
ਪੰਜਬੀ ਹੋਣ ਨਾਤੇ ਮੇਰੀ ਕੋਸ਼ਿਸ਼ ਰਹੇਗੀ ਕਿ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ- ਮਾਲਵਿਕਾ ਸੂਦ
ਚੰਡੀਗੜ੍ਹ (ਲੰਕੇਸ਼ ਤ੍ਰਿਖਾ): ਕੋਰੋਨਾ ਕਾਲ ਦੌਰਾਨ ਲੋੜਵੰਦਾਂ ਦੇ ਮਸੀਹਾ ਬਣ ਕੇ ਸਾਹਮਣੇ ਆਏ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਸਿਆਸਤ ਵਿਚ ਆਉਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਉਹਨਾਂ ਨੇ ਕਿਸ ਸਿਆਸੀ ਪਾਰਟੀ ਦਾ ਸਾਥ ਦੇਣਾ ਹੈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਵਲੋਂ ਸੋਨੂੰ ਸੂਦ ਅਤੇ ਉਹਨਾਂ ਦੀ ਭੈਣ ਮਾਲਵਿਕਾ ਸੂਦ ਨਾਲ ਖ਼ਾਸ ਗੱਲਬਾਤ ਕੀਤੀ ਗਈ। ਸੋਨੂੰ ਸੂਦ ਦਾ ਕਹਿਣਾ ਹੈ ਕਿ ਉਹਨਾਂ ਦੇ ਸਿਆਸੀ ਗੌਡ-ਫਾਦਰ ਪਰਮਾਤਮਾ ਆਪ ਹੀ ਹਨ। ਇਸ ਤੋਂ ਇਲਾਵਾ ਹਰ ਆਮ ਵਿਅਕਤੀ, ਗਰੀਬ ਅਤੇ ਲੋੜਵੰਦ ਇਨਸਾਨ ਉਹਨਾਂ ਦਾ ਗੌਡ ਫਾਦਰ ਹੈ।
Sonu Sood
ਰਾਜਨੀਤੀ ਬਾਰੇ ਗੱਲ ਕਰਦਿਆਂ ਸੋਨੂੰ ਸੂਦ ਨੇ ਕਿਹਾ ਕਿ ਰਾਜਨੀਤੀ ਦਾ ਨਾਂਅ ਬਦਲ ਕੇ ‘ਸੇਵਾ ਨੀਤੀ’ ਰੱਖਣਾ ਚਾਹੀਦਾ ਹੈ। ਰਾਜ ਕਰਨ ਵਾਲਿਆਂ ਨੂੰ ਘਰ ਬੈਠਣਾ ਚਾਹੀਦਾ ਹੈ ਕਿਉਂਕਿ ਰਾਜਨੀਤੀ ਕਰਨ ਵਾਲੇ ਆਗੂ ਆਮ ਲੋਕਾਂ ਨੂੰ ਭੁੱਲ ਜਾਂਦੇ ਹਨ। ਇਸ ਮੌਕੇ ਸੋਨੂੰ ਸੂਦ ਨੇ ਚੋਣ ਮੈਨੀਫੈਸਟੋ ਦੀ ਥਾਂ ਐਫੀਡੇਵਿਟ ਦੇਣ ਦੇ ਹਮਾਇਤ ਕੀਤੀ, ਉਹਨਾਂ ਕਿਹਾ ਕਿ ਇਸ ਸਬੰਧੀ ਇਕ ਸਮਾਂ ਸੀਮਾ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਸਮਾਂ ਸੀਮਾ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਦੇ ਹਲਾਤਾਂ ਬਾਰੇ ਗੱਲ ਕਰਦਿਆਂ ਸੋਨੂੰ ਸੂਦ ਨੇ ਕਿਹਾ ਕਿ ਹੋਰ ਕਈ ਸੂਬੇ ਹਨ ਜੋ ਇਕ ਵਿਜ਼ਨ ਨਾਲ ਚੱਲਦੇ ਹਨ ਅਤੇ ਉਹਨਾਂ ਵਿਚ ਬਦਲਾਅ ਵੀ ਦੇਖਿਆ ਜਾਂਦਾ ਹੈ ਪਰ ਪੰਜਾਬ ਹਮੇਸ਼ਾਂ ਭੁਗਤਦਾ ਰਿਹਾ ਹੈ। ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ, ਮਾਪੇ ਕਰਜ਼ੇ ਚੁੱਕ ਕੇ ਅਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹਨ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਤੋਂ ਵਾਪਸ ਪੰਜਾਬ ਪਰਤਣ।
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਮਾਲਵਿਕਾ ਸੂਦ ਨੇ ਕਿਹਾ ਕਿ ਉਹਨਾਂ ਨੇ ਕਦੀ ਸਿਆਸਤ ਵਿਚ ਆਉਣ ਬਾਰੇ ਨਹੀਂ ਸੋਚਿਆ ਸੀ। ਉਹਨਾਂ ਦੱਸਿਆ ਕਿ ਉਹਨਾਂ ਨੇ ਰਾਜਨੀਤੀ ਨੂੰ ਸੇਵਾ ਨੀਤੀ ਵਿਚ ਬਦਲਣ ਲਈ ਇਹ ਫੈਸਲਾ ਲਿਆ ਹੈ। ਮਾਲਵਿਕਾ ਸੂਦ ਦਾ ਕਹਿਣਾ ਹੈ ਕਿ ਸਿਆਸਤ ਵਿਚ ਆਉਣ ਲਈ ਢੀਠ ਹੋਣ ਦੀ ਲੋੜ ਨਹੀਂ, ਜੇਕਰ ਤੁਸੀਂ 24 ਘੰਟੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹੋਗੇ ਤਾਂ ਉਹ ਤੁਹਾਨੂੰ ਅਪਣੇ ਆਪ ਪਿਆਰ ਦੇਣਗੇ। ਉਹਨਾਂ ਕਿਹਾ ਚੋਣਾਂ ਵੇਲੇ ਲੋਕਾਂ ਅੱਗੇ ਹੱਥ ਜੋੜਨ ਦੀ ਬਜਾਏ ਜੇਕਰ ਅਸੀਂ ਮੁਸ਼ਕਿਲ ਸਮੇਂ ਵਿਚ ਉਹਨਾਂ ਦੀ ਬਾਂਹ ਫੜਾਂਗੇ ਤਾਂ ਉਹ ਅਪਣੇ ਆਪ ਸਾਡੇ ਪਰਿਵਾਰ ਦਾ ਹਿੱਸਾ ਬਣ ਜਾਣਗੇ।
Malvika Sood and Sonu Sood
ਸਿਆਸਤ ਨੂੰ ਸਮਝਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਸੋਨੂੰ ਸੂਦ ਨੇ ਕਿਹਾ ਕਿ ਲੋਕ ਵਿਅਕਤੀ ਨੂੰ ਬਹੁਤ ਕੁਝ ਸਿਖਾ ਦਿੰਦੇ ਹਨ। ਕੋਰੋਨਾ ਕਾਲ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਕਿਸ ਤਰ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ਼ ਕੀਤਾ ਜਾਂਦਾ ਹੈ ਪਰ ਲੋਕਾਂ ਦੀਆਂ ਦੁਆਵਾਂ ਸਦਕਾ ਸਭ ਸਹੀ ਹੁੰਦਾ ਗਿਆ। ਸੋਨੂੰ ਸੂਦ ਨੇ ਕਿਹਾ ਜੇਕਰ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਰਹੋਗੇ ਤਾਂ ਤੁਹਾਡੇ ਤੋਂ ਵੱਡਾ ਰਾਜਨੇਤਾ ਕੋਈ ਨਹੀਂ ਹੋ ਸਕਦਾ। ਚੋਣ ਰੈਲੀਆਂ ਬਾਰੇ ਸੋਨੂੰ ਸੂਦ ਦਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਅਪਣੇ 5 ਸਾਲਾਂ ਵਿਚ ਹੀ ਸਾਰੇ ਕੰਮ ਕਰ ਲੈਣ ਤਾਂ ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਰੈਲੀਂ ਕਰਨ ਦੀ ਲੋੜ ਨਹੀਂ ਹੋਵੇਗੀ।
Malvika Sood and Sonu Sood
ਸਿਆਸਤ ਵਿਚ ਆਉਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਸੋਨੂੰ ਸੂਦ ਨੇ ਕਿਹਾ ਕਿ ਦਰਿਆ ਤੁਰ ਪਿਆ ਹੈ, ਹੁਣ ਇਹ ਲਗਾਤਾਰ ਅਪਣੀ ਚਾਲ ਚੱਲ ਰਿਹਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਸਿਆਸਤ ਵਿਚ ਆ ਜਾਂਦੇ ਹਨ ਤਾਂ ਸ਼ਾਇਦ ਲੱਖਾਂ ਲੋਕਾਂ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਤੋਂ ਉਹ ਪਿੱਛੇ ਰਹਿ ਸਕਦੇ ਹਨ। ਉਹ ਹੁਣ ਇਕ ਅਜਿਹੇ ਮਿਸ਼ਨ ’ਤੇ ਹਨ, ਜਿਸ ਵਿਚ ਉਹ ਅਪਣੇ ਨਾਲ ਪੂਰੇ ਦੇਸ਼ ਨੂੰ ਜੋੜਨਗੇ। ਸੋਨੂੰ ਨੇ ਕਿਹਾ ਕਿ ਉਹ ਇਕ ਦਿਨ ਸਿਆਸਤ ਦੀ ਦੁਨੀਆਂ ਵਿਚ ਜ਼ਰੂਰ ਆਉਣਗੇ। ਉਹਨਾਂ ਨੇ ਜ਼ਮੀਨੀ ਪੱਧਰ ’ਤੇ ਜਾ ਕੇ ਦੇਖਿਆ ਹੈ ਕਿ ਪੰਜਾਬ ਦੇ ਲੋਕ ਬਹੁਤ ਤਕਲੀਫ ਵਿਚ ਹਨ। ਪਿੰਡਾਂ ਵਿਚ ਲੋਕ ਬਹੁਤ ਦੁਖੀ ਹਨ, ਇਸ ਲਈ ਪੰਜਾਬ ਵਿਚ ਇਕ ਬਹੁਤ ਵੱਡੀ ਕ੍ਰਾਂਤੀ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਅਜੇ ਕਿਸੇ ਸਿਆਸੀ ਪਾਰਟੀ ਵਿਚ ਜਾਣ ਬਾਰੇ ਨਹੀਂ ਸੋਚਿਆ। ਸੋਨੂੰ ਸੂਦ ਨੇ ਮਾਲਵਿਕਾ ਸੂਦ ਨੂੰ ਸਲਾਹ ਦਿੰਦਿਆ ਕਿਹਾ ਕਿ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਸਫਲਤਾ ਹਾਸਲ ਕਰੋ ਜਾਂ ਨਾ ਕਰੋ ਪਰ ਤੁਹਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਜੇ ਤੁਸੀਂ ਕੋਸ਼ਿਸ਼ ਕਰੋਗੇ ਤਾਂ ਲੋਕ ਤੁਹਾਡਾ ਸਾਥ ਜ਼ਰੂਰ ਦੇਣਗੇ।
ਅਪਣੇ ਮਾਤਾ ਜੀ ਦੀਆਂ ਗੱਲਾਂ ਨੂੰ ਯਾਦ ਕਰਦਿਆਂ ਸੋਨੂੰ ਸੂਦ ਨੇ ਦੱਸਿਆ ਕਿ ਉਹਨਾਂ ਨੇ ਹਮੇਸ਼ਾਂ ਇਹੀ ਸਿੱਖਿਆ ਦਿੱਤੀ ਹੈ ਕਿ ਤੁਸੀਂ ਲੋਕਾਂ ਦੀ ਮਦਦ ਕਰਦੇ ਰਹੋ, ਇਸ ਦੇ ਲਈ ਕਾਮਯਾਬ ਹੋਣ ਦਾ ਇੰਤਜ਼ਾਰ ਨਾ ਕਰੋ। ਸੋਨੂੰ ਸੂਦ ਨੇ ਕਿਹਾ ਕਿ ਦੁਨੀਆਂ ਦਾ ਕੋਈ ਵੀ ਸਕੂਲ ਤੁਹਾਨੂੰ ਇਨਸਾਨੀਅਤ ਦੀ ਸਿਖਲਾਈ ਨਹੀਂ ਦੇ ਸਕਦਾ, ਇਸ ਦੀ ਸਮਝ ਲੋਕਾਂ ਵਿਚ ਵਿਚਰ ਕੇ ਹੀ ਆਉਂਦੀ ਹੈ। ਮਾਲਵਿਕਾ ਸੂਦ ਨੇ ਕਿਹਾ ਕਿ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਦਾ ਪੰਜਾਬ ਵਿਚ ਜਨਮ ਹੋਇਆ ਹੈ। ਪੰਜਬੀ ਹੋਣ ਨਾਤੇ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਗੱਲ ਕਰਦਿਆਂ ਸੋਨੂੰ ਸੂਦ ਨੇ ਕਿਹਾ ਕਿ ਉਹਨਾਂ ਦੇ ਆਉਣ ਨਾਲ ਲੋਕਾਂ ਨੂੰ ਖੁਸ਼ੀ ਮਿਲੀ ਹੈ ਅਤੇ ਹਰੇਕ ਨੇਤਾ ਨੂੰ ਜਨਤਾ ਵਿਚ ਜਾਣਾ ਚਾਹੀਦਾ ਹੈ।