
ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਜੋ ਰਜਿਸਟਰੀਆਂ ਦੇ ਦਸਤਾਵੇਜ਼ ਮਿਲੇ ਹਨ, ਉਹ ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕਿਆਂ ਨਾਲ ਸਬੰਧਤ ਹਨ।
ਚੰਡੀਗੜ੍ਹ: ਟਰਾਂਸਪੋਰਟ ਟੈਂਡਰ ਘੁਟਾਲੇ ਵਿਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਨੇ ਹੁਣ ਮਨਪ੍ਰੀਤ ਈਸੇਵਾਲ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਵਿਜੀਲੈਂਸ ਨੂੰ ਮਨਪ੍ਰੀਤ ਦੀਆਂ 100 ਤੋਂ ਵੱਧ ਰਜਿਸਟਰੀਆਂ ਅਤੇ ਬਿਆਨ ਪ੍ਰਾਪਤ ਹੋਏ ਹਨ। ਇਹਨਾਂ ਰਜਿਸਟਰੀਆਂ ਦੀ ਕੀਮਤ 500 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਵਿਜੀਲੈਂਸ ਟੀਮ ਨੇ ਨਗਰ ਨਿਗਮ ਵਿਚ ਇਹਨਾਂ ਰਜਿਸਟਰੀਆਂ ਦੇ ਰਿਕਾਰਡ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਜੋ ਰਜਿਸਟਰੀਆਂ ਦੇ ਦਸਤਾਵੇਜ਼ ਮਿਲੇ ਹਨ, ਉਹ ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕਿਆਂ ਨਾਲ ਸਬੰਧਤ ਹਨ। ਮਨਪ੍ਰੀਤ ਕੋਲੋਂ ਸਾਊਥ ਸਿਟੀ ਰੋਡ 'ਤੇ ਇਕ ਵੱਡੀ ਕਾਲੋਨੀ ਦੇ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ ਦੀ ਵਿਜੀਲੈਂਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਈਸੇਵਾਲ ਨੇ ਜੋ ਜਾਇਦਾਦਾਂ ਖਰੀਦੀਆਂ ਹਨ, ਉਹਨਾਂ ਵਿਚ ਸ਼ਹਿਰ ਦੇ ਵੱਡੇ ਕਲੋਨਾਈਜ਼ਰ ਵੀ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਈਸੇਵਾਲ ਅਤੇ ਉਹਨਾਂ ਦੀ ਪਤਨੀ ਦੋਵੇਂ ਕੈਨੇਡਾ ਦੀ ਪੀਆਰ ਹਨ ਪਰ ਉਹ ਕਾਂਗਰਸ ਦੇ ਬਲਾਕ ਪ੍ਰਧਾਨ ਵੀ ਰਹਿ ਚੁੱਕੇ ਹਨ, ਜਿਸ ਕਾਰਨ ਉਹਨਾਂ ਦੇ ਕਾਂਗਰਸ ਵਿਚ ਚੰਗੇ ਸਿਆਸੀ ਸਬੰਧ ਸਨ। ਉਧਰ ਸਾਬਕਾ ਮੰਤੀਰ ਭਾਰਤ ਭੂਸ਼ਣ ਆਸ਼ੂ 'ਤੇ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦਾ ਦੋਸ਼ ਹੈ। ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ।