
ਬਰਨਾਲਾ ਜੇਲ ਸੁਪਰਡੈਂਟ ਨੇ ਸਿੱਖ ਕੈਦੀ ਦੀ ਪਿੱਠ ਤੇ ਗਰਮ ਸਲਾਖਾਂ ਨਾਲ ਲਿਖਿਆ ‘ਅਤਿਵਾਦੀ’
ਕੈਦੀ ਕਰਮਜੀਤ ਸਿੰਘ ਨੇ ਕੁੱਟਮਾਰ ਦੇ ਦੋਸ਼ ਵੀ ਲਗਾਏ
ਮਾਨਸਾ, 3 ਨਵੰਬਰ (ਸੁਖਵੰਤ ਸਿੰਘ ਸਿੱਧੂ) : ਬਰਨਾਲਾ ਜੇਲ ’ਚ ਬੰਦ ਹਵਾਲਾਤੀ ਕਰਮਜੀਤ ਸਿੰਘ ਦੀ ਪਿੱਠ ਤੇ ਜੇਲ ਸੁਪਰਡੈਂਟ ਵਲੋਂ ਅਤਿਵਾਦੀ ਲਿਖਣ ਦੇ ਦੋਸ਼ ਲਗਾਏ ਗਏ ਹਨ ਅਤੇ ਉਸ ਦੀ ਜੇਲ ਵਿਚ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਹਨ ਅਤੇ ਜੇਲ ਪ੍ਰਸ਼ਾਸਨ ’ਤੇ ਵੱਡੇ ਸਵਾਲ ਖੜੇ ਹੋ ਰਹੇ ਹਨ।
ਮਾਨਸਾ ਮਾਨਯੋਗ ਅਦਾਲਤ ਵਿਚ ਪੇਸ਼ੀ ਭੁਗਤਣ ਆਏ ਕਰਮਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਬਰਨਾਲਾ ਜੇਲ ਦੇ ਸੁਪਰਡੈਂਟ ਬਲਵੀਰ ਸਿੰਘ ਵਲੋਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਸ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ। ਉਸ ਨੇ ਦਸਿਆ ਕਿ ਇਹ ਸੁਪਰਡੈਂਟ ਸਾਬਕਾ ਫ਼ੌਜੀ ਹੈ ਜੋ ਕਿ ਕੈਦੀਆਂ ਨਾਲ ਮਾੜਾ ਵਿਵਹਾਰ ਕਰਦਾ ਹੈ ਅਤੇ ਜੇਲ ਵਿਚ ਗੁਰਦੁਆਰਾ ਸਾਹਿਬ ਵਿਚ ਉਨ੍ਹਾਂ ਨੂੰ ਨਿਤਨੇਮ ਵੀ ਨਹੀਂ ਕਰਨ ਦਿਤਾ ਜਾਂਦਾ ਅਤੇ ਉਨ੍ਹਾਂ ਦੀ ਪੱਗ ਲਾਹ ਕੇ ਕੇਸਾਂ ਦੀ ਬੇਅਦਬੀ ਕੀਤੀ ਜਾਂਦੀ ਹੈ। ਇਸ ਘਟਨਾ ਦੀ ਕਹਾਣੀ ਸੁਣਨ ਤੋਂ ਬਾਅਦ ਮਾਨਸਾ ਦੀ ਅਦਾਲਤ ਨੇ ਬਰਨਾਲਾ ਦੀ ਅਦਾਲਤ ਨੂੰ ਪੀੜਤ ਦਾ ਮੈਡੀਕਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ
ਉਧਰ ਜੇਲ ਸੁਪਰਡੈਂਟ ਬਲਵੀਰ ਸਿੰਘ ਨੇ ਅਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਕਰਮਜੀਤ ਸਿੰਘ ਨਾਮ ਦਾ ਇਹ ਵਿਅਕਤੀ ਇਸ ਤੋਂ ਪਹਿਲਾਂ ਵੀ ਕਈ ਜੇਲਾਂ ਵਿਚ ਰਹਿ ਚੁਕਿਆ ਹੈ ਅਤੇ ਅੰਦਰ ਜੋ ਸ਼ਰੀਫ਼ ਹਵਾਲਾਤੀ ਨੇ ਉਨ੍ਹਾਂ ਉਪਰ ਅਪਣਾ ਦਬਦਬਾ ਬਣਾਉਂਦਾ ਹੈ ਅਤੇ ਉਨ੍ਹਾਂ ਨਾਲ ਲੜਾਈ-ਝਗੜਾ ਕਰਦਾ ਹੈ। ਇਹ ਵਿਅਕਤੀ ਮੋਬਾਈਲ ਰੱਖਣ ਦਾ ਆਦੀ ਹੈ
ਅਤੇ ਇਸ ਤੋਂ ਮੋਬਾਈਲ ਫੜੇ ਵੀ ਗਏ ਸਨ ਅਤੇ ਇਹ ਹਰ ਵਾਰ ਪ੍ਰਸ਼ਾਸਨ ਨੂੰ ਇਸੇ ਤਰ੍ਹਾਂ ਹੀ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਇਸ ਦੀ ਇੱਛਾ ਹੁੰਦੀ ਹੈ ਕਿ ਇਸ ਕੋਲ ਹਮੇਸ਼ਾ ਮੋਬਾਈਲ ਫ਼ੋਨ ਰਹੇ।
ਜੇਲ ਸੁਪਰਡੈਂਟ ਨੇ ਦਸਿਆ ਕਿ ਇਸ ਵਿਅਕਤੀ ਵਿਰੁਧ 11 ਮੁਕੱਦਮੇ ਦਰਜ ਹਨ ਅਤੇ ਇਕ ਵਿਚ ਇਸ ਨੂੰ ਕੈਦ ਹੋਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਤੋਂ ਪਹਿਲਾਂ ਇਹ ਕੈਦੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੌਰਾਨ ਭੱਜ ਵੀ ਗਿਆ ਸੀ।