
ਸਰਕਾਰ ਬਿਜਲੀ ਸਮਝੌਤਿਆਂ ਬਾਰੇ ਵ੍ਹਾਈਟ ਪੇਪਰ ਲਿਆਵੇੇ : ਸਿੱਧੂ
ਚੰਡੀਗੜ੍ਹ, 5 ਜੁਲਾਈ (ਭੁੱਲਰ) : ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸਮਝੌਤਿਆਂ 'ਤੇ ਟਵੀਟ ਕਰ ਕੇ ਕਾਂਗਰਸ ਦੇ ਨਾਲ-ਨਾਲ ਬਾਦਲਾਂ ਨੂੰ ਵੀ ਨਿਸ਼ਾਨੇ 'ਤੇ ਲਿਆ ਹੈ | ਨਵਜੋਤ ਸਿੱਧੂ ਨੇ ਕਿਹਾ ਹੈ ਕਿ ਬਾਦਲਾਂ ਦੇ ਦਸਤਖ਼ਤ ਕੀਤੇ ਬਿਜਲੀ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਇਨ੍ਹਾਂ ਵਿਰੁਧ ਕਾਨੂੰਨੀ ਵਿਕਲਪ ਸੀਮਤ ਹਨ ਕਿਉਂਕਿ ਇਨ੍ਹਾਂ ਸਮਝੌਤਿਆਂ ਨੂੰ ਮਾਣਯੋਗ ਅਦਾਲਤਾਂ ਵਲੋਂ ਸੁਰੱਖਿਆ ਮਿਲੀ ਹੋਈ ਹੈ | ਸਿੱਧੂ ਨੇ ਕਿਹਾ ਕਿ ਇਨ੍ਹਾਂ ਤੋਂ ਬਚਣ ਲਈ ਇਕੋ-ਇਕ ਰਾਹ ਪੰਜਾਬ ਵਿਧਾਨ ਸਭਾ ਵਲੋਂ ਨਵਾਂ ਕਾਨੂੰਨ ਬਣਾਉਣਾ ਹੀ ਹੈ, ਜੋ ਬਿਜਲੀ ਖ਼ਰੀਦ ਕੀਮਤਾਂ ਦੀ ਹੱਦ ਤੈਅ ਕਰੇ, ਪਿਛਲੀ ਸਥਿਤੀ ਵੀ ਬਹਾਲ ਕਰੇ ਅਤੇ ਇਨ੍ਹਾਂ ਲੋਕ ਵਿਰੋਧੀ ਸਮਝੌਤਿਆਂ ਨੂੰ ਰੱਦ ਕਰੇ | ਨਵਜੋਤ ਸਿੱਧੂ ਨੇ ਦੂਜਾ ਟਵੀਟ ਕਰਦਿਆਂ ਕਿਹਾ ਕਿ ਵਿਧਾਨ ਸਭਾ 'ਚ ਬਿਜਲੀ ਖ਼ਰੀਦ ਸਮਝੌਤਿਆਂ 'ਤੇ ਸਫ਼ੇਦ ਪੱਤਰ (ਵਾਈਟ ਪੇਪਰ) ਲਿਆਂਦਾ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਭਿ੍ਸ਼ਟ ਸਮਝੌਤਿਆਂ ਨੂੰ ਕਲਮਬੱਧ ਵਾਲੇ ਬਾਦਲਾਂ 'ਤੇ ਹੋਰਾਂ ਨੂੰ ਲੋਕਾਂ ਦੀ ਕਚਹਿਰੀ 'ਚ ਜਵਾਬਦੇਹ ਬਣਾਇਆ ਜਾ ਸਕੇ |
ਉਨ੍ਹਾਂ ਕਿਹਾ ਕਿ ਮੈਂ ਇਸ ਦੀ ਮੰਗ ਸਾਲ 2017 ਤੋਂ ਕਰ ਰਿਹਾਂ ਹਾਂ ਪਰ ਇਸ ਮਹਿਕਮੇ 'ਚ ਅਫ਼ਸਰਸ਼ਾਹੀ ਦੇ ਦਬਦਬੇ ਨੇ ਲੋਕਾਂ ਦੇ ਚੁਣੇ ਮੰਤਰੀਆਂ ਨੂੰ ਖੁੱਡੇ ਲਾ ਰਖਿਆ ਹੈ | ਸਿੱਧੂ ਨੇ ਫਿਰ ਦੁਹਰਾਇਆ ਕਿ ਪੰਜਾਬ ਅੰਦਰ ਬਿਜਲੀ ਮੁਫ਼ਤ ਵੀ ਦਿਤੀ ਜਾ ਸਕਦੀ ਹੈ ਜੇਕਰ ਇਹ ਮਹਿਕਮੇ ਨੂੰ ਚੰਗੇ ਢੰਗ ਨਾਲ ਚਲਾਇਆ ਜਾਵੇ | ਉਨ੍ਹਾਂ ਕਿਹਾ ਕਿ ਪਹਿਲਾਂ ਬਿਜਲੀ ਸਮਝੌਤਿਆਂ ਰਾਹੀਂ ਪੈਸੇ ਖਾਣ ਵਾਲਿਆਂ ਨੂੰ ਕਟਹਿਰੇ ਵਿਚ ਖੜਾ ਕੀਤਾ ਜਾਣਾ ਚਾਹੀਦਾ ਹੈ |