ਕੋਟਕਪੂਰਾ : ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਤੇ ਅਕਾਲੀ ਦਲ ਬਾਦਲ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਦੀ ਅਗਾਉਂ ਜਮਾਨਤ (ਬਲੈਂਕਟ ਬੇਲ) ਸਬੰਧੀ ਜ਼ਿਲ੍ਹਾ ਤੇ ਸੈਸ਼ਨ...
ਕੋਟਕਪੂਰਾ : ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਤੇ ਅਕਾਲੀ ਦਲ ਬਾਦਲ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਦੀ ਅਗਾਉਂ ਜਮਾਨਤ (ਬਲੈਂਕਟ ਬੇਲ) ਸਬੰਧੀ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ ਸੁਣਵਾਈ 6 ਮਾਰਚ ਦਿਨ ਬੁਧਵਾਰ ਤਕ ਟਾਲ ਦਿਤੀ ਹੈ। ਦੋਨਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਕਤ ਫ਼ੈਸਲਾ ਇਕ ਦਿਨ ਲਈ ਰਾਖਵਾਂ ਰੱਖ ਲਿਆ। ਹੁਣ 6 ਮਾਰਚ ਨੂੰ ਇਸ ਅਦਾਲਤ 'ਚ ਮਨਤਾਰ ਸਿੰਘ ਬਰਾੜ ਦੇ ਨਾਲ-ਨਾਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੀ ਜ਼ਮਾਨਤ ਅਰਜ਼ੀ 'ਤੇ ਵੀ ਸੁਣਵਾਈ ਹੋਵੇਗੀ। 
ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ 'ਚ ਕੁਝ ਕੁ ਦਿਨ ਪਹਿਲਾਂ ਅਰਜ਼ੀ ਦਾਇਰ ਕਰ ਕੇ ਖ਼ਦਸ਼ਾ ਜਤਾਇਆ ਸੀ ਕਿ ਕੋਟਕਪੂਰਾ ਅਤੇ ਬਹਿਬਲ ਵਿਖੇ ਵਾਪਰੇ ਗੋਲਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਉਸ ਨੂੰ ਕਿਸੇ ਮੁਕੱਦਮੇ ਵਿਚ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਲਈ ਉਸ ਨੂੰ ਬਲੈਂਕਟ ਬੇਲ ਦਿਤੀ ਜਾਵੇ।
ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਅਸ਼ੋਕਾ ਨੇ ਐਸਆਈਟੀ ਵਲੋਂ ਮਨਤਾਰ ਸਿੰਘ ਬਰਾੜ ਵਿਰੁਧ ਸਾਹਮਣੇ ਆਏ ਸਬੂਤਾਂ ਨੂੰ ਸੀਲਬੰਦ ਲਿਫ਼ਾਫ਼ਾ ਅਦਾਲਤ ਨੂੰ ਸੌਂਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਸ਼ੱਕੀ ਭੂਮਿਕਾ ਸਾਹਮਣੇ ਆਈ ਸੀ। 
ਪਹਿਲੀ ਰੀਪੋਰਟ ਅਨੁਸਾਰ ਘਟਨਾ ਵਾਲੇ ਦਿਨ ਮਨਤਾਰ ਬਰਾੜ ਨੇ ਅਪਣੇ ਫ਼ੋਨ 'ਤੇ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਸੀ ਤੇ ਉਸ ਦਿਨ ਮਨਤਾਰ ਦੀ ਗਗਨਦੀਪ ਨਾਲ 4 ਵਾਰ ਫ਼ੋਨ 'ਤੇ ਗੱਲਬਾਤ ਹੋਈ ਸੀ। 
ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਫ਼ਰੀਦਕੋਟ ਦੇ ਐਸਡੀਐਮ ਰਹੇ ਵੀ.ਕੇ. ਸਿਆਲ ਨੇ ਖੁਲਾਸਾ ਕੀਤਾ ਸੀ ਕਿ ਮਨਤਾਰ ਸਿੰਘ ਬਰਾੜ ਨੇ ਉਸਦੇ ਸਾਹਮਣੇ ਮੁੱਖ ਮੰਤਰੀ ਨੂੰ ਆਖਿਆ ਸੀ ਕਿ ਕੋਟਕਪੂਰੇ ਦੇ ਹਾਲਾਤ ਕਾਫੀ ਖ਼ਰਾਬ ਹੋ ਚੁੱਕੇ ਹਨ ਅਤੇ ਜੇਕਰ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਧਰਨਾਕਾਰੀਆਂ ਦੀ ਤਾਦਾਦ ਹਜ਼ਾਰਾਂ 'ਚ ਪਹੁੰਚ ਸਕਦੀ ਹੈ। ਫ਼ੋਨ 'ਤੇ ਗੱਲਬਾਤ ਖ਼ਤਮ ਹੋਣ ਉਪਰੰਤ ਉਸ ਨੇ ਆਖਿਆ ਕਿ ਮੁੱਖ ਮੰਤਰੀ, ਡੀਜੀਪੀ ਨਾਲ ਗੱਲ ਕਰ ਕੇ ਉਸ ਨੂੰ ਨਿਰਦੇਸ਼ ਜਾਰੀ ਕਰਨਗੇ। 
                    
                