
ਨਾਭਾ ਸ਼ਹਿਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸ਼ਰਮਾ ਦੀ ਗਰਦਨ ‘ਤੇ ਭਰਿੰਡ ਲੜਨ ਨਾਲ ਮੌਤ ਹੋ ਗਈ ਹੈ।
ਨਾਭਾ (ਐਸ.ਕੇ. ਸ਼ਰਮਾ) : ਹਰ ਰੋਜ਼ ਹਾਦਸਿਆਂ ਅਤੇ ਬਿਮਾਰੀਆਂ ਨਾਲ ਕਈ ਮੌਤਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਪਰ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਿਸੇ ਵਿਅਕਤੀ ਦੀ ਭਰਿੰਡ ਲੜਨ ਨਾਲ ਮੌਤ ਹੋ ਗਈ। ਨਾਭਾ ਸ਼ਹਿਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸ਼ਰਮਾ ਦੀ ਗਰਦਨ ‘ਤੇ ਭਰਿੰਡ ਲੜਨ ਨਾਲ ਮੌਤ ਹੋ ਗਈ ਹੈ। ਇਸ ਖ਼ਬਰ ਨੇ ਪਰਿਵਾਰ ਸਮੇਤ ਇਲਾਕੇ ਦੇ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ।
Amritpal Sharma
33 ਸਾਲਾ ਅੰਮ੍ਰਿਤਪਾਲ ਲੁਧਿਆਣਾ ਵਿਖੇ ਇੰਡਸ ਟਾਵਰ ਕੰਪਨੀ ਵਿਚ ਸਪੋਰਟ ਇੰਜੀਨੀਅਰ ਦੇ ਅਹੁਦੇ ‘ਤੇ ਨੌਕਰੀ ਕਰਦਾ ਸੀ ਅਤੇ ਉਹ ਘਰ ਵਿਚ ਇਕਲੋਤਾ ਲੜਕਾ ਸੀ। ਦਰਅਸਲ ਭਰਿੰਡ ਲੜਨ ਕਾਰਨ ਅੰਮ੍ਰਿਤਪਾਲ ਨੂੰ ਐਲਰਜੀ ਹੋ ਜਾਂਦੀ ਸੀ ਅਤੇ ਉਹ ਬੇਹੋਸ਼ ਹੋ ਜਾਂਦਾ ਸੀ। ਪਰਿਵਾਰ ਮੁਤਾਬਕ ਐਂਟੀ ਐਲਰਜੀ ਟੀਕਾ ਲਗਵਾਉਣ ਨਾਲ ਅੰਮ੍ਰਿਤਪਾਲ ਠੀਕ ਹੋ ਜਾਂਦਾ ਸੀ।
Death
ਪਿਛਲੇ ਦਿਨੀਂ ਲੁਧਿਆਣਾ ਵਿਖੇ ਨੌਕਰੀ ਕਰਦੇ ਸਮੇਂ ਉਸ ਦੀ ਗਰਦਨ ‘ਤੇ ਭਰਿੰਡ ਲੜ ਗਈ ਅਤੇ ਉਹ ਬੇਹੋਸ਼ ਹੋ ਗਿਆ। ਜਦੋਂ ਉਸ ਦਾ ਪਰਿਵਾਰ ਉਥੇ ਪਹੁੰਚ ਕੇ ਉਸ ਨੂੰ ਹਸਪਤਾਲ ਲੈ ਕੇ ਗਿਆ ਤਾਂ ਹਸਪਤਾਲ ਪਹੁੰਚ ਕੇ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁਕੀ ਸੀ। ਅੰਮ੍ਰਿਤਪਾਲ ਦੀ ਮੌਤ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਸਦਮੇ ਵਿਚ ਹੈ। ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸਾਨੂੰ ਬਿਲਕੁੱਲ ਅੰਦਾਜ਼ਾ ਨਹੀਂ ਸੀ ਕਿ ਇਕ ਭਰਿੰਡ ਲੜਨ ਕਾਰਨ ਉਸਦੀ ਮੌਤ ਹੋ ਜਾਵੇਗੀ।