
ਮੰਗਾਂ ਨੂੰ ਲੈ ਕੇ ਈ.ਟੀ.ਟੀ. ਟੈੱਟ ਪਾਸ ਅਧਿਆਪਕ ਦੂਜੇ ਦਿਨ ਵੀ ਟੈਂਕੀ 'ਤੇ ਰਹੇ
ਸੰਗਰੂਰ (ਟਿੰਕਾ ਆਨੰਦ/ਅਮਰਜੀਤ ਰਤਨ) : ਈ.ਟੀ.ਟੀ. ਟੈੱਟ ਪਾਸ ਅਧਿਆਪਕ ਜਥੇਬੰਦੀ ਦੇ ਮੈਂਬਰ ਜਸਵੀਰ ਕੌਰ ਮਾਨਸਾ, ਗੁਰਪ੍ਰੀਤ ਕੌਰ, ਜਨਕੋ ਰਾਣੀ ਫਾਜਿਲਕਾ, ਕੁਲਵੰਤ ਸਿੰਘ, ਸੁਖਜੀਤ ਸਿੰਘ ਪਟਿਆਲਾ ਜੋ ਜਥੇਬੰਦੀਆਂ ਦੇ ਮੰਗਾਂ ਦੇ ਹੱਕ 'ਚ ਸੁਨਾਮ ਸੰਗਰੂਰ ਰੋਡ ਸਥਿਤ ਪਾਣੀ ਵਾਲੀ ਟੈਂਕੀ 'ਤੇ ਬੁੱਧਵਾਰ ਨੂੰ ਚੜ੍ਹੇ ਸਨ ਅਤੇ ਉਹ ਵੀਰਵਾਰ ਨੂੰ ਵੀ ਪਾਣੀ ਵਾਲੀ ਟੈਂਕੀ ਤੇ ਡਟੇ ਰਹੇ ਤੇ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦੇ ਰਹੇ ਅਤੇ ਦੂਜੇ ਸਾਥੀਆਂ ਨੇ ਸ਼ਹਿਰ ਵਿਚ ਰੋਸ਼ ਮਾਰਚ ਕੱਢ ਕੇ ਸਿੱਖਿਆ ਮੰਤਰੀ ਦਾ ਭਗਤ ਸਿੰਘ ਚੌਂਕ ਵਿਖੇ ਪੁਤਲਾ ਸਾੜਦੇ ਹੋਏ ਕਾਲੇ ਬਿੱਲੇ ਲਾ ਕੇ ਅਧਿਆਪਕ ਦਿਵਸ ਮਨਾਇਆ ਗਿਆ।
ਟੈਂਕੀ ਹੇਠਾਂ 5 ਅਧਿਆਪਕਾਂ ਪ੍ਰੀਤ ਕੌਰ, ਨੀਲਮ ਮਾਨਸਾ, ਅਕਸ਼ ਮਾਨਸਾ, ਪਵਨ ਕੁਮਾਰ ਮਾਨਸਾ, ਰਣਜੀਤ ਕੁਮਾਰ ਮਾਨਸਾ ਨੇ ਭੁੱਖ ਹੜਤਾਲ 'ਤੇ ਬੈਠੇ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਅਧਿਅਪਕਾਂ ਨੂੰ ਟੈਂਕੀ ਤੇ ਚੜੇ ਹੋਏ ਦੋ ਦਿਨ ਬੀਤ ਚੁੱਕੇ ਹਨ ਪਰ ਪ੍ਰਸ਼ਾਸਨ ਵਲੋਂ ਹਾਲੇ ਤੱਕ ਵੀ ਪੈਨਲ ਮੀਟਿੰਗ ਦੀ ਵਿਵਸਥਾ ਨਹੀਂ ਕੀਤੀ ਉਨਾਂ ਕਿਹਾ ਕਿ ਜੇਕਰ ਮੰਗਾਂ ਦਾ ਜਲਦ ਨਿਪਟਾਰਾ ਨਹੀਂ ਕੀਤਾ ਤਾਂ ਅਧਿਆਪਕ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਜਿਸਦੀ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸੰਘਰਸ਼ ਕਮੇਟੀ ਦੇ ਸੂਬਾ ਪ੍ਰੈਸ ਸਕੱਤਰ ਸਰਵਣਜੀਤ ਸਿੰਘ, ਆਮ ਆਦਮੀ ਪਾਰਟੀ ਦੇ ਵਰਕਰ ਰਣਜੀਤ ਸਿੰਘ ਜੌਡੀਅਰ ਆਦਿ ਨੇ ਵੀ ਸੰਬੋਧਨ ਕੀਤਾ।
ਦੂਜੇ ਪਾਸੇ ਖਰੜ ਵਿਖੇ ਵੀ ਇਸੇ ਤਰ੍ਹਾਂ ਦੇ ਹਾਲਾਤ ਵੇਖਣ ਨੂੰ ਮਿਲੇ। ਨੇੜਲੇ ਪਿੰਡ ਦੇਸੂ ਮਾਜਰਾ ਦੀ ਪਾਣੀ ਦੀ ਟੈਂਕੀ 'ਤੇ ਪਹੁੰਚ ਕੇ ਪੰਜਾਬ ਸਰਕਾਰ ਦੇ ਵਿਰੁਧ ਨਾਅਰੇਬਾਜੀ ਆਰੰਭ ਕਰ ਦਿਤੀ। ਇਸ ਦੌਰਾਨ ਇਨਾਂ ਅਧਿਆਪਕਾਂ ਦੀ ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਪੂਨਮ ਰਾਣੀ ਅਤੇ ਮੀਤ ਪ੍ਰਧਾਨ ਗਗਨਦੀਪ ਕੌਰ ਦੀ ਅਗਵਾਈ ਵਿਚ ਕੁੱਝ ਅਧਿਆਪਕ ਆਪਣੇ ਹੱਥਾਂ ਵਿਚ ਪੈਟਰੋਲ ਦੀਆਂ ਭਰੀਆਂ ਬੋਤਲਾਂ ਲੈ ਕੇ ਟੈਂਕੀ ਤੇ ਚੜ੍ਹ ਗਏ ਅਤੇ ਆਪਣੀਆਂ ਮੰਗਾਂ ਪੂਰੀਆਂ ਹੋਣ ਤਕ ਟੈਂਕੀ ਤੋਂ ਹੇਠਾਂ ਨਾ ਉਤਰਨ ਦਾ ਐਲਾਨ ਕਰ ਦਿਤਾ। ਇਸ ਮੌਕੇ ਹੇਠਾਂ ਇਕੱਠੇ ਹੋਏ ਬੇਰੁਜਗਾਰ ਅਧਿਆਪਕਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਖਿਆ ਮੰਤਰੀ ਦੇ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ ਗਈ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਧਰਨਾ ਦੇ ਰਹੇ ਅਧਿਆਪਕਾਂ ਨੂੰ ਕਾਬੂ ਕਰਕੇ ਜਬਰੀ ਗੱਡੀਆਂ ਵਿਚ ਭਰਕੇ ਕਿਸੇ ਹੋਰ ਥਾਂ ਭੇਜ ਦਿਤਾ ਗਿਆ। ਖਰੜ ਦੇ ਡੀ ਐਸ ਪੀ ਸੁਦੀਪ ਕਮਲ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਹੇਠਾਂ ਉਤਰਨ ਲਈ ਕਿਹਾ ਉਹ ਨਾ ਮੰਨੇ। ਬੇਰੁਜ਼ਗਾਰ ਅਧਿਆਪਕਾਂ ਨੇ ਚਿਤਾਵਨੀ ਦਿਤੀ ਕਿ ਜੇਕਰ ਪੁਲਿਸ ਵਲੋਂ ਉਨ੍ਹਾਂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਹੇਠਾਂ ਛਾਲ ਮਾਰ ਦੇਣਗੇ। ਇਸ ਮੌਕੇ ਪ੍ਰਸ਼ਾਸ਼ਨ ਦੇ ਅਧਿਕਾਰੀ ਮੀਡੀਆ ਨਾਲ ਗੱਲ ਕਰਨ ਤੋਂ ਬਚਦੇ ਰਹੇ ਅਤੇ ਉਹਨਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਖਬਰ ਲਿਖੇ ਜਾਣ ਤੱਕ ਬੇਰੁਜਗਾਰ ਅਧਿਆਪਕ (ਜਿਹਨਾਂ ਦੀ ਗਿਣਤੀ ਸੱਤ ਹੈ) ਟੈਂਕੀ ਤੇ ਚੜ੍ਹੇ ਹੋਏ ਸੀ ਅਤੇ ਪ੍ਰਸ਼ਾਸ਼ਨ ਵਲੋਂ ਉਹਨਾਂ ਨੂੰ ਮਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।