
ਕਿਸੇ ਵੇਲੇ ਠੰਢੇ ਮਿੱਠੇ ਜਲ ਦੇ ਸਨ ਸੋਮੇ, ਹੁਣ ਹੋਏ ਵਿਰਾਨ
ਅੰਮ੍ਰਿਤਸਰ (ਗੁਰਿੰਦਰ ਸਿੰਘ ਜੌਹਲ): ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਨੂੰ ਹਰ ਪੱਖ ਤੋਂ ਆਤਮ ਨਿਰਭਰ ਬਣਾਇਆ ਗਿਆ ਸੀ। ਇਸ ਨੂੰ ਮੁਹੱਲਿਆਂ ਤੇ ਕਟੜਿਆਂ ਵਿਚ ਵੰਡਿਆ ਹੋਇਆ ਸੀ। ਹਰ ਮੁਹੱਲੇ ਦੇ ਪੀਣ ਵਾਲੇ ਪਾਣੀ ਲਈ ਇਕ ਅਪਣਾ ਖੂਹ ਲਗਵਾਇਆ ਗਿਆ ਸੀ। ਜਿੰਨੇ ਮੁਹੱਲੇ ਹੁੰਦੇ ਉਨ੍ਹੇ ਹੀ ਖੂਹ ਸਨ। ਪਰ ਸਾਇੰਸ ਦੀ ਤਰੱਕੀ ਕਾਰਨ ਪਾਣੀ ਵਾਲੇ ਖੂਹਾਂ ਦੀ ਅਹਿਮੀਅਤ ਘਟੀ ਹੀ ਨਹੀਂ ਸਗੋਂ ਖ਼ਤਮ ਹੀ ਹੋ ਗਈ ਹੈ।
Old Well
ਪਾਣੀ ਟੂਟੀਆਂ ਵਿਚ ਆਉਣ ਨਾਲ ਜਿਥੇ ਪਾਣੀ ਦੀ ਬਰਬਾਦੀ ਹੋਈ ਉਥੇ ਹੀ ਲੋਕ ਵੀ ਪਾਣੀ ਦੀ ਅਹਿਮੀਅਤ ਤੋਂ ਅਵੇਸਲੇ ਹੋ ਗਏ ਜਿਸ ਦੇ ਫ਼ਲਸਰੂਪ ਪਾਣੀ ਦੀ ਰੱਜ ਕੇ ਦੁਰਵਰਤੋਂ ਵੀ ਹੋਈ ਜਿਸ ਕਾਰਨ ਧਰਤੀ ਹੇਠਲਾ ਪਾਣੀ ਵੱਡੇ ਪੱਧਰ ਤੇ ਥੱਲੇ ਚਲਿਆ ਗਿਆ।
Amritsar
ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰ ਵਿਚ ਅੱਜ ਵੀ ਬਹੁਤ ਸਾਰੇ ਖੂਹ ਦੇਖੇ ਜਾ ਸਕਦੇ ਹਨ। ਧਰਤੀ ਹੇਠਲਾ ਪਾਣੀ ਬਹੁਤ ਥੱਲੇ ਜਾਣ ਕਰ ਕੇ ਹੁਣ ਸਾਰੇ ਖੂਹ ਸੁੱਕ ਗਏ ਹਨ। ਕੁੱਝ ਖੂਹ ਤਾਂ 300 ਸਾਲ ਤੋਂ ਵੀ ਵਧੇਰੇ ਪੁਰਾਣੇ ਹਨ ਅਤੇ ਸਾਰੇ ਤਰਸਯੋਗ ਹਾਲਤ ਵਿਚ ਹਨ। ਉਨ੍ਹਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ। ਕੁੱਝ ਕੁ ਖੂਹ ਤਾਂ ਮਿੱਟੀ ਤੇ ਕੂੜੇ ਨਾਲ ਭਰ ਦਿਤੇ ਗਏ ਹਨ ਅਤੇ ਜੋ ਬਚੇ ਹਨ ਉਨ੍ਹਾਂ ਵਿਚ ਵੀ ਲੋਕ ਕੂੜਾ ਸੁੱਟ ਰਹੇ ਹਨ।
SGPC
ਜ਼ਿਆਦਾਤਰ ਖੂਹਾਂ ਦੇ ਦੁਆਲੇ ਨੂੰ ਉਚਾ ਕੀਤਾ ਹੋਇਆ ਸੀ ਅਤੇ ਇਨ੍ਹਾਂ ਦੇ ਦੁਆਲੇ ਬਨੇਰਾ ਬੰਨ੍ਹਿਆਂ ਹੁੰਦਾ ਸੀ ਤਾਕਿ ਕੋਈ ਇਸ ਵਿਚ ਨਾ ਡਿੱਗ ਸਕੇ। ਖੂਹਾਂ ਦੇ ਉਪਰ ਛੱਤ ਪਾਈ ਜਾਂਦੀ ਸੀ ਤਾਕਿ ਪਾਣੀ ਵਿਚ ਕੋਈ ਚੀਜ਼ ਨਾ ਡਿੱਗੇ ਅਤੇ ਖੂਹਾਂ ਦੇ ਲਾਗੇ ਦੀਵਾ ਜਗਾਉਣ ਦੀ ਥਾਂ ਵੀ ਰੱਖੀ ਜਾਂਦੀ ਸੀ। ਕਿਸੇ ਵੇਲੇ ਲੋਕਾਂ ਦੀ ਪਾਣੀ ਦੀਆਂ ਜ਼ਰੂਰਤਾਂ ਨੂੰ ਪੁਰਾ ਕਰਨ ਵਾਲੇ ਇਨ੍ਹਾਂ ਖੂਹਾਂ ਦੀ ਅੱਜ ਕੋਈ ਸਾਰ ਲੈਣਾ ਵਾਲਾ ਨਹੀਂ ਇਹ ਇਕ ਕਿਸਮ ਦੇ ਯਤੀਮ ਹੋ ਗਏ ਹਨ।
Punjab Govt
ਪੰਜਾਬ ਸਰਕਾਰ ਦਾ ਟੂਰਜ਼ਿਮ ਵਿਭਾਗ ਇਨ੍ਹਾਂ ਖੂਹਾਂ ਦੀ ਅਹਿਮੀਅਤ ਤੋਂ ਬੇਖ਼ਬਰ ਤਾਂ ਹੈ ਹੀ ਸਗੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਗੁਰੂ ਕਾਲ ਦੇ ਖੂਹਾਂ ਪ੍ਰਤੀ ਪੂਰੀ ਤਰ੍ਹਾਂ ਅਵੇਸਲੀ ਹੋਈ। ਅੱਜ ਲੋੜ ਹੈ ਇਨ੍ਹਾਂ ਖੂਹਾਂ ਦੀ ਮੁਰੰਮਤ ਕਰਵਾ ਕੇ ਆਉਣ ਵਾਲੀਆਂ ਨਸਲਾਂ ਨੂੰ ਸ਼ਹਿਰ ਦੀ ਇਸ ਮਹਾਨ ਵਿਰਾਸਤ ਤੋਂ ਜਾਣੂ ਕਰਵਾਇਆ ਜਾ ਸਕੇ।