
ਮੁਲਜ਼ਮ ਵਿਅਕਤੀ ਪੀੜਤਾ ਦੇ ਗੁਆਂਢ ਵਿਚ ਹੀ ਰਹਿੰਦਾ ਸੀ
ਜਲੰਧਰ: ਜਲੰਧਰ ’ਚ 10 ਸਾਲਾਂ ਨਾਬਾਲਗ ਨਾਲ ਜਬਰ ਜ਼ਨਾਹ ਕਰਨ ਵਾਲੇ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ, ਉਕਤ ਵਿਅਕਤੀ ਦੀ ਲੋਕਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੁਲਜ਼ਮ ਵਿਅਕਤੀ ਪੀੜਤਾ ਦੇ ਗੁਆਂਢ ਵਿਚ ਹੀ ਰਹਿੰਦਾ ਸੀ। ਦੱਸ ਦਈਏ ਕਿ ਜਲੰਧਰ ਦੇ ਇਕ ਇਲਾਕੇ ਵਿਚ 10 ਸਾਲਾਂ ਬੱਚੀ ਨੂੰ 35 ਸਾਲਾਂ ਵਿਅਕਤੀ ਨੇ ਉਸ ਸਮੇਂ ਅਪਣੀ ਹਵਸ ਦਾ ਸ਼ਿਕਾਰ ਬਣਾਇਆ ਜਦੋਂ ਬੱਚੀ ਦੀ ਮਾਂ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ।
Rape Case in Jalandhar
ਜਦੋਂ ਮਾਂ ਘਰ ਪਹੁੰਚੀ ਤਾਂ ਵੇਖਿਆ ਕਿ ਉਸ ਦੀ ਮਾਸੂਮ ਬੇਟੀ ਖ਼ੂਨ ਨਾਲ ਲਥਪਥ ਪਈ ਹੈ ਤੇ ਇਕ ਵਿਅਕਤੀ ਵੀ ਘਰ ਵਿਚ ਮੌਜੂਦ ਹੈ। ਮਾਂ ਦੇ ਰੌਲਾ ਪਾਉਣ ’ਤੇ ਆਸ ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪਹਿਲਾਂ ਤਾਂ ਲੋਕਾਂ ਨੇ ਉਸ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਤੇ ਫਿਰ ਨਜ਼ਦੀਕੀ ਥਾਣੇ ਨੂੰ ਸੂਚਨਾ ਦੇ ਕੇ ਪੁਲਿਸ ਦੇ ਹਵਾਲੇ ਕਰ ਦਿਤਾ। ਥਾਣਾ ਰਾਮਾਮੰਡੀ ਦੇ ਏ.ਐਸ.ਆਈ. ਨਾਰਾਇਣ ਗੌੜ ਨੇ ਦੱਸਿਆ ਕਿ ਉਕਤ ਵਿਅਕਤੀ ਨਸ਼ੇ ਵਿਚ ਧੁੱਤ ਸੀ, ਜਿਸ ਕਰਕੇ ਉਹ ਬਿਆਨ ਨਹੀਂ ਦੇ ਸਕਿਆ।
ਤਾਜ਼ਾ ਜਾਣਕਾਰੀ ਮੁਤਾਬਕ, ਮੁਲਜ਼ਮ ਦੀ ਹਾਲਤ ਵਿਗੜਨ ’ਤੇ ਜਦੋਂ ਉਸ ਨੂੰ ਪੁਲਿਸ ਵਲੋਂ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਮੁਲਜ਼ਮ ਨੇ ਹਸਪਤਾਲ ’ਚ ਦਮ ਤੋੜ ਦਿਤਾ।