
ਸੜਕਾਂ 'ਤੇ ਡੇਰਾ ਲਾ ਕੇ ਬੈਠ ਗਏ ਕਿਸਾਨ
Farmer News: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਚੰਡੀਗੜ੍ਹ ਵਿੱਚ ਪੱਕੇ ਤੌਰ ਤੇ ਧਰਨਾ ਲਾਉਣ ਦੀ ਤਿਆਰੀ ਨੂੰ ਲੈ ਕੇ ਕਈ ਕਿਸਾਨ ਲੀਡਰਾਂ ਨੂੰ ਕੱਲ ਹੀ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਸੀ ਪਰ ਅੱਜ ਕਿਸਾਨਾਂ ਵੱਲੋ ਚੰਡੀਗੜ੍ਹ ਵੱਲ ਨੂੰ ਚਾਲੇ ਪਾ ਲਏ, ਜਿਸ ਤੇ ਪੰਜਾਬ ਪੁਲਿਸ ਵੱਲੋਂ ਅੱਜ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਦੇ ਲਈ ਸੜਕਾਂ ਦੇ ਉੱਪਰ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ। ਕਿਸਾਨਾਂ ਨੂੰ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਰੋਕਿਆ ਜਾ ਰਿਹਾ ਹੈ। ਕਿਸਾਨ ਚੰਡੀਗੜ੍ਹ ਦੇ ਸੈਕਟਰ-34 ਵਿੱਚ ਮੋਰਚਾ ਲਗਾਉਣ ਦੀ ਤਿਆਰੀ ਕਰ ਰਹੇ ਹਨ ਪਰ ਹਾਲੇ ਤੱਕ ਉਨ੍ਹਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਮਿਲੀ ਹੈ।
ਦੂਜੇ ਪਾਸੇ ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ। ਸਮਰਾਲਾ, ਖੰਨਾ ਤੇ ਜ਼ੀਰਕਪੁਰ ਕੋਲ ਕਿਸਾਨਾਂ ਦੇ ਜਥਿਆਂ ਨੂੰ ਰੋਕ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਹੈ ਤੇ ਸ਼ਹਿਰ ਵਿੱਚ ਜਾਮ ਵਾਲੀ ਸਥਿਤੀ ਬਣ ਗਈ ਹੈ। ਲੋਕਾਂ ਨੂੰ ਆਪਣੀ ਮੰਜ਼ਿਲ ਉਤੇ ਪਹੁੰਚਣ ਲਈ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਪੁਲਿਸ ਨੇ 1500 ਦੇ ਕਰੀਬ ਜਵਾਨ ਤਾਇਨਾਤ ਕੀਤੇ ਹਨ। ਰਿਜ਼ਰਵ ਬਲ ਤਾਇਨਾਤ ਕਰਨ ਦੀਆਂ ਵੀ ਤਿਆਰੀਆਂ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ 12 ਸੜਕਾਂ ਤੋਂ ਨਾ ਲੰਘਣ ਦੀ ਸਲਾਹ ਦਿੱਤੀ ਸੀ। ਸੰਯੁਕਤ ਕਿਸਾਨ ਮੋਰਚੇ ਨੇ 5 ਮਾਰਚ ਨੂੰ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਇੱਕ ਠੋਸ ਮੋਰਚਾ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤਹਿਤ ਪੰਜਾਬ ਦੇ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੈ।