ਪਿੰਡ ਜਖਵਾਲੀ ਦੇ ਮੁਸਲਮਾਨਾਂ ਨੂੰ ਨਮਾਜ਼ ਅਦਾ ਕਰਨ ’ਚ ਆ ਰਹੀ ਸੀ ਤੰਗੀ
ਫਤਿਹਗੜ੍ਹ ਸਾਹਿਬ: ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਗੁਰੂਦਵਾਰਾ ਮੰਜੀ ਸਾਹਿਬ ਨੌਵੀਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਜਖਵਾਲੀ ਵਿਖੇ ਮਾਤਾ ਰਾਜਿੰਦਰ ਕੌਰ ਪਤਨੀ ਮਰਹੂਮ ਜਰਨੈਲ ਸਿੰਘ ਦੇ ਪਰਿਵਾਰ ਨੇ ਪਿੰਡ ਦੇ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਅਦਾ ਕਰਨ ਲਈ ਆ ਰਹੀ ਤੰਗੀ ਨੂੰ ਵੇਖਦੇ ਹੋਏ ਆਪਣੀ 5 ਮਰਲੇ ਜ਼ਮੀਨ ਮਸਜਿਦ ਬਣਾਉਣ ਲਈ ਦਾਨ ਵਿੱਚ ਦਿੱਤੀ।
ਇਸ ਖੂਬਸੂਰਤ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਮਸਜਿਦ ਦਾ ਨੀਂਹ ਪੱਥਰ ਰੱਖਣ ਪੁੱਜੇ। ਸ਼ਾਹੀ ਇਮਾਮ ਨੇ ਇਸ ਮੌਕੇ ਤੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਅੱਜ ਵੀ ਵਿਸ਼ਵ ਨੂੰ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਭੇਜਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਰਬ ਧਰਮਾਂ ਦੇ ਲੋਕ ਆਪਣੇ ਆਪਣੇ ਧਰਮ ਵਿੱਚ ਪਰਪੱਖ ਹੋ ਕੇ ਇੱਕ ਦੂਜੇ ਦਾ ਸਤਿਕਾਰ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਨਫਰਤ ਦੇ ਮੁਕਾਬਲੇ ਮੁਹੱਬਤ ਦੀ ਅਲਖ ਜਗਾ ਕੇ ਰੱਖੀ ਹੈ।
