ਪੂਰੇ ਦੇਸ਼ ਨੂੰ ਧੱਕਾ ਲੱਗ ਰਿਹਾ ਜੇ ਮੈਨੂੰ ਧੱਕਾ ਲੱਗ ਗਿਆ ਤਾਂ ਕੀ ਹੋ ਗਿਆ : ਰਾਹੁਲ ਗਾਂਧੀ
ਪਟਿਆਲਾ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ ਘਰ ਰੁਜ਼ਗਾਰ ਤੇ ਕਾਰੋਬਾਰ ਤਹਿਤ 6ਵੇਂ ਰੁਜ਼ਗਾਰ ਮੇਲੇ ਦੀ ਸਮਾਪਤੀ 'ਤੇ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਇਸ ਪ੍ਰੈਸ ਕਾਨਫ਼ਰੰਸ ਵਿਚ ਕਾਂਗਰਸ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸੁਨੀਲ ਜਾਖੜ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਕੈਬਨਿਟ ਮੰਤਰੀ ਮੌਜੂਦ ਹਨ।
ਇਸ ਪ੍ਰੈਸ ਕਾਨਫਰੰਸ ਵਿਚ ਰਾਹੁਲ ਗਾਂਧੀ ਨੂੰ ਹਾਥਰਸ ਵਿਚ ਮਾਰੇ ਧੱਕੇ ਅਤੇ ਕੇਸ ਦਰਜ ਕਰਨ ਬਾਰੇ ਪੁੱਛਿਆ ਗਿਆ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਹਜ਼ਾਰਾਂ ਲੋਕਾਂ, ਮਜ਼ਦੂਰਾਂ ਨੂੰ ਧੱਕੇ ਵੱਜ ਰਹੇ ਹਨ ਜੇ ਮੈਨੂੰ ਇਕ ਧੱਕਾ ਵੱਜ ਗਿਆ ਤਾਂ ਇਸ ਵਿਚ ਕੋਈ ਵੱਡੀ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਸਾਡਾ ਫਰਜ਼ ਹੈ ਦੇਸ਼ ਦੇ ਲੋਕਾਂ ਨਾਲ ਖੜ੍ਹਨਾ ਦੇਸ਼ ਦੇ ਕਿਸਾਨਾਂ ਦਾ ਸਾਥ ਦੇਣਾ ਜੇ ਉਹਨਾਂ ਦੀ ਰੱਖਿਆ ਕਰਦੇ ਸਮੇਂ ਇਕ ਧੱਕਾ ਲੱਗ ਵੀ ਜਾਂਦਾ ਹੈ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ।
ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਹਾਥਰਸ ਦੀ ਬੇਟੀ ਨਾਲ ਬਲਾਤਕਾਰ ਹੋਇਆ ਅਤੇ ਪੂਰੀ ਜਨਤਾ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ ਪਰ ਨਰਿੰਦਰ ਮੋਦੀ ਜੀ ਨੇ ਇਕ ਸ਼ਬਦ ਵੀ ਨਹੀਂ ਕਿਹਾ ਇਹ ਬਹੁਤ ਹੈਰਾਨੀ ਦੀ ਗੱਲ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੇ ਨਰਿੰਦਰ ਮੋਦੀ ਨੂੰ ਪ੍ਰੈਸ ਕਾਨਫਰੰਸ ਵਿਚ ਸਵਾਲਾਂ ਜੇ ਜਵਾਬ ਦੇਣ ਲਈ ਕਿਹਾ ਗਿਆ
ਤਾਂ ਉਹ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਕਦੇ ਨਹੀਂ ਕਰਨਗੇ ਕਿਉਂਕਿ ਉਹਨਾਂ ਨੂੰ ਸਿਰਫ਼ ਆਪਣੀ ਹੀ ਚਿੰਤਾ ਹੈ ਉਹਨਾਂ ਨੂੰ ਡਰ ਹੈ ਕਿ ਪੱਤਰਕਾਰ ਮੇਰਾ ਅਕਸ ਖਰਾਬ ਕਰ ਦੇਣਗੇ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਪੱਤਰਕਾਰਾਂ ਅਤੇ ਚੀਨ ਤੋਂ ਡਰਦੇ ਹਨ। ਉਹਨਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਖੇਤੀ ਦੇ ਤਿੰਨਾਂ ਕਾਨੂੰਨਾਂ ਬਾਰੇ ਕੋਈ ਸਮਝ ਨਹੀਂ ਹੈ।