
ਕੋਟਕਪੂਰਾ : ਭਾਵੇਂ ਸਾਬਕਾ ਐਸ.ਪੀ. ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਦੀਆਂ ਫ਼ਰੀਦਕੋਟ ਤੇ ਹਾਈ ਕੋਰਟ 'ਚ ਜ਼ਮਾਨਤ...
ਕੋਟਕਪੂਰਾ : ਭਾਵੇਂ ਸਾਬਕਾ ਐਸ.ਪੀ. ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਦੀਆਂ ਫ਼ਰੀਦਕੋਟ ਤੇ ਹਾਈ ਕੋਰਟ 'ਚ ਜ਼ਮਾਨਤ ਅਰਜ਼ੀਆਂ ਰੱਦ ਕਰਾਉਣ ਲਈ ਐਸਆਈਟੀ ਦੇ ਨਾਲ-ਨਾਲ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨਾਂ ਦੇ ਮਾਪੇ ਵੀ ਯਤਨਸ਼ੀਲ ਰਹੇ ਪਰ ਹੁਣ ਵੀ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰਾਉਣ ਲਈ ਪੀੜਤ ਪਰਵਾਰਾਂ ਦੇ ਵਕੀਲ ਵੀ ਕ੍ਰਮਵਾਰ 5 ਅਤੇ 6 ਮਾਰਚ ਨੂੰ ਅਦਾਲਤ 'ਚ ਮੌਜੂਦ ਰਹਿਣਗੇ। ਕਿਉਂਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ ਨੇ ਮਨਤਾਰ ਸਿੰਘ ਬਰਾੜ ਦੀ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ 5 ਮਾਰਚ ਅਤੇ ਉਮਰਾਨੰਗਲ ਦੀ ਅਰਜ਼ੀ 'ਤੇ 6 ਮਾਰਚ ਸੁਣਵਾਈ ਲਈ ਨਿਰਧਾਰਤ ਕੀਤੀ ਸੀ।
Behbal Kalan Police Firingਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਅਤੇ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਬਹਿਬਲ ਨੇ ਦਸਿਆ ਕਿ ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਕੈਪਟਨ ਸਰਕਾਰ ਵਲੋਂ ਗਠਤ ਕੀਤੀ ਐਸਆਈਟੀ ਦੀ ਨਿਰਪੱਖ ਜਾਂਚ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਐਸਆਈਟੀ ਦੇ ਨਾਲ-ਨਾਲ ਉਨ੍ਹਾਂ ਦੇ ਵਕੀਲ ਵੀ ਮਨਤਾਰ ਸਿੰਘ ਬਰਾੜ ਅਤੇ ਪਰਮਰਾਜ ਉਮਰਾਨੰਗਲ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰਾਉਣ ਲਈ ਯਤਨਸ਼ੀਲ ਰਹਿਣਗੇ। ਸੁਖਰਾਜ ਸਿੰਘ ਅਤੇ ਸਾਧੂ ਸਿੰਘ ਨੇ ਕੈਪਟਨ ਸਰਕਾਰ ਤੋਂ ਇਲਾਵਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੀਆਂ ਸੰਸਥਾਵਾਂ ਤੇ ਜਥੇਬੰਦੀਆਂ ਸਮੇਤ ਬਰਗਾੜੀ, ਬਹਿਬਲ ਤੇ ਕੋਟਕਪੂਰਾ ਵਿਖੇ ਵਾਪਰੀਆਂ ਦੁਖਦਾਇਕ ਘਟਨਾਵਾਂ ਦੀ ਜਾਂਚ ਕਰ ਰਹੀਆਂ ਏਜੰਸੀਆਂ ਤੋਂ ਮੰਗ ਕੀਤੀ ਕਿ ਉਕਤ ਘਟਨਾਵਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਵਾਲੇ ਸਮੇਂ ਦੇ ਹਾਕਮਾਂ ਨੂੰ ਕਾਬੂ ਕੀਤਾ ਜਾਵੇ।