
ਕਰੀਬ 15 ਦਿਨ ਪਹਿਲਾਂ ਹੋਇਆ ਸੀ ਹਰਜੀਤ ਸਿੰਘ ਦੇ ਪੁੱਤ ਦਾ ਵਿਆਹ
Punjab News: ਜ਼ਿਲ੍ਹਾ ਫਰੀਦਕੋਟ ਅਧੀਨ ਵਾਪਰੇ ਇਕ ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਾਦਿਕ ਤੋਂ ਕੁੱਝ ਦੂਰੀ ਉਤੇ ਪੈਂਦੇ ਐਸ.ਬੀ.ਆਰ.ਐਸ ਕਾਲਜ ਘੁੱਦੂਵਾਲਾ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ।
ਦਸਿਆ ਜਾ ਰਿਹਾ ਹੈ ਕਿ ਹਰਜੀਤ ਸਿੰਘ ਮਾਨ ਪੁੱਤਰ ਸਵ. ਹਰਨੇਕ ਸਿੰਘ ਫੌਜੀ ਅਪਣੇ ਪੁੱਤਰ ਰਮਨਦੀਪ ਸਿੰਘ ਅਤੇ ਇਕ ਹੋਰ ਨੌਜਵਾਨ ਨਾਲ ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ। ਪਿੰਡ ਤੋਂ ਸਿਰਫ਼ ਦੋ ਕਿਲੋਮੀਟਰ ਦੀ ਦੂਰੀ 'ਤੇ ਅਵਾਰਾ ਗਾਂ ਸੜਕ 'ਤੇ ਆ ਗਈ, ਜਿਸ ਨੂੰ ਬਚਾਉਣ ਦੇ ਚੱਕਰ ਵਿਚ ਸਕਾਰਪੀਓ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਬਣੇ ਸੇਮ ਨਾਲੇ ਵਿਚ ਜਾ ਡਿੱਗੀ। ਸੇਮ ਨਾਲੇ ਵਿਚ ਕਾਫੀ ਪਾਣੀ ਸੀ ਅਤੇ ਡਰਵਾਈਵਰ ਸੀਟ ਵਾਲਾ ਹਿੱਸਾ ਪਾਣੀ ਵਿਚ ਡੁੱਬ ਗਿਆ। ਹਰਜੀਤ ਸਿੰਘ ਅਪਣੇ ਆਪ ਬਾਹਰ ਨਹੀਂ ਨਿਕਲ ਸਕਿਆ। ਇਸ ਹਾਦਸੇ ਵਿਚ ਹਰਜੀਤ ਸਿੰਘ ਦਾ ਪੁੱਤਰ ਅਤੇ ਤੀਜਾ ਨੌਜਵਾਨ ਵਾਲ-ਵਾਲ ਬਚ ਗਏ।
ਹਾਦਸੇ ਬਾਰੇ ਜਦੋਂ ਨਜ਼ਦੀਕੀ ਕਾਲਜ ਦੇ ਮੁਲਾਜ਼ਮਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਕਾਰ ਦੇ ਸ਼ੀਸੇ ਤੋੜ ਕੇ ਹਰਜੀਤ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਦਿਕ ਦੇ ਸੰਧੂ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਨੁੰ ਦੇਖਦਿਆਂ ਫਰੀਦਕੋਟ ਹਸਪਤਾਲ ਲਿਜਾਣ ਦੀ ਸਲਾਹ ਦਿਤੀ ਪਰ ਹਸਪਤਾਲ ਨੂੰ ਜਾਂਦੇ ਰਸਤੇ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਮ੍ਰਿਤਕ ਹਰਜੀਤ ਸਿੰਘ ਦੇ ਪੁੱਤਰ ਅਤੇ ਧੀ ਆਸਟ੍ਰੇਲੀਆ ਰਹਿੰਦੇ ਹਨ। ਕਰੀਬ 15 ਦਿਨ ਪਹਿਲਾਂ ਹੀ ਉਨ੍ਹਾਂ ਦੇ ਪੁੱਤ ਦਾ ਵਿਆਹ ਹੋਇਆ ਸੀ ਅਤੇ ਉਹ ਵਾਪਸ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸ ਘਟਨਾ ਮਗਰੋਂ ਪਰਵਾਰ ਵਿਚ ਸੋਗ ਦੀ ਲਹਿਰ ਦੌੜ ਗਈ।
(For more Punjabi news apart from Punjab news Man died in road accident, stay tuned to Rozana Spokesman)