
ਸਰਕਾਰ ਦਾ ਅੰਤਮ ਬਜਟ ਹੋਣ ਕਾਰਨ ਸਾਰੇ ਵਰਗਾਂ ਨੂੰ ਰਿਆਇਤਾਂ ਦੀ ਉਮੀਦ
ਚੰਡੀਗੜ੍ਹ : ਭਲਕੇ ਪੰਜਾਬ ਵਿਧਾਨ ਸਭਾ ਵਿਚ ਪੇਸ਼ ਹੋਣ ਵਾਲੇ ਬਜਟ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 2021-22 ਦੇ ਸੂਬਾ ਬਜਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਾਰਾ ਦਿਨ ਬਜਟ ਦੀਆਂ ਤਿਆਰੀਆਂ ਵਿਚ ਜੁਟੇ ਰਹੇ। ਆਪਣੀ ਸਰਕਾਰੀ ਰਿਹਾਇਸ਼ ’ਤੇ ਬਜਟ ਨੂੰ ਲੈ ਕੇ ਪਹਿਲਾਂ ਅਧਿਕਾਰੀਆਂ ਨਾਲ ਵਿਚਾਰ-ਵਟਾਦਰਾ ਕੀਤਾ ਅਤੇ ਬਾਅਦ ’ਚ ਉਨ੍ਹਾਂ ਖੁਦ ਬਜਟ ਨੂੰ ਲੈ ਕੇ ਆਰਥਿਕ ਹਾਲਾਤ ਦਾ ਅਧਿਐਨ ਕੀਤਾ।
Manpreet Badal
ਭਲਕੇ 8 ਮਾਰਚ ਦਿਨ ਸੋਮਵਾਰ ਨੂੰ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲਾ ਇਹ ਬਜਟ ਸਰਕਾਰ ਦਾ ਆਖਰੀ ਬਜਟ ਹੈ ਅਤੇ ਅਗਲੇ ਸਾਲ ਫਰਵਰੀ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਕੈਪਟਨ ਸਰਕਾਰ ਵਲੋਂ ਪਿਛਲੇ ਸਾਲ ਪੇਸ਼ ਕੀਤੇ ਗਏ ਬਜਟ ਦੀ ਆਰਥਿਕ ਮਾਹਿਰਾਂ ਨੇ ਸ਼ਲਾਘਾ ਕੀਤੀ ਸੀ ਪਰ ਪਿਛਲੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਕੁਝ ਦਿਨ ਬਾਅਦ ਹੀ ਕੋਰੋਨਾ ਮਹਾਮਾਰੀ ਨੇ ਪੈਰ ਪਸਾਰ ਲਏ ਸਨ, ਜਿਸ ਕਾਰਨ ਸੂਬੇ ’ਚ ਲਾਕਡਾਊਨ ਅਤੇ ਕਰਫਿਊ ਲਾਗੂ ਕਰਨਾ ਪਿਆ ਸੀ।
manpreet Badal
ਇਸ ਕਾਰਨ ਬਜਟ ਪੂਰੀ ਤਰ੍ਹਾਂ ਗੜਬੜਾ ਗਿਆ ਸੀ। ਆਰਥਿਕ ਸਥਿਤੀ ਨੂੰ ਧੱਕਾ ਲੱਗਾ ਅਤੇ ਹੁਣ ਸੂਬੇ ਦੀ ਅਰਥ-ਵਿਵਸਥਾ ਦੁਬਾਰਾ ਮਜ਼ਬੂਤ ਹੋ ਰਹੀ ਹੈ। ਮੌਜੂਦਾ ਸਮੇਂ ’ਚ ਕੋਰੋਨਾ ਮਹਾਮਾਰੀ ’ਤੇ ਕਾਬੂ ਪਾਉਣ ਲਈ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਨਾਲ ਹੀ ਆਰਥਿਕ ਹਾਲਾਤਾਂ ਨੇ ਵੀ ਕਰਵਟ ਲੈ ਲਈ ਹੈ। ਕਿਉਂਕਿ ਇਹ ਕਾਂਗਰਸ ਸਰਕਾਰ ਦਾ ਆਖਰੀ ਬਜਟ ਹੈ, ਇਸ ਲਈ ਸਾਰੇ ਵਰਗਾਂ ਲਈ ਕੁਝ ਨਾ ਕੁਝ ਰਿਆਇਤਾਂ ਦੀ ਪਿਟਾਰੀ ਖੁੱਲ ਸਕਦੀ ਹੈ।
Manpreet Badal
ਸਰਕਾਰ ਦਾ ਆਖਰੀ ਬਜਟ ਹੋਣ ਕਾਰਨ ਜਿੱਥੇ ਸਰਕਾਰ ਲਈ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਚੁਨੌਤੀ ਹੈ, ਉੱਥੇ ਹੀ ਵਧਦੀ ਮਹਿੰਗਾਈ ਅਤੇ ਕਰੋਨਾ ਕਾਲ ਦੀ ਝੰਭੀ ਲੋਕਾਈ ਸਰਕਾਰ ਤੋਂ ਰਿਆਇਤਾਂ ਦੀ ਉਮੀਦ ਲਗਾਈ ਬੈਠੀ ਹੈ।