ਕਾਂਗਰਸ 'ਚ ਮੈਂ 40 ਸਾਲ ਰਿਹਾ, ਰਾਹੁਲ ਗਾਂਧੀ ਨੇ ਮੇਰੀ ਕਦੇ ਸ਼ਕਲ ਤੱਕ ਨਾ ਵੇਖੀ- ਫ਼ਤਿਹਜੰਗ ਬਾਜਵਾ
Published : Dec 5, 2022, 1:17 pm IST
Updated : Dec 5, 2022, 1:17 pm IST
SHARE ARTICLE
Fateh Jang Singh Bajwa
Fateh Jang Singh Bajwa

“ਵੋਟਾਂ ਤੋਂ ਪਹਿਲਾਂ ‘ਆਪ’ ਵਾਲਿਆਂ ਨੇ ਮੈਨੂੰ ਦਿੱਤਾ ਸੀ ਵੱਡੀ ਵਜ਼ੀਰੀ ਦਾ ਆਫ਼ਰ”

 

ਚੰਡੀਗੜ੍ਹ: ਰਾਹੁਲ ਗਾਂਧੀ ਵੱਲੋਂ ਭਾਰਤ ਨੂੰ ਜੋੜਨ ਲਈ ਸ਼ੁਰੂ ਕੀਤੀ ਯਾਤਰਾ ਸਫਲਤਾ ਨਾਲ ਜਾਰੀ ਹੈ ਪਰ ਉਹ ਕਾਂਗਰਸ ਨੂੰ ਜੋੜ ਕੇ ਰੱਖਣ ਵਿਚ ਅਸਫ਼ਲ ਰਹੇ। ਸ਼ਾਇਦ ਇਸ ਵਿਚ ਉਹ ਅਸਫ਼ਲ ਹੀ ਰਹਿਣਗੇ। ਦੇਸ਼ ਵਿਚ ਕਾਂਗਰਸ ਦੀ ਸਥਿਤੀ ਅਤੇ ਪੰਜਾਬ ਵਿਚ ਭਾਜਪਾ ਦੀ ਅਗਲੀ ਰਣਨੀਤੀ ਬਾਰੇ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਸਾਬਕਾ ਕਾਂਗਰਸੀ ਵਿਧਾਇਕ ਅਤੇ ਮੌਜੂਦਾ ਭਾਜਪਾ ਆਗੂ ਫ਼ਤਿਹਜੰਗ ਸਿੰਘ ਬਾਜਵਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਹਨਾਂ ਹੋਈ ਗੱਲ ਗੱਲਬਾਤ ਦੇ ਵਿਸ਼ੇਸ਼ ਅੰਸ਼:

ਸਵਾਲ: ਜਿਵੇਂ ਮੈਂ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਕਾਰਨ ਭਾਰਤ ਭਾਵੇਂ ਜੁੜ ਜਾਵੇ ਪਰ ਕਾਂਗਰਸੀ ਕਿਉਂ ਨਹੀਂ ਜੁੜੇ ਰਹੇ? ਉਹੀ ਕਾਂਗਰਸੀ ਅੱਜ ਭਾਜਪਾ ਵਿਚ ਅਨੁਸ਼ਾਸਨ ਵਿਚ ਰਹਿ ਰਹੇ ਹਨ। ਇਹ ਕਿਵੇਂ ਸੰਭਵ ਹੈ?
ਜਵਾਬ: ਵਕਤ ਬਹੁਤ ਬਲਵਾਨ ਹੈ ਅਤੇ ਇਹ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਹੈ। ਮੈਂ ਕਾਂਗਰਸ ਵਿਚ 40 ਸਾਲ ਲਗਾਏ ਤੇ ਇਹਨਾਂ ਸਾਲਾਂ ਵਿਚ ਮੈਂ ਨਾ ਤਾਂ ਕਦੀ ਰਾਹੁਲ ਗਾਂਧੀ ਨੂੰ ਮਿਲਿਆ ਤੇ ਨਾ ਸ਼ਾਇਦ ਉਹਨਾਂ ਨੂੰ ਮੇਰੇ ਬਾਰੇ ਪਤਾ ਸੀ ਕਿ ਮੈਂ ਕੌਣ ਹੈ ਅਤੇ ਸਾਡੇ ਪਰਿਵਾਰ ਦੀ ਪਾਰਟੀ ਨੂੰ ਕੀ ਦੇਣ ਹੈ। ਸਾਡੇ ਪਰਿਵਾਰ ਨੇ ਦੇਸ਼ ਅਤੇ ਸੂਬੇ ਕਾਰਨ ਕੀ ਕੁਰਬਾਨੀ ਦਿੱਤੀ, ਉਹ ਵੀ ਸ਼ਾਇਦ ਉਹਨਾਂ ਨੂੰ ਨਹੀਂ ਪਤਾ। ਕਾਂਗਰਸ ਵਿਚ ਸਭ ਤੋਂ ਵੱਡੀ ਕਮੀ ਇਹ ਹੈ ਕਿ ਪਾਰਟੀ ਦਾ ਵਰਕਰਾਂ ਨਾਲ ਸਹੀ ਤਾਲਮੇਲ ਨਹੀਂ ਹੈ। ਜਦੋਂ ਤੋਂ ਮੈਂ ਭਾਜਪਾ ਵਿਚ ਗਿਆ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨਾਲ ਸਿੱਧੀ ਗੱਲਬਾਤ ਹੁੰਦੀ ਹੈ। ਉਹ ਸਾਨੂੰ ਸਾਡੇ ਨਾਂਅ ਨਾਲ ਜਾਣਦੇ ਹਨ ਕਿ ਅਸੀਂ ਕੌਣ ਹਾਂ। ਕਾਂਗਰਸ ਭਾਰਤ ਜੋੜ ਰਹੀ ਹੈ ਪਰ ਕਾਂਗਰਸ ਨੂੰ ਨਹੀਂ ਜੋੜ ਰਹੀ। ਕਾਂਗਰਸ ਵਿਚ ਆਗੂਆਂ ਦੀ ਕਮੀ ਨਹੀਂ ਹੈ ਪਰ ਵਰਕਰ ਉੱਖੜ ਚੁੱਕੇ ਹਨ, ਉਹਨਾਂ ਕੋਲ ਆਸ ਨਹੀਂ ਹੈ। ਕਾਂਗਰਸ ਵਿਚ ਇਕ ਪਰਿਵਾਰ ਬਾਰੇ ਹੀ ਸੋਚਿਆ ਜਾ ਰਿਹਾ ਹੈ।

ਸਵਾਲ: ਅਸੀਂ ਕਹਿੰਦੇ ਹਾਂ ਕਿ ਰਾਹੁਲ ਗਾਂਧੀ ‘ਸ਼ਹਿਜ਼ਾਦਾ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਹਰ ਕਾਂਗਰਸੀ ਆਪਣੇ ਆਪ ਨੂੰ ਸ਼ਹਿਜ਼ਾਦਾ ਸਮਝਦਾ ਹੈ? ਗੁਜਰਾਤ ਦੀਆਂ ਚੋਣਾਂ ਵਿਚ ਦੇਖੀਏ ਤਾਂ ਭਾਜਪਾ ਦੀ ਹਾਈਕਮਾਨ ਤੈਅ ਕਰੇਗੀ ਕਿ ਮੌਜੂਦਾ ਮੰਤਰੀ ਨੂੰ ਟਿਕਟ ਨਹੀਂ ਮਿਲੇਗੀ ਜਦੋਂ ਇੱਥੇ ਕਾਂਗਰਸ ਨੇ ਤੈਅ ਕੀਤਾ ਸੀਟ ਨਹੀਂ ਮਿਲੇਗੀ ਤਾਂ ਤੁਸੀਂ ਪਾਰਟੀ ਛੱਡ ਦਿੱਤੀ। ਭਾਜਪਾ ਵਿਚ ਕਦੀ ਅਜਿਹਾ ਨਹੀਂ ਹੋਵੇਗਾ?
ਸਵਾਲ: ਜੇਕਰ ਤੁਸੀਂ ਲੋਕਾਂ ਦੇ ਦਿਲਾਂ ਤੋਂ ਦੂਰ ਹੋ ਜਾਓ ਤਾਂ ਸਮਝ ਆਉਂਦੀ ਹੈ ਕਿ ਪਾਰਟੀ ਟਿਕਟ ਨਹੀਂ ਦੇਵੇਗੀ ਕਿਉਂਕਿ ਤੁਹਾਡੀ ਜਿੱਤ ਤੈਅ ਨਹੀਂ ਹੋਵੇਗੀ ਪਰ ਤੁਸੀਂ ਮਾਪਦੰਡ ਹੀ ਅਜਿਹੇ ਬਣਾ ਦਿਓ ਕਿ ਤੁਸੀਂ ਇਕ ਗਰੁੱਪ ਨੂੰ ਖਤਮ ਹੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਕੋਈ ਵਿਕਲਪ ਨਹੀਂ ਰਹਿ ਜਾਂਦਾ।

ਸਵਾਲ: ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਗਰੁੱਪ ਦੀ ਗੱਲ ਕਰ ਰਹੇ ਹੋ ਪਰ ਉਹਨਾਂ ਦੀ ਸਮਝ ਤਾਂ ਠੀਕ ਸੀ। ਐਤਕੀਂ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ, ਤੁਸੀਂ ਵੀ ਹਾਰੇ ਹੋ, ਕੀ ਹਾਈਕਮਾਨ ਦਾ ਉਹ ਫਾਰਮੂਲਾ ਠੀਕ ਨਹੀਂ ਸੀ?
ਜਵਾਬ: ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਤਾਂ ਜਿੱਤ ਲਈ ਨਹੀਂ ਕਰਦੇ। ਖ਼ਾਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਸੋਚ ਇਹ ਹੈ ਕਿ ਯੋਜਨਾ ਦਿਨਾਂ ਦੀ ਨਹੀਂ ਸਗੋਂ ਸਾਲਾਂ ਦੀ ਹੁੰਦੀ ਹੈ। ਸਾਨੂੰ ਪਤਾ ਸੀ ਕਿ ਭਾਜਪਾ ਨੂੰ ਪੇਂਡੂ ਇਲਾਕਿਆਂ ਵਿਚ ਵੋਟਾਂ ਨਹੀਂ ਪੈਣਗੀਆਂ ਕਿਉਂਕਿ ਖੇਤੀ ਕਾਨੂੰਨਾਂ ਖ਼ਿਲਾਫ਼ ਤਾਜ਼ਾ-ਤਾਜ਼ਾ ਕਿਸਾਨੀ ਸੰਘਰਸ਼ ਹੋਇਆ ਸੀ। ਆਮ ਆਦਮੀ ਪਾਰਟੀ ਨੇ ਮੈਨੂੰ ਵੱਡੀ ਵਜ਼ੀਰੀ ਆਫ਼ਰ ਕੀਤੀ ਅਤੇ ਮਾਝੇ ਦਾ ਚਿਹਰਾ ਬਣਨ ’ਤੇ 11 ਸੀਟਾਂ ਦੇਣ ਦੀ ਗੱਲ ਵੀ ਕਹੀ। ਸਾਰਿਆਂ ਨੂੰ ਨਜ਼ਰ ਆ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ, ਉਸ ਚੀਜ਼ ਨੂੰ ਨਜ਼ਰਅੰਦਾਜ਼ ਕਰਕੇ ਮੈਂ ਇਕ ਕੌਮੀ ਪਾਰਟੀ ਨੂੰ ਚੁਣਿਆ ਕਿਉਂਕਿ ਜਦੋਂ ਪਾਰਟੀ ਦੀ ਲੀਡਰਸ਼ਿਪ ਤਕੜੀ ਸੀ ਅਤੇ ਦੇਸ਼ ਨੂੰ ਪੂਰੀ ਦੁਨੀਆਂ ਵਿਚ ਪਹਿਲੇ ਨੰਬਰ ’ਤੇ ਲੈ ਕੇ ਆਉਣਾ ਭਾਜਪਾ ਦੀ ਵਚਨਬੱਧਤਾ ਹੈ। ਜੇਕਰ ਭਾਜਪਾ ਮੈਨੂੰ ਕਹੇਗੀ ਕਿ ਤੁਹਾਨੂੰ ਟਿਕਟ ਨਹੀਂ ਮਿਲੇਗੀ ਤਾਂ ਮੈਂ ਹੱਸ ਕੇ ਕਬੂਲ ਕਰਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਮੈਨੂੰ ਇਸ ਤੋਂ ਬਿਹਤਰ ਥਾਂ ਮਿਲੇਗੀ। ਟਿਕਟ ਹੀ ਸਭ ਕੁੱਝ ਨਹੀਂ ਹੁੰਦੀ।

ਸਵਾਲ: ਭਾਜਪਾ ਵੱਲੋਂ ਬਹੁਤ ਕੰਮ ਕੀਤੇ ਜਾ ਰਹੇ ਹਨ। ਪੱਤਰਕਾਰ ਵਜੋਂ ਅਸੀਂ ਕਿਸੇ ਵੀ ਭਾਜਪਾ ਆਗੂ ਨੂੰ ਫੋਨ ਕਰੀਏ ਤਾਂ ਉਹ ਹਾਜ਼ਰ ਹੁੰਦੇ ਹਨ। ਕਾਂਗਰਸ ਆਗੂਆਂ ਦਾ ਇਕ ਟਾਈਮ ਹੁੰਦਾ ਸੀ। ਉਹਨਾਂ ਦਾ ਪਾਰਟੀ ਕਲਚਰ ਆਰਾਮਦਾਇਕ ਹੈ। ਉਹ ਆਪਣੀ ਲੀਡਰਸ਼ਿਪ ਖ਼ਿਲਾਫ਼ ਬੋਲਣ ਲਈ ਵੀ ਤਿਆਰ ਰਹਿੰਦੇ ਹਨ, ਇਹ ਚੀਜ਼ਾਂ ਤੁਸੀਂ ਭਾਜਪਾ ਵਿਚ ਕਿਵੇਂ ਸੰਭਾਲੋਗੇ?
ਜਵਾਬ: ਹਰ ਵਿਅਕਤੀ ਦਾ ਆਪਣਾ-ਆਪਣਾ ਸੁਭਾਅ ਹੁੰਦਾ ਹੈ।  ਇਹ ਗੱਲ ਸਹੀ ਹੈ ਕਿ ਕਾਂਗਰਸ ਦਾ ਦੇਰੀ ਵਾਲਾ ਰਵੱਈਆ ਹੈ। ਭਾਜਪਾ ਵਿਚ ਇਸ ਦੇ ਉਲਟ ਹੈ। ਇਹ ਪਾਰਟੀ ਜ਼ਮੀਨੀ ਪੱਧਰ ’ਤੇ ਕੰਮ ਕਰਦੀ ਹੈ ਅਤੇ ਸਮਾਂ ਸੀਮਾ ਤੈਅ ਹੁੰਦੀ ਹੈ। ਕਾਂਗਰਸ ਵਿਚ ਅਸੀਂ ਦੇਖਦੇ ਸੀ ਕਿ ਸਟੇਜ ਉੱਤੇ 20 ਕੁਰਸੀਆਂ ਹੁੰਦੀਆਂ ਸੀ ਅਤੇ 40 ਬੰਦੇ ਬੈਠ ਜਾਂਦੇ ਸੀ। ਜਦੋਂ ਮੁੱਖ ਮਹਿਮਾਨ ਆਉਂਦਾ ਸੀ ਤਾਂ ਉਸ ਨੂੰ ਕਿਹਾ ਜਾਂਦਾ ਸੀ ਕਿ ਆਓ ਬੈਠੋ ਪਰ ਕਿਸੇ ਨੇ ਕੁਰਸੀ ਨਹੀਂ ਛੱਡਣੀ। ਭਾਜਪਾ ਵਿਚ ਸਟੇਜ ਉੱਤੇ ਸਿਰਫ਼ 4 ਕੁਰਸੀਆ ਲੱਗਦੀਆਂ ਹਨ। ਇਹ ਅਨੁਸ਼ਾਸਨ ਹੈ। ਭਾਜਪਾ ਨੇ ਪੰਜਾਬ ਦੇ ਚੰਗੇ ਆਗੂਆਂ ਦੀ ਸਮਰੱਥਾ ਨੂੰ ਦੇਖ ਕੇ ਹੀ ਉਹਨਾਂ ਨੂੰ ਆਪਣੀ ਪਾਰਟੀ ਵਿਚ ਲਿਆ ਹੈ। ਪੰਜਾਬ ਵਿਚ ਭਾਜਪਾ ਦਾ ਭਵਿੱਖ ਬਹੁਤ ਉਜਵਲ ਹੈ।

ਸਵਾਲ: ਇਹ ਤੁਸੀਂ ਕਿਵੇਂ ਕਹਿ ਸਕਦੇ ਹੋ?
ਜਵਾਬ: ਪਿੰਡਾਂ ਵਿਚ ਨਜ਼ਰ ਆ ਰਿਹਾ ਹੈ।

ਸਵਾਲ: ਤੁਹਾਡਾ ਕਹਿਣਾ ਹੈ ਕਿ ਲੋਕ ਕਿਸਾਨੀ ਸੰਘਰਸ਼ ਭੁੱਲ ਗਏ ਹਨ?
ਜਵਾਬ: ਮੈਂ ਇਹ ਨਹੀਂ ਕਹਿ ਰਿਹਾ ਪਰ ਮੈਂ ਸਮਝਦਾ ਹਾਂ ਕਿ ਉਹ ਮਹਿਸੂਸ ਕਰ ਚੁੱਕੇ ਹਨ ਕਿ ਭਾਜਪਾ ਉੱਤੇ ਆਸ ਰੱਖੀ ਜਾ ਸਕਦੀ ਹੈ। ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦ ਸੀ। ਇਹ ਪਾਰਟੀ ਨਖਿੱਧ ਅਤੇ ਨਲਾਇਕ ਸਾਬਤ ਹੋਈ ਹੈ, ਅੱਜ ਪੰਜਾਬ ਵਿਚ ਨੌਕਰਸ਼ਾਹੀ ਰਾਜ ਕਰ ਰਹੀ ਹੈ। ਪੰਜਾਬ ਦੇ ਖ਼ਜ਼ਾਨੇ ਦੀ ਦੁਰਵਰਤੋਂ ਹੋ ਰਹੀ ਹੈ। ਗੁਜਰਾਤ ਅਤੇ ਹਿਮਾਚਲ ਵਿਚ ਪੈਸਾ ਲਗਾਇਆ ਜਾ ਰਿਹਾ ਹੈ। ਇਹਨਾਂ ਨੂੰ ਉੱਥੋਂ ਕੱਖ ਨਹੀਂ ਮਿਲਣਾ। ਭਾਜਪਾ ਪਿਛਲੇ 27 ਸਾਲਾਂ ਤੋਂ ਗੁਜਰਾਤ ਵਿਚ ਰਾਜ ਕਰ ਰਹੀ ਹੈ, ਮੈਂ ਗਰੰਟੀ ਨਾਲ ਕਹਿ ਸਕਦਾ ਹਾਂ ਕਿ ਇਸ ਵਾਰ ਭਾਜਪਾ 182 ਸੀਟਾਂ ਵਿਚੋਂ 145-155 ਸੀਟਾਂ ਹਾਸਲ ਕਰੇਗੀ।

ਸਵਾਲ:ਜੇ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੀ ਕੈਬਨਿਟ ਗੁਜਰਾਤ ਗਈ ਹੈ ਤਾਂ ਕੇਂਦਰੀ ਕੈਬਨਿਟ ਵੀ ਉੱਥੇ ਹੀ ਹੈ। ਭਾਜਪਾ ਦਾ ਸਿਸਟਮ ‘ਆਪ’ ਨੇ ਵੀ ਫੋਲੋ ਕੀਤਾ ਹੈ। ਜੇ ਪੰਜਾਬ ਦੇ ਪੈਸੇ ਇਸ਼ਤਿਹਾਰਾਂ ਲਈ ਜਾ ਰਹੇ ਨੇ ਤਾਂ ਦੇਸ਼ ਦੇ ਪੈਸੇ ਵੀ ਜਾ ਰਹੇ ਨੇ। ਜਿੰਨਾ ਪੈਸਾ ਇਕ ਸਿਆਸਤਦਾਨ ਉੱਤੇ ਖਰਚ ਹੁੰਦਾ ਹੈ, ਜੇ ਕਦੀ ਓਨਾ ਪੈਸਾ ਮੀਡੀਆ ਉੱਤੇ ਖਰਚਿਆ ਜਾਵੇ ਤਾਂ ਸਿਆਸਤਦਾਨਾਂ ਨੂੰ ਗੁੱਸਾ ਚੜ੍ਹ ਜਾਂਦਾ ਹੈ। ਜਿਹੜਾ ਇਸ਼ਤਿਹਾਰ ਆਉਂਦਾ ਹੈ, ਉਹ ਸਾਰਿਆਂ ਲਈ ਬਰਾਬਰ ਆਉਣਾ ਚਾਹੀਦਾ ਹੈ। ਇਸੇ ਪੰਜਾਬ ਵਿਚ 10 ਸਾਲ ਅਕਾਲੀ ਦਲ ਦਾ ਰਾਜ ਸੀ ਅਤੇ ਇਕ ਸਾਲ ਕਾਂਗਰਸ ਦਾ, 11 ਸਾਲ ਰੋਜ਼ਾਨਾ ਸਪੋਕਸਮੈਨ ਨੂੰ ਇਸ਼ਤਿਹਾਰ ਨਹੀਂ ਦਿੱਤਾ ਗਿਆ। ਇਹ ਸਿਆਸਤ ਦੀਆਂ ਹੀ ਖੇਡਾਂ ਸੀ।  ਅਜੇ ਵੀ ਪੰਜਾਬ ਦੀ ਪੱਤਰਕਾਰੀ ਨੂੰ ਪੰਜਾਬ ਸਰਕਾਰ ਦਾ ਇਸ਼ਤਿਹਾਰ ਨਹੀ ਮਿਲ ਰਿਹਾ, ਜ਼ਿਆਦਾ ਇਸ਼ਤਿਹਾਰ ਬਾਹਰ ਜਾ ਰਹੇ ਨੇ। ਜਿੰਨਾ ਮੋਦੀ ਸਰਕਾਰ ਨੇ ਪ੍ਰਚਾਰ ਉੱਤੇ ਖਰਚਿਆ, ਓਨਾ ਕਿਸੇ ਨੇ ਨਹੀਂ ਖਰਚਿਆ।  ਕਾਂਗਰਸ ਵੇਲੇ ਡਾ. ਮਨਮੋਹਨ ਸਿੰਘ ਚੁੱਪ-ਚਾਪ ਦੇਸ਼ ਨੂੰ ਬਹੁਤ ਕੁਝ ਦੇ ਕੇ ਗਏ, ਅੱਜ ਇੰਨੇ ਖਰਚੇ ਦੇ ਬਾਵਜੂਦ ਅਰਥਵਿਵਸਥਾ ਠੀਕ ਨਹੀਂ ਹੋਈ। ਪ੍ਰੈੱਸ ਉੱਤੇ ਹਮੇਸ਼ਾ ਇਲਜ਼ਾਮ ਰਹਿੰਦਾ ਹੈ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਾਰਿਆਂ ਨੂੰ ਬਰਾਬਰ ਮਿਲੇ, ਸਿਆਸਤਦਾਨ ਦੀ ਦਖਲ ਨਹੀਂ ਹੋਣੀ ਚਾਹੀਦੀ
ਜਵਾਬ: ਮੈਂ ਬਿਲਕੁਲ ਸਹਿਮਤ ਹਾਂ। ਤੁਸੀਂ ਕਿਹਾ ਕਿ ਸਾਡੀ ਕੈਬਨਿਟ ਗੁਜਰਾਤ ਜਾ ਕੇ ਬੈਠੀ ਹੈ, ਪਾਰਟੀ ਲਈ ਹਰ ਕੋਈ ਕੰਮ ਕਰੇ ਸਮਝ ਆਉਂਦਾ ਹੈ ਪਰ ਇਸ ਕੀਮਤ ’ਤੇ ਨਹੀਂ ਕਿ ਤੁਸੀਂ ਆਪਣਾ ਸੂਬਾ ਖਾਲੀ ਛੱਡ ਦਿਓ। ਦਿਨ ਦਿਹਾੜੇ ਕਤਲ ਹੋ ਰਹੇ ਨੇ, ਲੁੱਟਾਂ-ਖੋਹਾਂ ਹੋ ਰਹੀਆਂ ਨੇ, ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਹਾਲਾਤਾਂ ਵਿਚੋਂ ਪੰਜਾਬ ਨਿਕਲਿਆ, ਮੁੜ ਉਹੀ ਹਾਲਾਤ ਪੈਦਾ ਹੋਣ।

ਸਵਾਲ: ਇਸ ਦੀ ਬੁਨਿਆਦ ਕਿਸ ਨੇ ਰੱਖੀ? ਇਹ ਗੈਂਗਸਟਰ ਇਕ ਦਿਨ ਵਿਚ ਤਾਂ ਨਹੀਂ ਆਏ। 15 ਸਾਲ ਤੋਂ ਪੰਜਾਬ ਦੇ ਲੋਕ ਬੋਲਦੇ ਆਏ, ਕਾਂਗਰਸ ਸਰਕਾਰ ਤੋਂ ਵੀ ਇਹੀ ਉਮੀਦ ਸੀ ਕਿ ਨਸ਼ਾ ਤਸਕਰੀ ਬੰਦ ਕੀਤੀ ਜਾਵੇਗੀ।
ਜਵਾਬ: ਜਦੋਂ ਕਾਂਗਰਸ ਦਾ ਰਾਜ ਸੀ, ਉਦੋਂ ਦਿਨ ਦਿਹਾੜੇ ਕਤਲ ਜਾਂ ਧਮਕੀ ਭਰੇ ਫੋਨ ਨਹੀਂ ਸੀ ਆਉਂਦੇ। ਉਦੋਂ ਵੀ ਗੈਂਗਸਟਰ ਅਤੇ ਤਸਕਰ ਸੀ ਪਰ ਕਾਨੂੰਨ-ਵਿਵਸਥਾ ਲਈ ਕੈਪਟਨ ਅਮਰਿੰਦਰ ਸਿੰਘ ਬਹੁਤ ਸਪੱਸ਼ਟ ਸਨ। ਗੈਂਗਸਟਰਾਂ ਵਿਚ ਡਰ ਸੀ।

ਸਵਾਲ:  ਇਸ ਵਿਚ ਕੋਈ ਦੋ ਰਾਇ ਨਹੀਂ ਕਿ ਗੈਂਗਸਟਰ ਅਤੇ ਤਸਕਰ ਉਦੋਂ ਵੀ ਸੀ। ਪਰ ਉਹ ਫੋਨ ਨਹੀਂ ਕਰਦੇ ਸੀ ਕਿਉਂਕਿ ਉਹ ਤੁਹਾਡਾ ਇਸ਼ਾਰਾ ਮੰਨਦੇ ਸੀ, ਇਹ ਤਾਂ ਨਹੀ ਕਿ ਹੁਣ ਜਿਹੜੇ ਤਾਕਤ ਵਿਚੋਂ ਹਟ ਗਏ, ਉਹ ਚਾਹੁੰਦੇ ਹਨ ਕਿ ਆਪ ਸਰਕਾਰ ਸੱਤਾ ਵਿਚ ਨਾ ਰਹੇ।  
ਸਵਾਲ: ਗੈਂਗਸਟਰਾਂ ਦਾ ਸਾਡੇ ਨਾਲ ਕੀ ਸਬੰਧ? ਹੁਣ ਗੈਂਗਸਟਰਾਂ ਵਿਚ ਡਰ ਨਹੀਂ ਰਿਹਾ। ਪੰਜਾਬ ਪੁਲਿਸ ਉਹੀ ਹੈ ਪਰ ਨਿਰਦੇਸ਼ਨ ਸਹੀ ਨਹੀਂ ਹੈ। ਇਹ ਚੰਗੀ ਗੱਲ ਹੈ ਕਿ ਡੀਜੀਪੀ ਪੰਜਾਬ ਵਿਚ ਖੁਦ ਗੈਂਗਸਟਰ ਅਤੇ ਨਸ਼ੇ ਫੜ ਰਹੇ ਹਨ ਪਰ ਸਹੀ ਨਿਰਦੇਸ਼ ਨਹੀਂ ਮਿਲ ਰਹੇ। ਜੇ ਤੁਹਾਡੇ ਸੂਬੇ ਵਿਚ ਅੱਗ ਲੱਗੀ ਹੋਵੇ ਅਤੇ ਤੁਸੀਂ ਦੂਜੇ ਸੂਬੇ ਵਿਚ ਵਾਅਦੇ ਕਰ ਰਹੇ ਹੋ ਤਾਂ ਲੋਕ ਬਰਦਾਸ਼ਤ ਨਹੀਂ ਕਰਨਗੇ।

ਸਵਾਲ: ਪੰਜਾਬ ਦਾ ਆਮ ਇਨਸਾਨ ਕਹਿ ਰਿਹਾ ਹੈ ਕਿ ਪੰਜਾਬ ਵਿਚ ਹਾਲਾਤ ਖ਼ਰਾਬ ਹੋਣ ਲਈ ਕੇਂਦਰ ਵੀ ਜ਼ਿੰਮੇਵਾਰ ਹੈ ਕਿਉਂਕਿ ਅਜਿਹੇ ਅਨਸਰ ਆ ਗਏ ਹਨ ਜੋ ਨਾ ਬਰਦਾਸ਼ਤ ਹੋਣ ਵਾਲੀਆਂ ਗੱਲਾਂ ਕਹਿ ਰਹੇ ਨੇ ਕੋਈ ਨਹੀਂ ਕਹਿ ਸਕਦਾ ਕਿ ਸੂਬੇ ਦੇ ਟੁਕੜੇ ਹੋ ਜਾਣ, ਕੋਈ ਨਹੀਂ ਕਹਿ ਸਕਦਾ ਕਿ ਦਰਬਾਰ ਸਾਹਿਬ ਉੱਤੇ ਹਮਲਾ ਹੋਵੇ ਦੋਵੇਂ ਪਾਸਿਓਂ ਬਹੁਤ ਵਿਵਾਦਤ ਬਿਆਨ ਆ ਰਹੇ ਹਨ ਪਰ ਕਿਸੇ ਉੱਤੇ ਰੋਕ ਨਹੀਂ ਹੈ।
ਜਵਾਬ: ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਕੋਈ ਵੀ ਵਿਅਕਤੀ ਕਾਨੂੰਨ ਤੋਂ ਵੱਡਾ ਨਹੀਂ। ਜੇ ਕਿਸੇ ਨੂੰ ਖ਼ਾਲਿਸਤਾਨ ਲੈਣ ਦਾ ਚਾਅ ਹੈ ਤਾਂ ਪਹਿਲਾਂ ਅਫ਼ਗਾਨਿਸਤਾਨ ਤੋਂ ਸ਼ੁਰੂ ਕਰੇ ਫਿਰ ਗੱਲ਼ ਕਰੇ। ਸਭ ਤੋਂ ਮਾੜੀ ਗੱਲ ਇਹ ਹੈ ਕਿ ਜਿਹੜਾ ਵਿਅਕਤੀ ਦੂਜਿਆਂ ਨੂੰ ਗਾਲਾਂ ਕੱਢ ਰਿਹਾ ਹੈ, ਉਸ ਨੂੰ ਸਰਕਾਰ ਸੁਰੱਖਿਆ ਦੇ ਰਹੀ ਹੈ। ਉਹਨਾਂ ਉੱਤੇ ਤਾਂ ਕੇਸ ਹੋਣ ਹੋਣਾ ਚਾਹੀਦਾ ਹੈ। ਕਿਸੇ ਨੂੰ ਕੋਈ ਹੱਕ ਨਹੀਂ ਕਿ ਕਿਸੇ ਧਰਮ ਅਤੇ ਕਿਸੇ ਇਨਸਾਨ ਖ਼ਿਲਾਫ਼ ਗੱਲਾਂ ਕਰੇ।

ਸਵਾਲ: ਸ਼ਿਵਸੈਨਾ ਦੇ ਆਗੂ, ਜਿਨ੍ਹਾਂ ਦਾ ਕਤਲ ਹੋਇਆ, ਉਹ ਕਹਿੰਦੇ ਸੀ ਕਿ ਇਹ ਤਾਂ 2 ਫੀਸਦ ਨੇ, ਇਹਨਾਂ ਨੂੰ ਤਾਂ ਮਸਲ ਕੇ ਰੱਖ ਦੇਵਾਂਗੇ। ਉਸ ਇਨਸਾਨ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਚੁੱਕੀ ਜਾ ਰਹੀ ਹੈ। ਇਕ ਪਾਸੇ ਗੋਲੀ ਵੀ ਚੱਲੀ, ਸ਼ਾਇਦ ਉਸ ਤੋਂ ਬਰਦਾਸ਼ਤ ਨਹੀਂ ਹੋਇਆ। ਇਹੀ ਜ਼ਖਮ ਜਦੋਂ ਕੁਰੇਦੇ ਜਾਣਗੇ ਤਾਂ ਗੋਲੀਆਂ ਚੱਲਣਗੀਆਂ। ਗਲਤੀ ਦੋਵਾਂ ਦੀ ਹੈ। ਜਦੋਂ ਆਪਣੀ ਸਟੇਟ ਉੱਤੇ ਵਿਸ਼ਵਾਸ ਨਾ ਰਹੇ ਤਾਂ ਕੁਝ ਨੌਜਵਾਨ ਗਲਤ ਰਾਸਤੇ ਜਾਣਗੇ। ਇਸ ਵਿਚ ਕੇਂਦਰ ਦੀ ਭੂਮਿਕਾ ਵੀ ਹੈ। 2018 ਦੀ ਗੱਲ ਕਰੀਏ ਤਾਂ ਇਕ ਮੁੰਡੇ ਦੇ ਘਰ ਵਿਚ ਖ਼ਾਲਿਸਤਾਨ ਦੇ 2 ਪੈਂਫਲਿਟ ਪਏ ਸੀ, ਉਹ ਅਜੇ ਵੀ ਜੇਲ੍ਹ ਵਿਚ ਹੈ, ਇਕ ਦੀ ਮੌਤ ਹੋ ਗਈ ਸੀ। ਇਹ ਲੋਕ ਸ਼ਰੇਆਮ ਬੋਲ ਰਹੇ ਨੇ, ਉਹਨਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋ ਰਹੀ?
ਜਵਾਬ: ਮੈਂ ਬਿਲਕੁਲ ਸਹਿਮਤ ਹਾਂ ਕਿ ਇਸ ਦੇ ਲਈ ਕੇਂਦਰ ਸਰਕਾਰ ਉੱਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਮੈਂ ਭਾਜਪਾ ਵੱਲੋਂ ਬਹੁਤ ਸਪੱਸ਼ਟ ਕਹਿ ਸਕਦਾ ਹਾਂ ਕਿ ਜੇਕਰ ਹਿੰਦੁਸਤਾਨ ਦੀ ਕਿਸੇ ਵੀ ਸਟੇਟ ਨੂੰ ਅਜਿਹੇ ਅਨਸਰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਸ ਖ਼ਿਲਾਫ਼ ਤੁਰੰਤ ਕਾਰਵਾਈ ਹੋਵੇਗੀ। 

ਸਵਾਲ: ਜਥੇਦਾਰ ਸਾਬ੍ਹ ਨੇ ਬਹੁਤ ਦਰਦ ਨਾਲ ਕਿਹਾ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲਿਆਂ ਨੂੰ ਸੁਰੱਖਿਆ ਮਿਲ ਰਹੀ ਹੈ। ਅਸੀਂ ਇਕ ਵਾਰ ਆਪਣਾ ਅਕਾਲ ਤਖ਼ਤ ਢਹਿੰਦੇ ਹੋਏ ਦੇਖ ਚੁੱਕੇ ਹਾਂ, ਦੂਜੀ ਵਾਰ ਨਹੀਂ ਦੇਖਣਾ ਚਾਹੁੰਦੇ।
ਜਵਾਬ: ਹਰੇਕ ਵਿਅਕਤੀ ਦੇ ਦਿਲ ਵਿਚ ਆਪਣੀ ਕੌਮ ਪ੍ਰਤੀ ਪਿਆਰ ਅਤੇ ਅਕੀਦਤ ਹੈ। ਕੋਈ ਵਿਅਕਤੀ ਆ ਕੇ ਕਹੇ ਕਿ ਪੰਜਾਬ ਵਿਚ ਖ਼ਾਲਿਸਤਾਨ ਬਣਨਾ ਹੈ, ਇਹ ਗਲਤ ਗੱਲ ਹੈ, ਇਹ ਵੀ ਗਲਤ ਹੈ ਕਿ ਕੋਈ ਕਹੇ ਕਿ ਦਰਬਾਰ ਸਾਹਿਬ ਉੱਤੇ ਹਮਲਾ ਹੋਵੇ। ਦੋਵਾਂ ਖਿਲਾਫ਼ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ।

ਸਵਾਲ: ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦੀ ਹਾਲਤ ਮਾੜੀ ਹੈ ਜਾਂ ਪੰਜਾਬ ਵਿਚ ਕਤਲ ਹੋ ਰਹੇ ਹਨ। ਕਿਤੇ ਇਹ ਤਾਂ ਨਹੀਂ ਕਿ ਪੰਜਾਬ ਵਿਚ ਕਾਲਾ ਦੌਰ ਆ ਨਹੀਂ ਰਿਹਾ ਸਗੋਂ ਲਿਆਂਦਾ ਜਾ ਰਿਹਾ ਹੈ ਤਾਂ ਕਿ ਲੋਕ ਦੁਖੀ ਹੋ ਕਿ ਇਕ ਪਾਰਟੀ ਨੂੰ ਚੁਣ ਲੈਣ।
ਜਵਾਬ: ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਲੋਕ ਮਹਿਸੂਸ ਕਰ ਰਹੇ ਹਨ ਕਿ ਸਰਕਾਰ ਵੱਲੋਂ ਸਾਡੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋ ਰਹੇ। ਹਰ ਕੰਮ ਸੜਕਾਂ ਮੱਲ ਕੇ ਨਹੀਂ ਹੁੰਦਾ। ਜਦੋਂ ਕਿਸਾਨਾਂ ਨੇ ਦਿੱਲੀ ਵਿਚ ਪ੍ਰਦਰਸ਼ਨ ਕੀਤਾ ਤਾਂ 32 ਜਥੇਬੰਦੀਆਂ ਇਕੱਠੀਆਂ ਸਨ ਪਰ ਅੱਜ ਕੋਈ ਵੀ ਇਕੱਠਾ ਨਹੀਂ। ਇੰਨੀ ਵੱਡੀ ਲਹਿਰ ਇਕ ਸਾਲ ਵਿਚ ਹੀ ਖਿੱਲਰ ਗਈ।

ਸਵਾਲ:  ਇਕ ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਭਾਜਪਾ ਵੱਲੋਂ ਕਿਸਾਨਾਂ ਨੂੰ ਬਿਠਾਇਆ ਗਿਆ ਹੈ ਤਾਂ ਜੋ ਪੰਜਾਬ ਦਾ ਮਹੌਲ ਖ਼ਰਾਬ ਹੋਵੇ।
ਜਵਾਬ: ਕਿਸੇ ਉੱਤੇ ਇਲਜ਼ਾਮ ਲਗਾਉਣਾ ਬਹੁਤ ਸੌਖਾ ਹੈ। ਜੇਕਰ ਅਸੀਂ ਕਿਸਾਨਾਂ ਉੱਤੇ ਵੀ ਸ਼ੱਕ ਕਰਾਂਗੇ ਫਿਰ ਤਾਂ ਰੱਬ ਹੀ ਰਾਖਾ। ਫਿਰ ਤਾਂ ਕਿਸੇ ਨੂੰ ਵੀ ਖਰੀਦਿਆ ਜਾ ਸਕਦਾ ਹੈ।

ਸਵਾਲ: ਅੱਜ ਕਿਸਾਨ ਮਜਬੂਰ ਹੈ, ਉਹਨਾਂ ਦੀਆਂ ਲੋੜਾਂ ਬਾਰੇ ਕੋਈ ਨਹੀਂ ਸੁਣ ਰਿਹਾ। ਅਸੀਂ ਵੱਡੇ ਕਮਰਿਆਂ ਵਿਚ ਬੈਠ ਕੇ ਹੱਲ ਕੱਢਦੇ ਹਾਂ। ਅਸੀਂ ਉਦਯੋਗ ਲਿਆਉਣ ਦੀਆਂ ਗੱਲਾਂ ਕਰਦੇ ਹਾਂ ਪਰ ਅਜਿਹੇ ਉਦਯੋਗ ਕਿਉਂ ਨਹੀਂ ਲਿਆ ਰਹੇ ਜੋ ਸਾਡੀ ਕਿਸਾਨੀ ਲਈ ਫਾਇਦੇਮੰਦ ਹੋਣ। ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ ਅਗਲੇ 100 ਸਾਲ ਬਹੁਤ ਔਖੇ ਰਹਿਣ ਵਾਲੇ ਹਨ। ਸਾਨੂੰ ਮੁੱਢਲੀਆਂ ਲੋੜਾਂ ਵੀ ਨਹੀਂ ਮਿਲਣੀਆਂ।
ਜਵਾਬ: ਮੈਂ ਗ੍ਰਹਿ ਮੰਤਰੀ ਨੂੰ ਪੰਜਾਬ ਦੀ ਕਿਸਾਨੀ ਲਈ ਇਕ ਮਾਡਲ ਦਿੱਤਾ ਹੈ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਇਸ ਵਿਚ 1 ਕਰੋੜ 20 ਲੱਖ ਏਕੜ ਜ਼ਮੀਨ ਉੱਤੇ ਵਾਹੀ ਹੁੰਦੀ ਹੈ, ਅਸੀਂ ਸ਼ੂਗਲ ਮਿੱਲਾਂ ਲਗਾਉਂਦੇ ਹਾਂ ਅਤੇ ਉਹਨਾਂ ਨੂੰ ਇਲਾਕੇ ਅਲਾਟ ਕਰਦੇ ਹਾਂ। ਇਸੇ ਤਰ੍ਹਾਂ 5 ਹਜ਼ਾਰ ਏਕੜ ਉੱਤੇ ਇਕ ਯੂਨਿਟ ਬਣੇ ਅਤੇ ਐਗਰੋ ਬੇਸਟ ਇੰਡਸਟਰੀ ਲੱਗੇ, ਜਿਸ ਨੂੰ 10 ਸਾਲ ਲਈ ਟੈਕਸ ਛੋਟ ਮਿਲੇ। ਇਸ ਨਾਲ ਕਿਸਾਨਾਂ ਨੂੰ ਫਾਇਦਾ ਮਿਲੇਗਾ, ਪ੍ਰਾਈਵੇਟ ਪਲੇਅਰਜ਼ ਦੀ ਥਾਂ ਐਨਆਰਆਈਜ਼ ਨੂੰ ਤਰਜੀਹ ਦਿੱਤੀ ਜਾਵੇ। ਇਸ ਤੋਂ ਬਾਅਦ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਦੇ ਲੜਕੇ ਨੂੰ ਯੂਨਿਟ ਵਿਚ ਨੌਕਰੀ ਦਿੱਤੀ ਜਾਵੇਗੀ ਅਤੇ ਘਰ ਦੀ ਮਹਿਲਾ ਨੂੰ ਵੇਰਕਾ ਜਾਂ ਅਮੂਲ ਵੱਲੋਂ ਮੱਝਾਂ ਦਿੱਤੀਆਂ ਜਾਣਗੀਆਂ, ਪੈਸੇ ਦੀ ਕਟਾਈ ਦੁੱਧ ਦੀ ਕਮਾਈ ਵਿਚੋਂ ਹੀ ਹੋਵੇਗੀ। ਜੇ ਪੰਜਾਬ ਸਰਕਾਰ ਤਿਆਰ ਹੋਵੇ ਤਾਂ ਇਹ ਮਾਡਲ ਹੁਣੇ ਸ਼ੁਰੂ ਕੀਤਾ ਦਾ ਸਕਦਾ ਹੈ। ਅਮਰੀਕਾ ਤੋਂ ਮੇਰਾ ਇਕ ਦੋਸਤ 2 ਬਿਲੀਅਨ ਡਾਲਰ (12 ਹਜ਼ਾਰ ਕਰੋੜ) ਨਾਲ ਪੰਜਾਬ ਵਿਚ ਯੂਨਿਟ ਲਗਾਉਣਾ ਚਾਹੁੰਦਾ ਹੈ, ਉਸ ਨੇ ਸਰਕਾਰ ਦਾ ਦਰਵਾਜ਼ਾ ਖਟਕਾਇਆ ਪਰ ਕੋਈ ਜਵਾਬ ਨਹੀਂ ਮਿਲਿਆ। ਜੇ ਭਾਜਪਾ ਸੱਤਾ ਵਿਚ ਆਵੇਗੀ ਤਾਂ ਅਸੀਂ ਇਹ ਜ਼ਰੂਰ ਕਰਾਂਗੇ। ਉਮੀਦ ਕਰਦਾ ਹਾਂ ਕਿ ਪੰਜਾਬ ਸਰਕਾਰ ਇਸ ਬਾਰੇ ਜ਼ਰੂਰ ਸੋਚੇਗੀ।

ਸਵਾਲ: ਕੇਂਦਰ ਕੋਲ ਬਹੁਤ ਤਾਕਤ ਹੈ, ਅੱਜ ਵੀ ਉਹ ਪੰਜਾਬ ਦੀ ਮਦਦ ਕਰ ਸਕਦੀ ਹੈ ਕਿਉਂਕਿ ਦੇਸ਼ ਤਾਂ ਇਕ ਹੀ ਹੈ। ਸਾਡੇ ਕਿਸਾਨ ਭਾਰਤ ਸਰਕਾਰ ਦੇ ਕਿਸਾਨ ਹਨ।
ਜਵਾਬ: ਅਸੀਂ ਹਮੇਸ਼ਾ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਸਿਰੜੀ ਕਿਸਾਨ ਭਰਾ ਚੜਦੀਕਲਾ ਵਿਚ ਰਹਿਣ। ਸਾਡੇ ਕਿਸਾਨਾਂ ਨੇ ਦੁਨੀਆ ਦਾ ਢਿੱਡ ਭਰ ਕੇ ਦਸਤਾਰ ਦੀ ਸ਼ਾਨ ਵਧਾਈ ਹੈ। ਅਸੀਂ ਉਹ ਦੌਰ ਵੀ ਦੇਖਿਆ ਜਦੋਂ ਕਿਸਾਨ ਨਮਕ ਤੇ ਅਚਾਰ ਨਾਲ ਰੋਟੀ ਖਾ ਕੇ ਸ਼ੁਕਰਾਨਾ ਕਰਦੇ ਸੀ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਲੋਕਾਂ ਨੇ ਉਹਨਾਂ ਨੂੰ ਜੋ ਸੁਨਹਿਰੀ ਮੌਕਾ ਦਿਤਾ ਹੈ, ਉਸ ਨੂੰ ਸਾਂਭਣਾ ਚਾਹੀਦਾ ਹੈ। 7 ਮਹੀਨਿਆਂ ਵਿਚ ਹੀ ਲੋਕ ਇਹ ਅਰਦਾਸ ਕਰਦੇ ਨੇ ਕਿ ਸਾਨੂੰ ਇਹਨਾਂ ਤੋਂ ਕਦੋਂ ਨਿਜ਼ਾਤ ਮਿਲੇਗੀ।

ਸਵਾਲ: ਤੁਸੀਂ ਇਹ ਕਦੀ ਕੈਪਟਨ ਸਾਬ੍ਹ ਨੂੰ ਕਿਹਾ ਸੀ?
ਜਵਾਬ: ਮੈਂ ਤਾਂ ਕੈਪਟਨ ਸਾਬ੍ਹ ਨੂੰ ਇਹ ਵੀ ਕਹਿੰਦਾ ਰਿਹਾਂ ਕਿ ਪੰਜਾਬ ਨੂੰ ਲੁੱਟਣ ਵਾਲੇ ਮੰਤਰੀਆਂ ਨੂੰ ਕੱਢ ਦਿਓ, ਚੰਗੇ ਰਹੋਗੇ। ਉਹ ਨਹੀਂ ਮੰਨੇ। ਪੰਜਾਬ ਦੀ ਲੁੱਟ-ਖਸੁੱਟ ਪਹਿਲਾਂ ਅਕਾਲੀ ਦਲ ਨੇ ਕੀਤੀ, ਫਿਰ ਕਾਂਗਰਸ ਨੇ ਕੀਤੀ। ਅਸੀਂ ਆਸ ਰੱਖਦੇ ਸੀ ਕਿ ਨਵੇਂ ਬਦਲਾਅ ਵਾਲੀ ਪਾਰਟੀ ਇਸੇ ਕੰਮ ਉੱਤੇ ਨਾ ਚੱਲੇ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜੇਕਰ ਪੰਜਾਬ ਵਿਚ ਭਾਜਪਾ ਆਉਂਦੀ ਹੈ ਤਾਂ ਅਜਿਹੀ ਲੁੱਟ-ਖਸੁੱਟ ਵਾਲੇ ਵਿਅਕਤੀ ਨਹੀਂ ਮਿਲਣਗੇ।

ਸਵਾਲ: ਮੋਰਬੀ ਹਾਦਸੇ ਨੂੰ ਲੈ ਕੇ ਹਾਈ ਕੋਰਟ ਨੇ ਬਹੁਤ ਸਖ਼ਤ ਟਿੱਪਣੀ ਕੀਤੀ। ਇਕ ਵਿਅਕਤੀ ਨੂੰ ਬਿਨ੍ਹਾਂ ਟੈਂਡਰ ਦੇ ਲਗਾਤਾਰ ਬਿੱਲ ਦਿੱਤੇ ਗਏ, ਜਿਸ ਕਾਰਨ 134 ਮੌਤਾਂ ਹੋਈਆਂ। ਭ੍ਰਿਸ਼ਟਾਚਾਰ ਤਾਂ ਉੱਥੇ ਵੀ ਹੋ ਰਿਹਾ ਹੈ।
ਜਵਾਬ: ਇਹ ਬਹੁਤ ਮਾੜਾ ਹਾਦਸਾ ਹੋਇਆ ਹੈ, ਜਿਸ ਨੇ ਵੀ ਕੋਈ ਅਣਗਹਿਲੀ ਕੀਤੀ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਚਾਹੇ ਉਹ ਮੰਤਰੀ ਹੀ ਕਿਉਂ ਨਾ ਹੋਵੇ।

ਸਵਾਲ: ਤੁਹਾਨੂੰ ਸਿਆਸਤ ਵਿਚ 40 ਸਾਲ ਹੋ ਗਏ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਖੇਤਰ ਵਿਚ ਬਦਲਾਅ ਲਿਆਂਦਾ ਜਾ ਸਕਦਾ ਹੈ ਜਾਂ ਇੱਥੇ ਗੱਲਾਂ ਹੀ ਹੁੰਦੀਆਂ ਰਹਿਣਗੀਆਂ।
ਜਵਾਬ: ਬਿਲਕੁਲ ਤਬਦੀਲੀ ਆ ਸਕਦੀ ਹੈ। ਇਹ ਕਿਸੇ ਦੀ ਜਾਗੀਰ ਨਹੀਂ, ਇੱਥੇ ਕੋਈ ਨਹੀਂ ਬੈਠਾ ਰਹਿੰਦਾ। ਜੋ ਚੰਗਾ ਕੰਮ ਕਰੇਗਾ, ਉਹੀ ਮੁੜ ਆਏਗਾ। ਮੈਨੂੰ ਆਸ ਹੈ ਕਿ ਭਾਜਪਾ ਪੂਰੀ ਇਮਾਨਦਾਰ ਨਾਲ ਦੇਸ਼ ਅਤੇ ਸੂਬੇ ਪ੍ਰਤੀ ਵਫਾਦਾਰੀ ਨਿਭਾਏਗੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਅਮਰੀਕਾ ਤੋਂ ਪਰਤੇ ਨੌਜਵਾਨਾਂ ਦੇ ਪਰਿਵਾਰ ਵਾਲੇ ਹੋਏ ਪਏ ਬੇਹੱਦ ਪਰੇਸ਼ਾਨ

16 Feb 2025 12:09 PM

ਅਮਰੀਕਾ ਤੋਂ ਪਰਤੇ ਨੌਜਵਾਨ ਢਕ ਰਹੇ ਆਪਣੇ ਮੂੰਹ, ਪੁਲਿਸ ਦੀਆਂ ਗੱਡੀਆਂ 'ਚ ਬੈਠੇ ਦਿਖਾਈ ਦਿੱਤੇ ਨੌਜਵਾਨ

16 Feb 2025 12:04 PM

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੱਕ 'ਚ ਆਉਣ 'ਤੇ, ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

14 Feb 2025 12:19 PM

ਗ਼ੈਰ-ਕਾਨੂੰਨੀ ਪ੍ਰਵਾਸ ’ਤੇ PM ਮੋਦੀ ਤੇ ਰਾਸ਼ਟਪਤੀ ਟਰੰਪ ਵਿਚਾਲੇ ਕੀ ਗੱਲ ਹੋਈ ?

14 Feb 2025 12:15 PM

ਦਹਿਸ਼ਤ 'ਚ ਜਿਓਂ ਰਹੇ ਬਠਿੰਡਾ ਦੇ ਇਸ ਪਿੰਡ ਦੇ ਲੋਕ, ਸ਼ੱਕੀ ਜਾਨਵਰ ਹੋਰ ਦਾ ਖ਼ਦਸਾ

13 Feb 2025 12:14 PM
Advertisement