
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫ਼ਰੀਦਕੋਟ ਫੇਰੀ ਦਾ ਪੰਥਕ ਧਿਰਾਂ ਨੇ ਜ਼ਬਰਦਸਤ ਵਿਰੋਧ ਕੀਤਾ.............
ਫ਼ਰੀਦਕੋਟ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫ਼ਰੀਦਕੋਟ ਫੇਰੀ ਦਾ ਪੰਥਕ ਧਿਰਾਂ ਨੇ ਜ਼ਬਰਦਸਤ ਵਿਰੋਧ ਕੀਤਾ ਜਿਸ ਕਰ ਕੇ ਅਕਾਲੀ ਵਰਕਰਾਂ ਅਤੇ ਪੰਥਕ ਧਿਰਾਂ ਦਰਮਿਆਨ ਚਾਂਦ ਪੈਲੇਸ ਦੇ ਬਾਹਰ ਟਕਰਾਅ ਵੀ ਹੋ ਗਿਆ। ਸੁਖਬੀਰ ਦੀ ਫੇਰੀ ਤੋਂ ਕੁੱਝ ਸਮਾਂ ਪਹਿਲਾਂ ਪੰਥਕ ਧਿਰਾਂ ਨੇ ਅਕਾਲੀ ਦਲ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਰੈਲੀ ਵਾਲੀ ਥਾਂ 'ਤੇ ਇਕੱਤਰ ਹੋ ਗਏ। ਦੂਜੇ ਪਾਸੇ, ਅਕਾਲੀ ਦਲ ਦੇ ਕਰੀਬ 300 ਵਰਕਰ ਵੀ ਪੂਰੀ ਤਿਆਰੀ ਨਾਲ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਵਿਚ ਰੈਲੀ ਵਾਲੀ ਥਾਂ 'ਤੇ ਪੁੱਜ ਗਏ।
ਜ਼ਿਲ੍ਹਾ ਪੁਲਿਸ ਨੂੰ ਟਕਰਾਅ ਦੀਆਂ ਸੂਚਨਾਵਾਂ ਪਹਿਲਾਂ ਹੀ ਮਿਲ ਚੁੱਕੀਆਂ ਸਨ, ਇਸ ਕਰ ਕੇ ਸੁਖਬੀਰ ਬਾਦਲ ਦੀ ਰੈਲੀ ਵਾਲੀ ਥਾਂ 'ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਅਕਾਲੀ ਆਗੂਆਂ ਨੇ ਪੰਥਕ ਧਿਰਾਂ ਨਾਲ ਸਿੱਧੀ ਟੱਕਰ ਲੈਣ ਦੀ ਨੀਅਤ ਨਾਲ ਹੱਲਾ ਬੋਲ ਦਿਤਾ। ਜ਼ਿਲ੍ਹਾ ਪੁਲਿਸ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਦੋਹਾਂ ਧਿਰਾਂ ਦਰਮਿਆਨ ਪੈਦਾ ਹੋਏ ਟਕਰਾਅ ਨੂੰ ਟਾਲ ਦਿਤਾ। ਪੰਥਕ ਧਿਰਾਂ ਦੀ ਅਗਵਾਈ ਕਰ ਰਹੇ ਭਾਈ ਜਸਕਰਨ ਸਿੰਘ ਅਤੇ ਦਵਿੰਦਰ ਸਿੰਘ ਹਰੀਏਵਾਲਾ ਆਦਿ ਮੌਕੇ ਤੋਂ ਚਲੇ ਗਏ।
ਇਸ ਵਿਵਾਦ ਵਿਚ ਗੁਰਦੁਆਰਾ ਖ਼ਾਲਸਾ ਦੀਵਾਨ ਦੇ ਰਿਸੀਵਰ ਤੇ ਅਕਾਲੀ ਆਗੂ ਅਵਤਾਰ ਸਿੰਘ ਖੋਸਾ ਮਾਮੂਲੀ ਜ਼ਖ਼ਮੀ ਹੋ ਗਏ। ਅਕਾਲੀ ਆਗੂ ਬੰਟੀ ਰੋਮਾਣਾ ਨੇ ਕਿਹਾ ਕਿ ਪੰਥਕ ਧਿਰਾਂ ਉਨ੍ਹਾਂ ਦੀ ਸ਼ਰਾਫ਼ਤ ਦਾ ਨਾਜਾਇਜ਼ ਫ਼ਾਇਦਾ ਉਠਾ ਰਹੀਆਂ ਸਨ, ਇਸ ਲਈ ਉਹ ਪਹਿਲਾਂ ਹੀ ਤਿਆਰੀ 'ਚ ਸਨ। ਦੂਜੇ ਪਾਸੇ, ਜਸਕਰਨ ਸਿੰਘ ਕਾਹਨ ਵਾਲਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਅਕਾਲੀ ਦਲ ਦੀ ਸਿੱਧੀ ਸ਼ਮੂਲੀਅਤ ਹੈ, ਇਸ ਲਈ ਅਕਾਲੀ ਦਲ ਦਾ ਜਨਤਕ ਤੌਰ 'ਤੇ ਵਿਰੋਧ ਕੀਤਾ ਜਾਵੇਗਾ। ਇਹ ਵਿਵਾਦ ਸਮਾਪਤ ਹੋਣ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਰੈਲੀ ਵਾਲੀ ਜਗ੍ਹਾ 'ਤੇ ਪੁੱਜੇ।
ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਧਿਆਨ ਸਿੰਘ ਮੰਡ ਕਾਂਗਰਸ ਦੇ ਇਸ਼ਾਰੇ 'ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਧਰਨੇ 'ਤੇ ਬੈਠੇ ਪੰਥਕ ਆਗੂਆਂ ਦੇ ਇਤਿਹਾਸ ਨੂੰ ਪਰਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁੱਝ ਪੰਥਕ ਆਗੂਆਂ ਨੂੰ ਰੋਜ਼ਾਨਾ ਲੱਖਾਂ ਰੁਪਏ ਫ਼ੰਡ ਆ ਰਿਹਾ ਹੈ ਅਤੇ ਇਸੇ ਫ਼ੰਡ ਦੇ ਲਾਲਚ ਲਈ ਉਹ ਮੋਰਚਾ ਲਾਈ ਬੈਠੇ ਹਨ। ਅਕਾਲੀ ਆਗੂ ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਥਕ ਧਿਰਾਂ ਦੇ ਵਿਰੋਧ ਤੋਂ ਡਰਨ ਦੀ ਲੋੜ ਨਹੀਂ।