
ਸੂਬੇ ਵਿੱਚ ਛਾਪੇਮਾਰੀ ਤੇ ਜਾਂਚ ਸਬੰਧੀ ਗਤਿਵਿਧੀਆਂ ਨੂੰ ਜਾਰੀ ਰੱਖਦਿਆਂ ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਗਵਾਂਢੀ ਸੂਬਿਆਂ ਤੋਂ ਆ ਰਹੇ..........
ਚੰਡੀਗੜ੍ਹ : ਸੂਬੇ ਵਿੱਚ ਛਾਪੇਮਾਰੀ ਤੇ ਜਾਂਚ ਸਬੰਧੀ ਗਤਿਵਿਧੀਆਂ ਨੂੰ ਜਾਰੀ ਰੱਖਦਿਆਂ ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਗਵਾਂਢੀ ਸੂਬਿਆਂ ਤੋਂ ਆ ਰਹੇ ਘਟੀਆ ਕਿਸਮ ਦੇ ਖੋਏ ਅਤੇ ਪਨੀਰ ਨੂੰ ਰੋਕਣ ਦੇ ਉਦੇਸ਼ ਨਾਲ ਸੁਵੱਖਤੇ ਛਾਪੇਮਾਰੀ ਕਰਕੇ ਜਾਂਚ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਕੇ.ਐਸ. ਪੰਨੂ, ਕਮਿਸ਼ਨਰ, ਫੂਡ ਸੇਫਟੀ ਨੇ ਦੱਸਿਆ ਕਿ ਗਵਾਂਢੀ ਸੂਬਿਆਂ ਤੋਂ ਬੜੀ ਵੱਡੀ ਮਾਤਰਾ ਵਿੱਚ ਘਟੀਆ ਕਿਸਮ ਦੇ ਪਾਧ-ਪਦਾਰਥ ਸਵੇਰ ਦੇ ਪਹਿਲੇ ਸਮੇਂ ਆਉਣ ਵਾਲੀਆਂ ਰੇਲ ਗੱਡੀਆਂ ਰਾਹੀਂ ਸੂਬੇ ਦੇ ਬਾਜ਼ਾਰਾਂ ਵਿੱਚ ਪਹੁੰਚਾਏ ਜਾ ਰਹੇ ਹਨ।
ਇਸ ਸਬੰਧ ਵਿੱਚ ਰੇਲਵੇ ਅਥਾਰਟੀਆਂ ਨਾਲ ਮੀਟਿੰਗ ਕੀਤੀ ਗਈ ਤਾਂ ਜੋ ਉਹਨਾਂ ਨੂੰ ਇਸ ਮਾਮਲੇ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਤੋਂ ਬਾਅਦ ਵਿਸ਼ੇਸ਼ ਟੀਮਾਂ ਵੱਲੋਂ ਕੁਝ ਰੇਲਵੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਗਈ। ਮੌਕੇ 'ਤੇ ਸੈਂਪਲ ਲਏ ਗਏ ਜੋ ਕਿ ਸਟੇਟ ਲੈਬਾਰਟਰੀ ਖਰੜ ਵਿੱਚ ਜਾਂਚ ਲਈ ਭੇਜ ਦਿੱਤੇ ਗਏ। ਰੇਲਵੇ ਅਥਾਰਟੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿੰਨ੍ਹਾਂ ਰੇਲਵੇ ਸਟੇਸ਼ਨਾਂ -ਤੇ ਅਜਿਹੇ ਘਟੀਆ ਦੁੱਧ ਤੋਂ ਬਣੇ ਪਦਾਰਥਾਂ ਦੀ ਆਮਦ ਅੱਜ ਨਹੀਂ ਹੋਈ ਹੈ ਉਨ੍ਹਾਂ ਦੀ ਪਹੁੰਚ ਉਪਰੰਤ, ਲਿਫਟਿੰਗ ਤੋਂ ਪਹਿਲਾਂ ਫੂਡ ਸੇਫਟੀ ਦੀਆਂ ਟੀਮਾਂ ਨੂੰ ਸੂਚਿਤ ਕਰ ਦਿੱਤਾ ਜਾਵੇ ਤਾਂ ਜੋ ਸੈਂਪਲ ਲਏ ਜਾ ਸਕਣ ਅਤੇ ਕਵਾਲਟੀ ਟੈਸਟ ਕਰਵਾਇਆ ਜਾ ਸਕੇ।
ਰੇਲਵੇ ਅਥਾਰਟੀਆਂ ਵੱਲੋਂ ਪੂਰਾ ਸਹਿਯੋਗ ਅਤੇ ਅਜਿਹੇ ਪਾਦਰਥਾਂ ਦੀ ਆਮਦ ਸਬੰਧੀ ਹਰ ਕਿਸਮ ਦੀ ਜਾਣਕਾਰੀ ਦੇਣ ਦਾ ਭਰੋਸਾ ਦਿੱਤਾ ਹੈ। ਸ੍ਰੀ ਪੰਨੂ ਨੇ ਦੱਸਿਆ ਕਿ ਗਵਾਂਢੀ ਸੂਬਿਆਂ ਤੋਂ ਸੜਕੀ ਮਾਰਗਾਂ ਰਾਹੀਂ ਆ ਰਹੇ ਅਜਿਹੇ ਘਟੀਆ ਦੁੱਧ ਤੇ ਦੁੱਧ-Àਤਪਾਦਾਂ ਦੀ ਆਮਦ ਰੋਕਣ ਲਈ ਸੜਕਾਂ 'ਤੇ ਨਾਕੇ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਦੁੱਧ ਸੰਸਥਾਨਾਂ ਦੀ ਸੂਬਾ ਪੱਧਰੀ ਜਾਂਚ ਅੱਜ ਦੂਜੇ ਦਿਨ ਵੀ ਜਾਰੀ ਰਹੀ ,
ਜਿਸ ਦੌਰਾਨ 150 ਸੈਂਪਲ ਲਏ ਗਏ ਅਤੇ ਕਵਾਲਟੀ ਜਾਂਚ ਲਈ ਭੇਜੇ ਗਏ। ਇਹ ਸੈਂਪਲ ਵੱਡੇ ਡੇਅਰੀ ਧਾਰਕਾਂ ਤੇ ਦੁੱਧ ਵੇਚਣ ਵਾਲਿਆਂ ਤੋਂ ਲਏ ਗਏ। ਇਸ ਦੇ ਨਾਲ ਹੀ ਦੇਸੀ ਘੀ, ਖੋਇਆ, ਪਨੀਰ ਦੇ ਸੈਂਪਲ ਵੀ ਲਏ ਗਏ ਅਤੇ ਜਾਂਚ ਲਈ ਭੇਜੇ ਗਏ। ਇਸ ਛਾਪੇਮਾਰੀ ਦੌਰਾਨ ਘਟੀਆ ਦੁੱਧ ਤੇ ਸੰਕ੍ਰਮਿਤ ਕ੍ਰੀਮ ਵੀ ਬਰਾਮਦ ਕੀਤੀ ਗਈ ਅਤੇ ਮੌਕੇ ਤੇ ਹੀ ਨਸ਼ਟ ਕਰ ਦਿੱਤੀ ਗਈ।