ਸ਼ਿਕਾਇਤ ਉਤੇ ਕਾਰਵਾਈ ਨਾ ਕਰਨ ਬਦਲੇ ਮੁਲਜ਼ਮ ਏ.ਐਸ.ਆਈ. ਮੰਗ ਰਿਹਾ ਸੀ ਰਿਸ਼ਵਤ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਸਦਰ, ਜ਼ੀਰਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਹਰਜਿੰਦਰ ਸਿੰਘ ਨੂੰ ਹਰਪ੍ਰੀਤ ਸਿੰਘ ਵਾਸੀ ਪਿੰਡ ਮਹੀਆਂਵਾਲਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਤੋਂ ਸੰਚਾਲਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼; 17 ਪਿਸਤੌਲ ਤੇ 35 ਮੈਗਜ਼ੀਨ ਸਣੇ 2 ਗ੍ਰਿਫ਼ਤਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਇਸੇ ਪਿੰਡ ਦੀ ਰਹਿਣ ਵਾਲੀ ਗੁਰਮੇਲ ਕੌਰ ਵਲੋਂ ਹਰਪ੍ਰੀਤ ਸਿੰਘ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ ਉਤੇ ਕਾਰਵਾਈ ਨਾ ਕਰਨ ਬਦਲੇ ਮੁਲਜ਼ਮ ਏ.ਐਸ.ਆਈ. ਰਿਸ਼ਵਤ ਮੰਗ ਰਿਹਾ ਸੀ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਏ.ਐਸ.ਆਈ. ਹਰਜਿੰਦਰ ਸਿੰਘ ਨੇ 4 ਅਗਸਤ ਨੂੰ ਉਸ ਤੋਂ 3000 ਰੁਪਏ ਲਏ ਸਨ ਅਤੇ ਹੁਣ ਉਹ ਰਿਸ਼ਵਤ ਵਜੋਂ 20,000 ਰੁਪਏ ਹੋਰ ਮੰਗ ਰਿਹਾ ਸੀ।
ਇਹ ਵੀ ਪੜ੍ਹੋ: ਸਥਾਨਕ ਸਰਕਾਰਾਂ ਮੰਤਰੀ ਵਲੋਂ 76 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ
ਬੁਲਾਰੇ ਨੇ ਦਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਮੁਲਜ਼ਮ ਏ.ਐਸ.ਆਈ. ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ। ਬੁਲਾਰੇ ਨੇ ਦਸਿਆ ਕਿ ਇਸ ਸਬੰਧੀ ਏ.ਐਸ.ਆਈ. ਹਰਜਿੰਦਰ ਸਿੰਘ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਐਫ.ਆਈ.ਆਰ. ਨੰ. 20 ਮਿਤੀ 05-08-2023 ਦਰਜ ਕੀਤੀ ਗਈ ਹੈ।