
ਸਿੱਖ ਭਾਈਚਾਰੇ ਵਿਚ ਪੈਦਾ ਹੋਇਆ ਭਾਰੀ ਰੋਸ
ਪੰਜਾਬ- ਗੁਰਦੁਆਰਿਆਂ ਅੰਦਰ tiktok ਵੀਡੀਓ ਬਣਾਉਣ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬਣਾਈ ਗਈ ਵੀਡੀਓ ਦਾ ਵਿਵਾਦ ਅਜੇ ਠੰਡਾ ਨਹੀਂ ਹੋਇਆ ਸੀ ਕਿ ਹੁਣ ਇੱਕ ਔਰਤ ਵੱਲੋਂ ਮੁਕਤਸਰ ਦੇ ਗੁਰਦੁਆਰਾ ਸਾਹਿਬ ਵਿਖੇ ਟਿਕਟੌਕ ਵੀਡੀਓ ਬਣਾਈ ਗਈ ਹੈ। ਜਿਸ ਤੋਂ ਬਾਅਦ ਸਿੱਖਾਂ ਦੇ ਗੁੱਸੇ ਨੂੰ ਹੋਰ ਹਵਾ ਮਿਲ ਗਈ ਹੈ।
ਮੁਕਤਸਰ ਦੇ ਗੁਰਦੁਆਰਾ ਸਾਹਿਬ ਵਿਖੇ ਬਣਾਈ ਗਈ ਇਸ ਵੀਡੀਓ ਵਿਚ ਇਕ ਔਰਤ ਸਰੋਵਰ ਵਿਚ ਬੈਠੀ ਹੈ ਅਤੇ ਪਾਕਿਸਤਾਨੀ ਡਰਾਮੇ ਦੇ ਡਾਇਲਾਗ 'ਤੇ ਵੀਡੀਓ ਬਣਾ ਕੇ ਗੁਰੂ ਘਰ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਵਾਰ ਵਾਰ ਬਣ ਰਹੀਆਂ ਇਨ੍ਹਾਂ ਵੀਡੀਓਜ਼ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਕਾਫੀ ਰੋਸ ਹੈ ਅਤੇ ਇਸ ਸਭ ਲਈ ਸਿੱਖਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਤੇ ਇਸਦੇ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਇਸ ਸੰਬੰਧੀ ਸਖਤ ਕਾਰਵਾਈ ਕਰੇ ਤਾ ਜੋ ਗੁਰੂ ਘਰਾਂ ਦੀ ਬੇਅਦਬੀ ਨਾ ਹੋਵੇ।
ਦੱਸ ਦਈਏ ਕਿ ਬੀਤੇ ਦਿਨੀਂ ਵੀ ਸ਼੍ਰੀ ਹਰਿਮੰਦਰ ਸਾਹਿਬ ਵਿਚ ਵੀ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਸੀ। ਜਿਸ ਵੀਡੀਓ ਵਿਚ ਕੁੱਝ ਲੜਕੀਆਂ ਡਾਂਸ ਕਰ ਰਹੀਆਂ ਸਨ। ਇਸ ਘਟਨਾ ਤੋਂ ਬਾਅਦ ਰੋਜ਼ਾਨਾ ਸਪੋਕਸਮੈਨ ਟੀ.ਵੀ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਕੁੜੀਆਂ ਨੇ ਆਪਣੀ ਇਸ ਹਰਕਤ ਤੇ ਨਾ ਸਿਰਫ਼ ਮੁਆਫ਼ੀ ਮੰਗੀ ਬਲਕਿ ਸ਼ਰਮਿੰਦਗੀ ਵੀ ਮਹਿਸੂਸ ਕੀਤੀ।
ਇਨ੍ਹਾਂ ਕੁੜੀਆਂ ਨੇ ਮੁਆਫੀ ਮੰਗਦਿਆਂ ਸਾਫ ਕੀਤਾ ਸੀ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਸਵਾਲ ਇਹ ਵੀ ਉੱਠਦਾ ਹੈ ਕਿ ਪਿਛਲੇ ਦਿਨੀਂ SGPC ਵੱਲੋਂ ਦਰਬਾਰ ਸਾਹਿਬ ਦੀਆਂ ਪਰਿਕਰਮਾਂ ਉਤੇ ਫ਼ੋਟੋਗ੍ਰਾਫੀ ਤੇ ਵੀਡੀਓ ਬਣਾਉਣ ਤੋਂ ਮਨਾਹੀ ਕੀਤੀ ਗਈ। ਬਕਾਇਦਾ ਬੋਰਡ ਵੀ ਲਗਾਏ ਗਏ ਤੇ ਦਾਅਵਾ ਕੀਤਾ ਗਿਆ ਕਿ SGPC ਦੀ ਆਗਿਆ ਤੋਂ ਬਿਨਾਂ ਕੋਈ ਵੀ ਸ਼ਖ਼ਸ ਵੀਡੀਓ ਨਹੀਂ ਬਣਾ ਸਕੇਗਾ ਤਾਂ ਫੇਰ ਇਨ੍ਹਾਂ ਕੁੜੀਆਂ ਦੀ ਇਸ ਹਰਕਤ ਉਤੇ SGPC ਦੇ ਸੇਵਾਦਾਰਾਂ ਜਾਂ ਨੁਮਾਇੰਦਿਆਂ ਦੀ ਨਜ਼ਰ ਕਿਉਂ ਨਹੀਂ ਪਈ।