
ਇਕ ਏਕੜ ਜ਼ਮੀਨ ਦਾ ਮਾਲਕ ਦੋ ਕਰੋੜ ਰੁਪਏ ਜਿੱਤਿਆ
ਚੰਡੀਗੜ੍ਹ: ਵਿਸਾਖੀ ਦਾ ਤਿਉਹਾਰ ਪੰਜਾਬੀ ਚਾਅ ਅਤੇ ਖੁਸ਼ੀਆਂ ਨਾਲ ਮਨਾਉਂਦੇ ਹਨ। ਇਹ ਪੰਜਾਬ ਦੀ ਖੁਸ਼ਹਾਲੀ ਨਾਲ ਜੁੜਿਆਂ ਤਿਉਹਾਰ ਹੈ ਅਤੇ ਵਿਸਾਖੀ ਨੇ ਮੋਗਾ ਦੇ ਪਰਵਿੰਦਰ ਸਿੰਘ ਦੀ ਜ਼ਿੰਦਗੀ ਵਿਚ ਵੀ ਖੁਸ਼ੀਆਂ ਤੇ ਖੁਸ਼ਹਾਲੀ ਲਿਆਂਦੀ ਹੈ। ਪੰਜਾਬ ਲਾਟਰੀ ਵਿਭਾਗ ਵਲੋਂ ਜਾਰੀ ‘ਵਿਸਾਖੀ ਬੰਪਰ-2019’ ਦਾ 2 ਕਰੋੜ ਰੁਪਏ ਦਾ ਪਹਿਲਾ ਇਨਾਮ ਇਸ ਵਾਰ ਪਰਵਿੰਦਰ ਸਿੰਘ ਦੇ ਨਾਂ ਰਿਹਾ ਹੈ ਅਤੇ ਜੇਤੂ ਰਕਮ ਕੁਝ ਸਮਾਂ ਪਹਿਲਾਂ ਉਸ ਦੇ ਬੈਂਕ ਖਾਤੇ ਵਿਚ ਆ ਚੁੱਕੀ ਹੈ।
Parwinder Singh
ਪਰਵਿੰਦਰ ਸਿੰਘ ਦੀ ਉਮਰ 34 ਸਾਲ ਹੈ ਅਤੇ ਉਹ ਪਿੰਡ ਨੱਥੂਵਾਲਾ ਜਦੀਦ (ਮੋਗਾ) ਦਾ ਵਸਨੀਕ ਹੈ। ਉਸ ਦੇ ਪਰਿਵਾਰ ਕੋਲ ਸਿਰਫ ਇਕ ਏਕੜ ਜ਼ਮੀਨ ਹੈ, ਜਿਸ ਉੱਪਰ ਖੇਤੀ ਕਰਕੇ ਉਹ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਸ ਨੇ ਦੱਸਿਆ ਕਿ ਉਹ ਜਿੱਤੀ ਗਈ ਇਹ ਰਕਮ ਆਪਣੇ ਦੋ ਬੱਚਿਆਂ ਦੇ ਚੰਗੇ ਭਵਿੱਖ ਅਤੇ ਪੜਾਈ ਉੱਪਰ ਖਰਚ ਕਰੇਗਾ। ਪਰਵਿੰਦਰ ਨੇ ਕਿਹਾ ਕਿ ਵਿਸਾਖੀ ਬੰਪਰ ਉਸ ਦੀ ਜ਼ਿੰਦਗੀ ਵਿਚ ’ਅਲਾਦੀਨ ਦੇ ਚਿਰਾਗ’ ਵਾਂਗੂ ਆਇਆ ਜਿਸ ਨੇ ਪਲਾਂ ਵਿਚ ਹੀ ਉਸ ਨੂੰ ਕਰੋੜਪਤੀ ਬਣਾ ਦਿੱਤਾ।
ਉਸ ਦੀ ਲਾਟਰੀ ਨਿਕਲਣ ਪਿੱਛੇ ਇਕ ਦਿਲਚਸਪ ਕਹਾਣੀ ਹੈ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦੇ ਪਿਤਾ ਜੀ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਜਾਰੀ ਲਾਟਰੀ ਬੰਪਰ ਪਾਉਂਦੇ ਆ ਰਹੇ ਹਨ। ਕਈ ਵਾਰ ਤਾਂ ਉਨਾਂ ਦੋ-ਦੋ ਟਿਕਟਾਂ ਵੀ ਖਰੀਦੀਆਂ। ਇਸੇ ਤਰ੍ਹਾਂ ਇਕ ਦਿਨ ਮੋਗਾ ਤੋਂ ਪਿੰਡ ਨੂੰ ਜਾਂਦਿਆਂ ਉਸ ਨੇ ਲਾਟਰੀ ਦਾ ਸਟਾਲ ਵੇਖਿਆ ਅਤੇ ਮੋਟਰਸਾਈਕਲ ਰੋਕ ਕੇ ਵਿਸਾਖੀ ਬੰਪਰ-2019 ਦੀ ਟਿਕਟ ਖਰੀਦ ਲਈ।
ਜਦੋਂ ਨਤੀਜਾ ਆਇਆ ਤਾਂ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਉਸ ਦੇ ਨਾਂ ਹੋ ਚੁੱਕਾ ਸੀ। ਉਸ ਨੇ ਕਿਹਾ ਕਿ ਜਦੋਂ ਪਹਿਲਾਂ ਲਾਟਰੀ ਨਹੀਂ ਨਿਕਲਦੀ ਸੀ ਤਾਂ ਉਹ ਨਿਰਾਸ਼ ਹੋ ਜਾਂਦਾ ਸੀ ਪਰ ਵਿਸਾਖੀ ਬੰਪਰ ਨੇ ਉਸ ਦੇ ਪਰਿਵਾਰ ਦੀ ਕਿਸਮਤ ਬਦਲ ਦਿਤੀ ਹੈ। ਪਰਵਿੰਦਰ ਨੇ ਕਿਹਾ ਕਿ ਜਿੱਤੀ ਰਕਮ ਜਲਦ ਪ੍ਰਾਪਤ ਕਰਨ ਵਿਚ ਲਾਟਰੀ ਵਿਭਾਗ ਵੱਲੋਂ ਕੀਤੀ ਪਹਿਲਕਦਮੀ ਅਤੇ ਸਕਾਰਾਤਮਕ ਰਵੱਈਆ ਪ੍ਰਸੰਸਾਯੋਗ ਹੈ। ਉਸ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਸ ਸਦਕਾ ਉਸ ਦੀਆਂ ਆਰਥਿਕ ਤੰਗੀਆਂ-ਤੁਰਸ਼ੀਆਂ ਦੂਰ ਹੋਈਆਂ ਹਨ।