
ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਜੇਲ੍ਹ ਮੰਤਰੀ ਉੱਤਰ ਪ੍ਰਦੇਸ਼ ਬਲਵੰਤ ਸਿੰਘ ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਨੂੰ ਮੁੜ ਪੰਜਾਬ ਵਿਚ ਸਰਗਰਮ ਕਰਨ ਦਾ ਐਲਾਨ ਕੀਤਾ ਹੈ....
ਐਸ.ਏ.ਐਸ. ਨਗਰ - ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਜੇਲ੍ਹ ਮੰਤਰੀ ਉੱਤਰ ਪ੍ਰਦੇਸ਼ ਬਲਵੰਤ ਸਿੰਘ ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਨੂੰ ਮੁੜ ਪੰਜਾਬ ਵਿਚ ਸਰਗਰਮ ਕਰਨ ਦਾ ਐਲਾਨ ਕੀਤਾ ਹੈ। ਇਸ ਵਾਰ ਉਨ੍ਹਾਂ ਇਸ ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਦਸਿਆ ਹੈ। ਇਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਮੂਵਾਲੀਆ ਨੇ ਦਸਿਆ ਕਿ 14 ਜੁਲਾਈ ਨੂੰ ਲੁਧਿਆਣਾ ਵਿਖੇ ਲੋਕ ਭਲਾਈ ਪਾਰਟੀ ਦੇ ਸਾਰੇ ਆਗੂਆਂ, ਵਰਕਰਾਂ ਅਤੇ ਰਾਜਸੀ ਲੋਕਾਂ ਦੀ ਇੱਕ ਸਲਾਹਕਾਰ ਮੀਟਿੰਗ ਰੱਖੀ ਹੈ, ਜਿਸ ਵਿਚ ਪੰਜਾਬ ਵਿੱਚ ਨਸ਼ਿਆਂ ਦੇ ਖਾਤਮੇ ਲਈ ਅਹਿਮ ਫੈਸਲੇ ਲਏ ਜਾਣਗੇ।
ਉਨ੍ਹਾਂ ਕਿਹਾ ਕਿ ਉਹ ਮੀਟਿੰਗ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਦਸਣਗੇ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਬਰਬਾਦ ਕਰਨ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੇ ਕੌਣ ਸਨ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ, ਜਵਾਨੀ, ਫੌਜੀ ਭਰਤੀ, ਟਰਾਂਸਪੋਰਟ ਵਿੱਚ ਪੂਰੇ ਦੇਸ਼ ਵਿਚ ਇਕ ਨੰਬਰ 'ਤੇ ਮਨਿਆ ਜਾਂਦਾ ਸੀ ਅਤੇ ਦੇਸ਼ ਦੀ ਰਾਖੀ ਲਈ ਪੰਜਾਬ ਦੇ ਗਭਰੂ ਲੋਹੇ ਦੀ ਕੰਧ ਬਣ ਕੇ ਰਾਖੀ ਕਰਦੇ ਸੀ।
ਹੁਣ ਉਹ ਮਹਿਸੂਸ ਕਰਦੇ ਹਨ ਕਿ 2007 ਤੋਂ 2017 ਤੱਕ ਦਾ ਦਹਾਕਾ ਪੰਜਾਬ ਲਈ ਭਿਆਨਕ ਕਹਿਰ 'ਤੇ ਬਰਬਾਦੀ ਦਾ ਕਾਲਾ ਦੌਰ ਸੀ ਜਿਨ੍ਹਾਂ ਨੇ ਪੰਜਾਬ ਨੂੰ ਸਾੜ ਕੇ ਸੁਆਹ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ 10 ਜੁਲਾਈ ਨੂੰ ਟ੍ਰੈਵਲ ਏਜੰਟਾਂ ਦੇ ਖਿਲਾਫ ਧਰਨਾ ਲਗਾਉਣ ਦਾ ਐਲਾਨ ਕੀਤਾ ਸੀ ਪਰ ਇਸ ਸਮੇਂ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਦਮ ਚੁਕਣ ਦੀ ਲੋੜ ਹੈ। ਇਸ ਲਈ ਧਰਨਾ ਮੁਤਲਵੀ ਕਰ ਦਿੱਤਾ ਗਿਆ ਹੈ।