
ਕੌਮਾਂਤਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਬੀਜਾ ਵਿਖੇ.............
ਬੀਜਾ : ਕੌਮਾਂਤਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਬੀਜਾ ਵਿਖੇ ਵਿਦਿਆਰਥਣਾਂ ਵਲੋਂ ਹਰ ਸਾਲ ਵਿਸ਼ਵ ਵਿਚ “ਮਾਂ ਦੇ ਦੁੱਧ ਦੀ ਮਹੱਤਤਾ” ਨੂੰ ਦਰਸਾਉਂਦੇ ਹਫ਼ਤੇ 1 ਅਗੱਸਤ ਤੋਂ 7 ਅਗੱਸਤ ਤਕ ਚੱਲਣ ਵਾਲੇ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਕੁਲਾਰ ਸੰਸਥਾਵਾਂ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਕੀਤੀ। ਇਹ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਅਤੇ ਪ੍ਰੋ. ਅਰਪਨ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।
1 ਅਗੱਸਤ ਨੂੰ ਜੀ.ਐੱਨ.ਐੱਮ ਦੀਆਂ ਵਿਦਿਆਰਥਣਾਂ ਵਲੋਂ ਕਾਲਜ ਵਿਖੇ “ਮਾਂ ਦੇ ਦੁੱਧ ਦੀ ਮਹੱਤਤਾ” ਨਾਲ ਸਬੰਧੀ ਪੋਸਟਰ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਵਿਦਿਆਰਥਣਾਂ ਨੇ ਵੱਖ-ਵੱਖ ਪੋਸਟਰਾਂ ਦੀ ਪ੍ਰਦਰਸ਼ਨੀ ਲਗਾ ਕੇ “ਮਾਂ ਦੇ ਦੁੱਧ ਦੀ ਮਹੱਤਤਾ” ਬਾਰੇ ਜਾਣੂ ਕਰਵਾਇਆ। ਇਸ ਮੁਕਾਬਲੇ ਵਿਚੋਂ ਜੀ.ਐੱਨ.ਐੱਮ. ਭਾਗ ਤੀਜੇ ਦੀ ਵਿਦਿਆਰਥਣ ਮਿਸ ਪਵਨਪ੍ਰੀਤ ਕੌਰ ਦੇ ਗਰੁੱਪ ਨੇ ਪਹਿਲਾ ਤੇ ਮਿਸ ਮਨਿੰਦਰਪਾਲ ਕੌਰ ਤੇ ਗਰੁੱਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਰਾਜਿੰਦਰ ਨੇ ਦਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਬਹੁਤ ਗੁਣਕਾਰੀ ਹੈ, ਜਿਸ ਦੀ ਜਾਣਕਾਰੀ ਨਵੀਂ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਮਾਂ ਦੇ ਦੁੱਧ ਦੀ ਥਾਂ ਬੋਤਲ ਨਾਲ ਦੁੱਧ ਪੀਂਦੇ ਹਨ, ਉਨ੍ਹਾਂ ਵਿਚ ਦਸਤ ਰੋਗ ਤੇ ਛਾਤੀ ਰੋਗ ਨਮੂਨੀਆ ਦੀ ਸੰਭਾਵਨਾ 18 ਗੁਣਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖੋਜਾਂ ਤੋਂ ਪਤਾ ਚਲਦਾ ਹੈ ਕਿ ਜੇ ਮਾਵਾਂ ਪਹਿਲੇ ਘੰਟੇ ਵਿਚ ਬੱਚੇ ਨੂੰ ਦੁੱਧ ਪਿਲਾਉਣਾ ਸ਼ੁਰੂ ਕਰਦੀਆਂ ਹਨ ਤਾਂ ਬੱਚੇ ਵਿਚ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਵੱਧ ਜਾਂਦੀ ਹੈ ਜਿਸ ਨਾਲ ਨਵੇਂ ਜਨਮੇ ਬੱਚਿਆਂ ਵਿਚ 22 ਫ਼ੀ ਸਦੀ ਮੌਤ ਦੀ ਦਰ ਘਟਾਈ ਜਾ ਸਕਦੀ ਹੈ।
ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਲਗਾਈ ਪੋਸਟਰਾਂ-ਪ੍ਰਦਰਸ਼ਨੀ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ, ਜਿਸ ਨਾਲ ਬੱਚੇ ਦਾ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ। ਇਸ ਕਾਲਜ 'ਚ ਬੇਸਿਕ ਬੀ.ਐਸ.ਸੀ. ਨਰਸਿੰਗ, ਪੋਸਟ ਬੇਸਿਕ ਬੀ. ਐਸ.ਸੀ.ਨਰਸਿੰਗ, ਜੀ.ਐੱਨ.ਐੱਮ ਅਤੇ ਏ.ਐੱਨ.ਐੱਮ ਦੇ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ। ਇਸ ਸੰਸਥਾ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਲੜਕੀਆਂ ਕੋਰਸ ਪ੍ਰਾਪਤ ਕਰ ਕੇ ਵਿਦੇਸ਼ ਤੇ ਭਾਰਤ ਦੇ ਨਾਮਵਰ ਹਸਪਤਾਲਾਂ ਵਿਚ ਸੇਵਾਵਾਂ ਨਿਭਾ ਰਹੀਆਂ ਹਨ।