰੋਂ ਦਾਲਾਂ ਤੇ ਮੱਕੀ ਸਮੇਤ ਹੋਰ ਫ਼ਸਲਾਂ ਖ਼ਰੀਦਦੇ ਹਨ।
Wheat procurement-2
ਕਣਕ ਖ਼੍ਰੀਦ ਲਈ 1395 ਹੋਰ ਖ਼ਰੀਦ ਕੇਂਦਰ ਸਥਾਪਤ ਕੀਤੇ ਹਨ ਜਿਨ੍ਹਾਂ ਵਿਚ ਕੁਲ 1830 ਕੇਂਦਰਾਂ 'ਚ ਕਿਸਾਨ ਅਪਣੀ ਫ਼ਸਲ ਟ੍ਰਾਲੀਆਂ 'ਚ ਲਿਆਉਣਗੇ। ਲੋਕ ਸਭਾ ਚੋਣਾਂ ਲਈ 10 ਮਾਰਚ ਸ਼ਾਮ ਤੋਂ ਲੱਗੇ ਚੋਣ ਜ਼ਾਬਤੇ ਦੀ ਅੜਚਨ ਸਬੰਧੀ ਸ. ਲਾਲ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਆਗਿਆ ਨਾਲ 19,240 ਕਰੋੜ ਦੀ ਰਾਸ਼ੀ ਜਾਰੀ ਹੋ ਗਈ ਹੈ ਅਤੇ ਮੰਡੀਆਂ ਦੀ ਸਾਫ਼ ਸਫ਼ਾਈ, ਪਾਣੀ-ਬਿਜਲੀ ਪ੍ਰਬੰਧ, ਸਟਾਫ਼, ਲੇਬਰ ਨਿਯੁਕਤ ਕਰਨ ਲਈ ਹਰੀ ਝੰਡੀ ਮਿਲ ਚੁੱਕੀ ਹੈ। ਟੈਂਡਰ ਲੱਗ ਚੁੱਕੇ ਹਨ ਅਤੇ ਅਗਲੇ 10 ਦਿਨਾਂ 'ਚ 15 ਅਪ੍ਰੈਲ ਤਕ ਸਭ ਤਿਆਰੀਆਂ ਤਹਿਤ ਫ਼ੂਡ-ਸਪਲਾਈ ਮਹਿਕਮਾ ਪੂਰਾ ਫਿੱਟ ਹੋ ਕੇ ਖ਼ਰੀਦ ਸ਼ੁਰੂ ਕਰ ਦੇਵੇਗਾ।
Wheat
ਸ. ਲਾਲ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਦੇ 1735 ਰੁਪਏ ਫ਼ੀ ਕੁਇੰਟਲ ਕਣਕ ਦੇ ਰੇਟ ਨਾਲੋਂ ਐਤਕੀਂ ਕੇਂਦਰ ਸਰਕਾਰ ਨੇ 105 ਰੁਪਏ ਜ਼ਿਆਦਾ ਯਾਨੀ 1840 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਤੈਅ ਕੀਤਾ ਹੋਇਆ ਹੈ। ਇਸ ਵਾਧੂ ਰੇਟ ਅਤੇ ਵੱਧ ਝਾੜ ਕਰ ਕੇ ਪੰਜਾਬ 'ਚੋਂ ਕਣਕ ਖ਼ਰੀਦ ਨਾਲ ਮੰਡੀ ਬੋਰਡ ਨੂੰ 3 ਫ਼ੀ ਸਦੀ ਰੇਟ ਨਾਲ ਵਾਧੂ ਫ਼ੀਸ ਆਮਦਨ ਹੋਵੇਗੀ ਜੋ ਇਸ ਸੀਜ਼ਨ 'ਚ 2000 ਕਰੋੜ ਤਕ ਅੱਪੜ ਜਾਵੇਗੀ।
Wheat procurement-3
ਸ. ਲਾਲ ਸਿੰਘ ਨੇ ਦਸਿਆ ਕਿ ਜੂਨ ਮਹੀਨੇ ਦੇ ਅੰਤ ਤਕ ਬਰਸਾਤਾਂ ਤੋਂ ਪਹਿਲਾਂ 31000 ਕਰੋੜ ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ 3000 ਕਰੋੜ ਦੀ ਕੁਲ ਰਕਮ ਨਾਲ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਜ਼ਰੂਰ ਪੂਰੀ ਕਰੇਗਾ। ਚੇਅਰਮੈਨ ਨੇ ਆਸ ਪ੍ਰਗਟ ਕੀਤੀ ਕਿ ਜੇ ਮੌਸਮ ਅਪ੍ਰੈਲ-ਮਈ 'ਚ ਪੂਰਾ ਗਰਮ ਰਿਹਾ ਅਤੇ ਹਲਕੀ ਬਾਰਸ਼ ਨਾ ਹੋਈ ਤਾਂ 130 ਲੱਖ ਟਨ ਕਣਕ ਦੀ ਖ਼ਰੀਦ ਦਾ ਕੰਮ ਆਉਂਦੇ ਇਕ ਮਹੀਨੇ 'ਚ ਸਿਰੇ ਚਾੜ੍ਹ ਦਿਤਾ ਜਾਵੇਗਾ।