
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਝੂਠ ਦਾ ਪੁਲੰਦਾ ਸਾਬਤ ਹੋਈ ਹੈ...........
ਅਬੋਹਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਝੂਠ ਦਾ ਪੁਲੰਦਾ ਸਾਬਤ ਹੋਈ ਹੈ। ਉਨ੍ਹਾਂ ਕਿਹਾ, 'ਜੇ ਰੀਪੋਰਟ ਸਾਨੂੰ ਦੋਸ਼ੀ ਮੰਨਦੀ ਤਾਂ ਸਾਡੇ ਵਿਰੁਧ ਪਰਚਾ ਦਰਜ ਕਰਾਉਣ ਤੋਂ ਕਾਂਗਰਸ ਸਰਕਾਰ ਕਿਉਂ ਭੱਜਦੀ। ਕਾਂਗਰਸ ਦੀ ਹਮੇਸ਼ਾ ਕੋਸ਼ਿਸ ਰਹੀ ਹੈ ਕਿ ਕਿਸੇ ਤਰ੍ਹਾਂ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾਵੇ।' ਉਨ੍ਹਾਂ ਸੁਨੀਲ ਜਾਖੜ ਨੂੰ ਚੁਨੌਤੀ ਦਿੰਦਿਆਂ ਕਿਹਾ, 'ਪਿੰਡਾਂ ਵਿਚ ਅਕਾਲੀਆਂ ਨੂੰ ਨਾ ਵੜਨ ਦੀ ਨਸੀਹਤ ਦੇਣ ਵਾਲੇ ਜਾਖੜ ਦੇ ਸ਼ਹਿਰ ਤੇ ਫਿਰ ਪਿੰਡ ਪੰਜਕੋਸੀ ਆਇਆ ਹਾਂ ਅਤੇ 9 ਨੂੰ ਪੋਲ ਖੋਲ੍ਹ ਰੈਲੀ ਵੀ ਕੀਤੀ ਜਾਵੇਗੀ।
ਜੇ ਉਸ ਵਿਚ ਹਿੰਮਤ ਹੈ ਤਾਂ ਮੇਰਾ ਰਸਤਾ ਰੋਕ ਕੇ ਵੇਖ ਲਵੇ।' ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਹਲਕੇ ਅਬੋਹਰ ਵਿਚ ਪਹਿਲੀ 'ਪੋਲ ਖੋਲ੍ਹ ਰੈਲੀ' ਕਰਨ ਦਾ ਐਲਾਨ ਕੀਤਾ ਹੋਇਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਸੇ ਸਿਲਸਿਲੇ ਵਿਚ ਅਨਾਜ ਮੰਡੀ ਵਿਚ ਪੁੱਜ ਕੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਸੁਖਬੀਰ ਨੇ ਕਿਹਾ ਕਿ ਸੁਨੀਲ ਜਾਖੜ ਨੇ ਜੋ ਝੂਠੇ ਪਰਚੇ ਅਕਾਲੀ-ਭਾਜਪਾ ਵਰਕਰਾਂ ਵਿਰੁਧ ਕਰਵਾਏ ਹਨ, ਉਨ੍ਹਾਂ ਸੱਭ ਦਾ ਹਿਸਾਬ ਦੇਣਾ ਪਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਜਥੇਦਾਰ ਧਿਆਨ ਸਿੰਘ ਮੰਡ ਦਾ ਭਰਾ ਅਤਿਵਾਦੀ ਸੀ ਜਦਕਿ ਦਾਦੂਵਾਲ ਨੂੰ ਵਿਦੇਸ਼ਾਂ ਤੋਂ ਕਰੋੜਾਂ ਦਾ ਪੈਸਾ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਜਿਨ੍ਹਾਂ ਨੇ ਪੰਥ ਲਈ ਬਹੁਤ ਕੰਮ ਕੀਤੇ ਪਰ ਫੋਕੇ ਫ਼ਾਇਰ ਕਰਨ ਵਾਲੇ ਸੁਨੀਲ ਜਾਖੜ ਨੂੰ ਅਬੋਹਰ ਵਾਲਿਆਂ ਨੇ ਗੁਰਦਾਸਪੁਰ ਕੱਢ ਮਾਰਿਆ, ਹੁਣ ਅਗਲੀ ਵਾਰ ਜਾਖੜ ਪਾਕਿਸਤਾਨ ਹੀ ਜਾਵੇਗਾ।
ਦੂਜੇ ਪਾਸੇ, ਸਿੱਖ ਜੱਥੇਬੰਦੀਆਂ ਨੇ 9 ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਦਾ ਅਬੋਹਰ ਆਉਣ 'ਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਮੌਕੇ ਸਤਿੰਦਰਜੀਤ ਸਿੰਘ ਮੰਟਾ, ਚਰਨਜੀਤ ਸਿੰਘ ਬਰਾੜ, ਵਿਧਾਇਕ ਅਰੁਣ ਨਾਰੰਗ, ਜਥੇਦਾਰ ਗੁਰਪਾਲ ਸਿੰਘ ਗਰੇਵਾਲ, ਵਿਧਾਇਕ ਕੰਵਰਜੀਤ ਰੋਜ਼ੀ ਬਰਕੰਦੀ ਆਦਿ ਹਾਜ਼ਰ ਸਨ।