
ਕਿਹਾ-ਕੈਪਟਨ ਦੇ ਇਸ਼ਾਰੇ ਤੋਂ ਬਾਅਦ ਸਾਨੂੰ ਕੱਢਿਆ ਗਿਆ ਸੀ ਸਦਨ ’ਚੋਂ ਬਾਹਰ
ਚੰਡੀਗੜ੍ਹ : ਬੀਤੇ ਦਿਨੀਂ ਵਿਧਾਨ ਸਭਾ ਵਿਚ ਚੱਲ ਰਹੇ ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਕੀਤੇ ਹੋ-ਹੱਲੇ ਤੋਂ ਬਾਅਦ ਸਪੀਕਰ ਵੱਲੋਂ ਅਕਾਲੀ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ । ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਪੀਕਰ ਦੀ ਕਾਰਵਾਈ ਨੂੰ 'ਪ੍ਰੇਰਿਤ' ਕਰਾਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲ ਨਿਸ਼ਾਨਾ ਸਾਧਿਆ ਹੈ। ਮਜੀਠੀਆ ਮੁਤਾਬਕ ਪੰਜਾਬ ਵਿਧਾਨ ਸਭਾ ਅੰਦਰ ਲੋਕਤੰਤਰ ਦਾ ਹਣਨ ਕੀਤਾ ਜਾ ਰਿਹਾ ਹੈ।
Bikram Singh Majithia
ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਨਾਲੋਂ ਕੋਈ ਜ਼ਰੂਰੀ ਸੈਸ਼ਨ ਨਹੀਂ ਹੁੰਦਾ, ਜਦਕਿ ਸਰਕਾਰ ਵੱਲੋਂ ਇਸ ਦਾ ਵਕਤ ਘਟਾਇਆ ਜਾ ਰਿਹਾ ਹੈ। ਸਪੀਕਰ ਵੱਲੋਂ ਬਜਟ ਸੈਸ਼ਨ ਦੌਰਾਨ ਅਕਾਲੀ ਵਿਧਾਇਕਾਂ ਨੂੰ ਤਿੰਨ ਦਿਨਾਂ ਲਈ ਮੁਅੱਤਲ ਕਰਨ ਨੂੰ ਲੈ ਕੇ ਮਜੀਠੀਆ ਨੇ ਕਿਹਾ ਕਿ ਸਾਨੂੰ ਕੱਢਣ ਤੋਂ ਪਹਿਲਾਂ ਸਪੀਕਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ਼ਾਰਾ ਕੀਤਾ ਗਿਆ ਸੀ ਅਤੇ ਫਿਰ ਸਾਨੂੰ ਸਦਨ ’ਚੋਂ ਬਾਹਰ ਕੱਢ ਦਿੱਤਾ ਗਿਆ।
Bikram Majithia
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕਰਜ਼ਾ ਮੁਆਫ਼ੀ ਤੋਂ ਲੈ ਕੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ, ਜਿਸ ਕਰਕੇ ਉਨ੍ਹਾਂ ’ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਉਸ ਦਿਨ ਸਦਨ ਵਿਚ ਗ਼ਲਤ ਸ਼ਬਦਾਵਲੀ ਦੀ ਵਰਤੋਂ ਦੇ ਇਲਜਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਸ ਦਿਨ ਦੀ ਸ਼ਬਦਾਵਲੀ ਕੱਢੀ ਜਾਵੇ ਤਾਂ ਉਸ ਦਿਨ ਜਦੋਂ ਜ਼ੀਰੋ ਆਵਰ ਚੱਲ ਰਿਹਾ ਸੀ ਤਾਂ ਸਪੀਕਰ ਸਾਬ੍ਹ ਨੇ ਦੋ-ਤਿੰਨ ਵਾਰ ‘ਤੁਹਾਡੇ ਵੇਲੇ’ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਪੀਕਰ ਸਾਬ੍ਹ ਤਾਂ ਸਭ ਦੇ ਸਾਂਝੇ ਹਨ। ਸਪੀਕਰ ਦਾ ਕੰਮ ‘ਤੁਹਾਡੇ ਵੇਲੇ’ ਜਾਂ ‘ਸਾਡੇ ਵੇਲੇ’ ਕਹਿਣ ਦਾ ਕੰਮ ਨਹੀਂ ਹੈ।
Bikram Singh Majitha
ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ ਅਤੇ ਬਜਟ ਸੈਸ਼ਨ ’ਚ ਵੀ ਆਪਣੀ ਗੱਲ ਰੱਖਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਤਾਂ ਅੱਗੇ ਹੀ ਸੈਸ਼ਨ ਲਗਾ ਕੇ ਰਾਜ਼ੀ ਨਹੀਂ ਅਤੇ ਜੇਕਰ ਸੈਸ਼ਨ ਲੱਗਦਾ ਹੈ ਕਿ ਬੜੇ ਹੀ ਸੀਮਤ ਦਿਨਾਂ ਲਈ ਲੱਗਦਾ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਬੀਤਣ ਦੇ ਬਾਅਦ ਵੀ ਕੈਪਟਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ ਕਰਨ ਦੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਆੜ੍ਹਤੀਆ ਦਾ ਕਰਜ਼ਾ, ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਮੁਆਫ ਕਰਕੇ ਰਾਹਤ ਦੇਣ ਦੀ ਗੱਲ ਕਹੀ ਸੀ ਪਰ ਕੋਈ ਵੀ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ ਦੇ ਨਾਲ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ।
Bikram Majithia
ਲੋਕਲ ਬਾਡੀ ਚੋਣਾਂ ਦੌਰਾਨ ਧਾਂਦਲੀ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਤਾਂ ਮਰੇ ਬੰਦੇ ਵੀ ਵੋਟਾਂ ਪਾ ਗਏ ਹਨ। ਲਹਿਰਾਗਾਗਾ ’ਚ ਤਾਂ ਜਿੱਤੇ ਹੋਏ ਹਰਾ ਦਿੱਤੇ ਅਤੇ ਹਰਾਏ ਹੋਏ ਜਿੱਤਾ ਦਿੱਤੇ ਗਏ। ਕੋਰੋਨਾ ਸਬੰਧੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਮੰਤਰੀਆਂ ਨੂੰ ਹੀ ਸਿਹਤ ਮਹਿਕਮੇ ’ਤੇ ਭਰੋਸਾ ਨਹੀਂ ਹੈ। ਇਕ ਵੀ ਵਜ਼ੀਰ ਨੇ ਆਪਣਾ ਇਲਾਜ ਸਰਕਾਰੀ ਹਸਪਤਾਲ ਤੋਂ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੂੰ ਜਦੋਂ ਕੋਰੋਨਾ ਹੋਇਆ ਤਾਂ ਉਨ੍ਹਾਂ ਨੇ ਵੀ ਸਰਕਾਰੀ ਹਸਪਤਾਲ ਤੋਂ ਇਲਾਜ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਜਦੋਂ ਸਿਹਤ ਮੰਤਰੀ ਨੂੰ ਖੁਦ ਹੀ ਆਪਣੇ ਮਹਿਕਮੇ 'ਤੇ ਭਰੋਸਾ ਨਹੀਂ ਤਾਂ ਹੋਰਾਂ ਦਾ ਕੀ ਹਾਲ ਹੋਵੇਗਾ।