
ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਲੈ ਕੇ ਵੀ ਵਿਦਿਆਰਥੀਆਂ ਪ੍ਰਤੀ ਸਖ਼ਤ ਰਵੱਈਆ ਅਪਣਾਉਣ ਦੀ ਗੱਲ ਵੀ ਕਹੀ ਗਈ
ਅੰਮ੍ਰਿਤਸਰ: ਇੱਥੋਂ ਦੇ ਹੋਲੀ ਹਾਰਟ ਸਕੂਲ ਲੋਹਾਰਕਾ ਰੋਡ ’ਚ ਸਿੱਖ ਵਿਦਿਆਰਥੀਆਂ ’ਤੇ ਦਸਤਾਰ ਬੰਨ੍ਹ ਕੇ ਆਉਣ ਦੀ ਪਾਬੰਦੀ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਲੈ ਕੇ ਵੀ ਵਿਦਿਆਰਥੀਆਂ ਪ੍ਰਤੀ ਸਖ਼ਤ ਰਵੱਈਆ ਅਪਣਾਉਣ ਦੀ ਗੱਲ ਆਖੀ ਜਾ ਰਹੀ ਹੈ। ਇਸ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਉਕਤ ਸਕੂਲ ਵਿਚ ਪਹੁੰਚੇ ਤੇ ਪ੍ਰਬੰਧਨ ਦੇ ਇਸ ਨਾਦਰਸ਼ਾਹੀ ਫਰਮਾਨ ਦਾ ਵਿਰੋਧ ਕੀਤਾ।
Big Issue raise: Dastar banned in School
ਦੱਸਿਆ ਜਾ ਰਿਹਾ ਹੈ ਕਿ ਸਕੂਲ ਪ੍ਰਬੰਧਨ ਵਲੋਂ ਦਸਤਾਰਧਾਰੀ ਸਿੱਖ ਵਿਦਿਆਰਥੀਆਂ ਨੂੰ ਸਿਰਫ਼ 5 ਮੀਟਰ ਦੀ ਪੱਗ ਬੰਨ੍ਹਣ ਦਾ ਫਰਮਾਨ ਸੁਣਾਇਆ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵੀ ਦਾੜ੍ਹੀ ’ਤੇ ਫਿਕਸੋ ਲਗਾ ਕੇ ਬੰਨ੍ਹ ਕੇ ਸਕੂਲ ਆਉਣ ਲਈ ਕਿਹਾ ਹੈ। ਤੀਜੇ ਫਰਮਾਨ ਵਿਚ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਸਕੂਲ ਦੀ ਮੁੱਖ ਭਾਸ਼ਾ ਅੰਗਰੇਜ਼ੀ ਹੈ ਤੇ ਸਾਰੇ ਵਿਦਿਆਰਥੀ ਸਕੂਲ ਕੰਪਲੈਕਸ ਵਿਚ ਅੰਗਰੇਜ਼ੀ ਵਿਚ ਹੀ ਗੱਲ ਕਰਨਗੇ।
ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲ ਵਿਚ ਜੇਕਰ ਕੋਈ ਹਿੰਦੀ ਵਿਚ ਗੱਲਬਾਤ ਕਰਦਾ ਹੈ ਤਾਂ ਕੋਈ ਇਤਰਾਜ਼ ਨਹੀਂ ਕੀਤਾ ਜਾਂਦਾ ਪਰ ਜੇਕਰ ਕੋਈ ਵਿਦਿਆਰਥੀ ਪੰਜਾਬੀ ’ਚ ਗੱਲ ਕਰਦਾ ਹੈ ਤਾਂ ਉਸ ਵਿਰੁਧ ਐਕਸ਼ਨ ਲਿਆ ਜਾਂਦਾ ਹੈ ਤੇ ਪੇਪਰ ਵਿਚੋਂ ਨੰਬਰ ਕੱਟ ਦਿਤੇ ਜਾਂਦੇ ਹਨ। ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸਕੂਲ ਵਿਚ ਪਹੁੰਚ ਕੇ ਇਸ ਫੁਰਮਾਨ ਨੂੰ ਸਰਾਸਰ ਗਲਤ ਕਰਾਰ ਦਿਤਾ ਹੈ। ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਸਕੂਲ ਵਿਚ ਅਪਣਾਏ ਜਾ ਰਹੇ ਇਸ ਰਵੱਈਆ ਬਾਰੇ ਗੱਲਬਾਤ ਕਰਨ ਲਈ ਸਕੂਲ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ।