
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਹੁਣ ਚੋਣ ਕਮਿਸ਼ਨ ਦੇ ਆਈਕਨ ਨਹੀਂ ਹੋਣਗੇ, ਚੋਣ ਕਮਿਸ਼ਨ ਨੇ ਉਹਨਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ।
ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਹੁਣ ਚੋਣ ਕਮਿਸ਼ਨ ਦੇ ਆਈਕਨ ਨਹੀਂ ਹੋਣਗੇ, ਚੋਣ ਕਮਿਸ਼ਨ ਨੇ ਉਹਨਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਵੋਟ ਪ੍ਰਤੀਸ਼ਤਤਾ ਵਧਾਉਣ ਲਈ ਸੋਨੂੰ ਸੂਦ ਨੂੰ ਪੰਜਾਬ ਦਾ ਸਟੇਟ ਆਈਕਨ ਨਿਯੁਕਤ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਰਾਜੂ ਨੇ ਕਿਹਾ ਕਿ 4 ਜਨਵਰੀ 2022 ਤੋਂ ਬਾਅਦ ਉਹ ਇਸ ਨਿਯੁਕਤੀ 'ਤੇ ਨਹੀਂ ਹਨ।
ਦਰਅਸਲ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਮੈਦਾਨ ਵਿਚ ਉਤਰੇ ਹਨ। ਇਸ ਦਾ ਐਲਾਨ ਸੋਨੂੰ ਸੂਦ ਨੇ ਹੀ ਕੀਤਾ ਸੀ। ਮਾਲਵਿਕਾ ਸੂਦ ਮੋਗਾ ਤੋਂ ਚੋਣ ਲੜਨਗੇ, ਹਾਲਾਂਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜੇ।
ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਸਟੇਟ ਆਈਕਨ ਵਜੋਂ ਸੋਨੂੰ ਸੂਦ ਦੀ ਨਿਯੁਕਤੀ ਦੇਸ਼ ਭਰ ਵਿਚ ਉਹਨਾਂ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਘਰ ਲਿਆਉਣ ਲਈ ਕੀਤੀ ਅਣਥੱਕ ਮਿਹਨਤ ਤੋਂ ਬਾਅਦ ਹੋਈ ਸੀ। ਇਸ ਤੋਂ ਇਲਾਵਾ ਸੋਨੂੰ ਸੂਦ ਨੇ ਲੋੜਵੰਦ ਲੋਕਾਂ ਨੂੰ ਭੋਜਨ, ਰਿਹਾਇਸ਼ ਅਤੇ ਪੀਪੀਈ ਕਿੱਟਾਂ ਵੀ ਦਾਨ ਕੀਤੀਆਂ ਸਨ। ਕੋਰੋਨਾ ਮਹਾਂਮਾਰੀ ਤੋਂ ਬਾਅਦ ਵੀ ਸੋਨੂੰ ਸੂਦ ਲਗਾਤਾਰ ਲੋੜਵੰਦਾਂ ਦੀ ਮਦਦ ਕਰ ਰਹੇ ਹਨ।