
ਵਿਧਾਨ ਸਭਾ 'ਚ ਪੇਸ਼ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਚ ਸੱਚ ਸਾਹਮਣੇ ਆਉਣ ਤੋਂ ਬਾਅਦ ਬਾਦਲਾਂ ਵਿਚ ਘਬਰਾਹਟ ਪੈਦਾ ਹੋ ਗਈ ਹੈ.....
ਚੰਡੀਗੜ੍ਹ : ਵਿਧਾਨ ਸਭਾ 'ਚ ਪੇਸ਼ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਚ ਸੱਚ ਸਾਹਮਣੇ ਆਉਣ ਤੋਂ ਬਾਅਦ ਬਾਦਲਾਂ ਵਿਚ ਘਬਰਾਹਟ ਪੈਦਾ ਹੋ ਗਈ ਹੈ। ਪੰਜਾਬ ਭਰ ਵਿਚੋਂ ਵਿਰੋਧ ਦੀਆਂ ਖ਼ਬਰਾਂ ਆਉਣ ਨਾਲ ਬਾਦਲ ਪਰਵਾਰ ਦਾ ਡਰ ਨਾਲ ਸਾਹ ਫੁਲਣ ਲੱਗ ਪਿਆ ਹੈ।
ਅਕਾਲੀ ਦਲ ਦੀ ਅੱਜ ਚੰਡੀਗੜ੍ਹ 'ਚ ਸੱਦੀ ਕੋਰ ਕਮੇਟੀ ਤੇ ਜ਼ਿਲ੍ਹਾ ਇੰਚਾਰਜਾਂ ਦੀ ਮੀਟਿੰਗ ਵਿਚ ਜਸਟਿਸ ਰਣਜੀਤ ਸਿੰਘ ਰੀਪੋਰਟ ਜਨਤਕ ਹੋਣ ਤੋਂ ਬਾਅਦ ਪੈਦਾ ਹੋਏ ਨਵੇਂ ਹਾਲਾਤ 'ਤੇ ਫ਼ਿਕਰ ਜ਼ਾਹਰ ਕੀਤਾ ਗਿਆ ਹੈ। ਉਂਜ ਇਹ ਮੀਟਿੰਗ ਪੰਚਾਇਤਾਂ ਅਤੇ ਸੰਮਤੀ ਚੋਣਾਂ ਬਾਰੇ ਵਿਚਾਰ ਕਰਨ ਲਈ ਸੱਦੀ ਗਈ ਸੀ।
Parkash Singh Badal
ਸੂਤਰਾਂ ਮੁਤਾਬਕ ਕੋਰ ਕਮੇਟੀ ਦੀ ਮੀਟਿੰਗ ਵਿਚ ਇਸ ਸੁਝਾਅ 'ਤੇ ਸਹਿਮਤੀ ਬਣੀ ਕਿ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਅਤੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪਰਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਲੋਕ ਰੋਹ ਤੋਂ ਬਚਣ ਲਈ ਅਪਣੇ ਦੌਰਿਆਂ 'ਚ ਤੁਰਤ ਕਟੌਤੀ ਕਰ ਦੇਣ। ਸਾਬਕਾ ਮੁੱਖ ਮੰਤਰੀ ਅਤੇ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਸਿਹਤ ਖ਼ਰਾਬ ਹੋਣ ਕਾਰਨ ਘਰੋਂ ਬਾਹਰ ਨਹੀਂ ਨਿਕਲ ਰਹੇ।
Harsimrat Kaur Badal
ਮੀਟਿੰਗ ਵਿਚ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੂੰ ਜੱਦੀ ਪਿੰਡ ਵਿਚ ਰੱਖੇ ਸਮਾਗਮ 'ਚ ਜਾਣ ਤੋਂ ਰੋਕਣ ਉਤੇ ਵਧੇਰੇ ਫਿਕਰਮੰਦੀ ਜ਼ਾਹਰ ਕੀਤੀ ਗਈ ਹੈ। ਮੀਟਿੰਗ ਦੌਰਾਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਧਾਨ ਸਭਾ 'ਚ ਪੇਸ਼ ਹੋਣ ਤੋਂ ਬਾਅਦ ਪਾਰਟੀ ਦੀ ਸਾਖ ਨੂੰ ਲੱਗ ਰਹੇ ਖੋਰੇ ਉਤੇ ਵੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਕੋਰ ਕਮੇਟੀ ਦੀ ਮੀਟਿੰਗ ਸੁਖਬੀਰ ਬਾਦਲ ਦੇ ਐਮਐਲਏ ਫ਼ਲੈਟ ਵਿਚ ਹੋਈ, ਜਦੋਂ ਕਿ ਜ਼ਿਲ੍ਹਾ ਇੰਚਾਰਜਾਂ ਦੀ ਮੀਟਿੰਗ ਦਲ ਦੇ ਸੈਕਟਰ-28 ਸਥਿਤ ਦਫ਼ਤਰ ਵਿਚ ਰੱਖੀ ਗਈ ਸੀ।
Bikram Singh Majithia
ਇਕ ਵੱਖਰੀ ਜਾਣਕਾਰੀ ਅਨੁਸਾਰ ਢਾਡੀ ਵਾਰ ਗਾਇਕਾ ਬੀਬੀ ਵੀਰ ਕੌਰ ਗੁਰਖ਼ਾਲਸਾ ਦੀ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਵੀਡੀਉ ਨੇ ਵੀ ਬਾਦਲਾਂ ਨੂੰ ਹਲੂਣ ਕੇ ਰੱਖ ਦਿਤਾ ਹੈ। ਇਸ ਵੀਡੀਉ ਵਿਚ ਮਨਜੀਤ ਸਿੰਘ ਜੀਕੇ ਦੀ ਅਮਰੀਕਾ ਵਿਚ ਹੋਈ ਦੁਰਦਸ਼ਾ ਦਾ ਵਾਸਤਾ ਪਾਉਂਦਿਆਂ ਬਾਦਲਾਂ ਨੂੰ ਵਿਦੇਸ਼ ਜਾਣ ਤੋਂ ਵਰਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਇੰਗਲੈਂਡ 'ਚ ਦਾਖ਼ਲ ਨਾ ਹੋਣ ਸਬੰਧੀ ਵੀ ਧਮਕੀ ਮਿਲੀ ਹੈ।
Parkash Singh Badal And Sukhbir Singh Badal
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਇਕ ਬਿਆਨ ਰਾਹੀਂ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਦਾ ਬਾਈਕਾਟ ਕਰਨ ਦਾ ਸੁਨੇਹਾ ਦਿਤਾ ਹੈ। ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਅਤੇ ਕੋਰ ਕਮੇਟੀ ਮੈਂਬਰ ਨੇ ਅਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਮੀਟਿੰਗ ਵਿਚ ਪਾਰਟੀ ਵਿਰੁਧ ਚਾਰੇ ਪਾਸੇ ਸ਼ੁਰੂ ਹੋਏ ਵਿਰੋਧ 'ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਨਾਲ ਹੀ ਇਹ ਵੀ ਫ਼ੈਸਲਾ ਲਿਆ ਗਿਆ ਕਿ ਪਾਰਟੀ ਦੇ ਖੁੱਸ ਰਹੇ ਵੱਕਾਰ ਨੂੰ ਬਚਾਉਣ ਲਈ ਕੋਈ ਹੀਲਾ ਕੀਤਾ ਜਾਵੇ।
Shiromani Akali Dal
ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਸਤੰਬਰ ਤੋਂ ਰਾਜ ਪਧਰੀ ਮੁਜ਼ਾਹਰੇ ਕਰਨ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਨੇ ਇਕ ਸਤੰਬਰ ਤੋਂ ਰਾਜ ਪਧਰੀ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਤੇ ਨਾਲ ਹੀ 9 ਸਤੰਬਰ ਨੂੰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਬੋਹਰ ਹਲਕੇ ਵਿਚ ਪੋਲ ਖੋਲ੍ਹ ਰੈਲੀ ਕਰਨ ਦਾ ਫ਼ੈਸਲਾ ਲਿਆ ਹੈ। ਅਕਾਲੀ ਦਲ ਵਲੋਂ 1 ਸਤੰਬਰ ਨੂੰ 117 ਵਿਧਾਨ ਸਭਾ ਹਲਕਿਆਂ ਵਿਚ ਮੁਜ਼ਾਹਰੇ ਕੀਤੇ ਜਾਣਗੇ।