ਮੇਰੀਆਂ ਜੜ੍ਹਾਂ ਪੰਜਾਬ ਵਿਚ ਹਨ, ਮੇਰੇ ਦਾਦਕੇ ਅਤੇ ਨਾਨਕੇ ਪੰਜਾਬ ਵਿਚ ਹੀ ਹਨ: ਰਾਘਵ ਚੱਢਾ
Published : Feb 8, 2022, 8:45 am IST
Updated : Feb 8, 2022, 8:46 am IST
SHARE ARTICLE
Raghav Chadha
Raghav Chadha

ਕਿਹਾ, ਮੈਂ ਅਰਵਿੰਦ ਕੇਜਰੀਵਾਲ ਜੀ ਦੀ ਉਂਗਲੀ ਫੜ ਕੇ ਸਿਆਸੀ ਸਫ਼ਰ ਸ਼ੁਰੂ ਕੀਤਾ

 

ਚੰਡੀਗੜ੍ਹ, 7 ਫ਼ਰਵਰੀ (ਨਿਮਰਤ ਕੌਰ): ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਵਲੋਂ ਪੰਜਾਬ ਦੇ ਕਈ ਅਹਿਮ ਮੁੱਦੇ ਚੁੱਕੇ ਜਾ ਰਹੇ ਹਨ। ਇਸ ਦੌਰਾਨ ਇਕ ਹੋਰ ਮੁੱਦਾ ਸਿਆਸੀ ਪਾਰਟੀਆਂ ਵਲੋਂ ਚੁੱਕਿਆ ਜਾ ਰਿਹਾ ਹੈ ਉਹ ਹੈ ਰਾਘਵ ਚੱਢਾ ਕੌਣ ਹੈ? ਰਾਘਵ ਚੱਢਾ ਪੰਜਾਬ ਵਿਚ ਕੀ ਕਰ ਰਹੇ ਨੇ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਗੱਲਬਾਤ ਦੇ ਕੁੱਝ ਵਿਸ਼ੇਸ਼ ਅੰਸ਼:

ਸਵਾਲ: ਜਿਸ ਰਾਘਵ ਚੱਢਾ ਬਾਰੇ ਸੁਣਿਆ ਸੀ ਕਿ ਉਹ ਬੌਂਡ ਗਲੀ ਵਿਚ ਸਮਾਨ ਖ਼ਰੀਦਦੇ ਸੀ ਅਤੇ ਉੱਥੋਂ ਦੀ ਕੌਫ਼ੀ ਪੀਂਦੇ ਸੀ, ਅੱਜ ਉਹ ਪੰਜਾਬ ਦੀਆਂ ਸੜਕਾਂ ’ਤੇ ਚਾਹ ਪੀਂਦੇ ਦਿਖਾਈ ਦਿੰਦੇ ਹਨ। ਇਹ ਸੱਭ ਕਿਵੇਂ ਹੋਇਆ?

ਜਵਾਬ: ਮੈਨੂੰ ਲਗਦਾ ਹੈ ਕਿ ਇਸ ਵਾਰ ਪ੍ਰਮਾਤਮਾ ਨੇ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਜੀ ਅਤੇ ਸਾਨੂੰ ਸਾਰਿਆਂ ਨੂੰ ਇਕ ਵਾਰ ਫਿਰ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਦਿਤੀ ਹੈ। ਇਸ ਵੱਡੀ ਮੁਹਿੰਮ ਵਿਚ ਮੈਨੂੰ ਵੀ ਇਕ ਛੋਟਾ ਜਿਹਾ ਕਿਰਦਾਰ ਨਿਭਾਉਣ ਦੀ ਜ਼ਿੰਮੇਵਾਰੀ ਮਿਲੀ ਹੈ। ਮੈਂ ਅਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਹੈ। ਪ੍ਰਮਾਤਮਾ ਮਿਹਰ ਕਰੇ ਕਿ ਅਸੀਂ ਜਿਸ ਮਿਸ਼ਨ ’ਤੇ ਨਿਕਲੇ ਹਾਂ, ਉਸ ਵਿਚ ਸਫ਼ਲਤਾ ਹਾਸਲ ਕਰੀਏ।

ਸਵਾਲ: ਤੁਸੀਂ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਸਿਆਸਤ ਵਿਚ ਕਿਵੇਂ ਦਿਲਚਸਪੀ ਪੈਦਾ ਹੋਈ?

ਜਵਾਬ: ਮੈਂ ਪੇਸ਼ੇ ਵਜੋਂ ਚਾਰਟਰ ਅਕਾਊਂਟੈਂਟ ਹਾਂ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਇੰਗਲੈਂਡ ਅਤੇ ਭਾਰਤ ਵਿਚ ਅਪਣੀ ਪ੍ਰੈਕਟਿਸ ਸ਼ੁਰੂ ਕਰ ਰਿਹਾ ਸੀ। ਉਸ ਸਮੇਂ ਦੇਸ਼ ਵਿਚ ਲੋਕਪਾਲ ਲਹਿਰ ਅੰਨਾ ਹਜ਼ਾਰੇ ਅੰਦੋਲਨ ਸਿਖਰ ’ਤੇ ਸੀ। ਉਸ ਦੌਰਾਨ ਮੈਨੂੰ ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ। ਮੇਰਾ ਮਕਸਦ ਸਿਰਫ਼ ਇਹ ਸੀ ਕਿ ਮੈਂ ਅਪਣੇ ਸਮੇਂ ਵਿਚੋਂ ਕੁੱਝ ਸਮਾਂ ਇਸ ਅੰਦੋਲਨ ਨੂੰ ਸਮਰਪਿਤ ਕਰ ਸਕਾਂ ਅਤੇ ਇਕ ਵਲੰਟੀਅਰ ਵਜੋਂ ਅੰਦੋਲਨ ਵਿਚ ਕੋਈ ਸੇਵਾ ਕਰ ਸਕਾਂ। ਮੈਂ ਚਾਹੁੰਦਾ ਸੀ ਕਿ ਅੰਦੋਲਨ ਵਿਚ ਮੇਰਾ ਵੀ ਕੋਈ ਯੋਗਦਾਨ ਹੋਵੇ। ਉੱਥੋਂ ਹੀ ਇਹ ਸਫ਼ਰ ਸ਼ੁਰੂ ਹੋਇਆ। ਮੇਰਾ ਸਿਆਸਤ ਵਿਚ ਆਉਣ ਦਾ ਕੋਈ ਮੰਨ ਨਹੀਂ ਸੀ ਅਤੇ ਨਾ ਹੀ ਉਸ ਸਮੇਂ ਪਾਰਟੀ ਬਣਾਉਣ ਦਾ ਕੋਈ ਵਿਚਾਰ ਸੀ। ਅੰਦੋਲਨ ਚਲਦਾ ਗਿਆ ਅਤੇ ਕਾਂਗਰਸ-ਭਾਜਪਾ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਜੀ ਅਤੇ ਸਾਨੂੰ ਸਾਰਿਆਂ ਨੂੰ ਚੁਨੌਤੀ ਦਿਤੀ ਕਿ ਹਿੰਮਤ ਹੈ ਤਾਂ ਪਾਰਟੀ ਬਣਾਉ ਅਤੇ ਚੋਣ ਲੜੋ। ਫਿਰ ਅਸੀਂ ਪਾਰਟੀ ਬਣਾ ਲਈ ਅਤੇ ਚੋਣ ਵੀ ਲੜੇ। ਮੈਂ ਅਰਵਿੰਦ ਕੇਜਰੀਵਾਲ ਦੀ ਉਂਗਲੀ ਫੜ ਕੇ ਹੀ ਸਿਆਸੀ ਸਫ਼ਰ ’ਤੇ ਚਲ ਪਿਆ ਅਤੇ ਅਸੀਂ ਇਥੋਂ ਤਕ ਪਹੁੰਚ ਗਏ।

ਸਵਾਲ: ਤੁਹਾਡੇ ਪਿਤਾ ਜਿਸ ਨੇ ਤੁਹਾਡੀ ਬਚਪਨ ਤੋਂ ਹੀ ਉਂਗਲੀ ਫੜੀ ਸੀ ਅਤੇ ਤੁਹਾਨੂੰ ਲੰਡਨ ਪੜ੍ਹਨ ਲਈ ਭੇਜਿਆ, ਉਨ੍ਹਾਂ ਨੂੰ ਤੁਹਾਡਾ ਇਹ ਫ਼ੈਸਲਾ ਬੁਰਾ ਨਹੀਂ ਲਗਿਆ?
ਜਵਾਬ: ਮੈਂ ਕਦੀ ਉਨ੍ਹਾਂ ਦੀ ਉਂਗਲੀ ਨਹੀਂ ਛੱਡੀ। ਮੈਂ ਹੁਣ ਵੀ ਉਨ੍ਹਾਂ ਦੀ ਉਂਗਲੀ ਫੜੀ ਹੋਈ ਹੈ। ਮੇਰੇ ਪ੍ਰਵਾਰ ਵਿਚ ਮੇਰੇ ਤੋਂ ਪਹਿਲਾਂ ਕੋਈ ਸਿਆਸਤਦਾਨ ਨਹੀਂ ਸੀ ਤੇ ਮੈਨੂੰ ਲਗਦਾ ਹੈ ਕਿ ਮੇਰੇ ਤੋਂ ਬਾਅਦ ਵੀ ਕੋਈ ਨਹੀਂ ਹੋਵੇਗਾ। ਮੈਨੂੰ ਲਗਦਾ ਹੈ ਕਿ ਜੇਕਰ ਮੈਂ ਅਪਣੇ ਮਾਤਾ-ਪਿਤਾ ਸਾਹਮਣੇ ਕਿਸੇ ਹੋਰ ਪਾਰਟੀ (ਭਾਜਪਾ ਜਾਂ ਕਾਂਗਰਸ) ਨੂੰ ਜੁਆਇੰਨ ਕਰਨ ਦਾ ਵਿਚਾਰ ਵੀ ਰਖਦਾ ਤਾਂ ਉਨ੍ਹਾਂ ਨੇ ਮੇਰਾ ਨਾਂਅ ਵਸੀਅਤ ਤੋਂ ਕਟਵਾ ਕੇ ਮੈਨੂੰ ਘਰੋਂ ਕੱਢ ਦੇਣਾ ਸੀ ਕਿਉਂਕਿ ਇਹ ਇਕ ਪਾਕ ਸਾਫ਼ ਅੰਦੋਲਨ ਸੀ ਅਤੇ ਇਕ ਪਾਕ ਪਾਰਟੀ ਹੈ। ਸਾਡੇ ਕੋਲ ਅਰਵਿੰਦ ਕੇਜਰੀਵਾਲ ਜੀ ਵਰਗੇ ਆਗੂ ਹਨ ਤੇ ਅਸੀਂ ਸਾਫ਼ ਇਰਾਦੇ ਨਾਲ ਸੱਚੇ ਦਿਲੋਂ ਕੁੱਝ ਕੰਮ ਕਰਨਾ ਚਾਹੁੰਦੇ ਹਾਂ। ਇਸ ਲਈ ਮੇਰੇ ਪੂਰੇ ਪ੍ਰਵਾਰ ਨੇ ਇਸ ਸਫ਼ਰ ਦੌਰਾਨ ਮੈਨੂੰ ਪੂਰਾ ਸਮਰਥਨ ਦਿਤਾ। ਅਰਵਿੰਦ ਕੇਜਰੀਵਾਲ ਦਾ ਜਿੰਨਾ ਵੱਡਾ ਪ੍ਰਸ਼ੰਸਕ ਮੈਂ ਹਾਂ, ਉਨੇ ਵੱਡੇ ਹੀ ਪ੍ਰਸ਼ੰਸਕ ਮੇਰੇ ਮਾਤਾ-ਪਿਤਾ ਵੀ ਹਨ।

Raghav ChadhaRaghav Chadha

ਸਵਾਲ: ਦਿੱਲੀ ਵਿਚ ਵਿਧਾਇਕ ਵਜੋਂ ਤੁਹਾਨੂੰ ਕਿੰਨੀ ਤਨਖ਼ਾਹ ਮਿਲਦੀ ਹੈ?
ਜਵਾਬ: ਬੇਸਿਕ ਤਨਖ਼ਾਹ 12 ਹਜ਼ਾਰ ਰੁਪਏ ਹੈ।

ਸਵਾਲ: ਜਦੋਂ ਉਹ ਚੈੱਕ ਘਰ ਦਿਤਾ ਤਾਂ ਕਿਵੇਂ ਲਗਿਆ?
ਜਵਾਬ: ਦਰਅਸਲ ਅਸੀਂ ਅਪਣਾ ਕਰੀਅਰ ਛੱਡ ਕੇ ਸਿਆਸਤ ਵਿਚ ਇਸ ਲਈ ਆਏ ਹਾਂ ਤਾਂ ਜੋ ਇਸ ਨੂੰ ਸਾਫ਼ ਕੀਤਾ ਜਾ ਸਕੇ ਅਤੇ ਇਸ ਨੂੰ ਮੁੜ ਦੇਸ਼ ਦੀ ਸੇਵਾ ਬਣਾਇਆ ਜਾਵੇ। ਅਸੀਂ ਸਿਆਸਤ ਲਈ ਅਪਣਾ ਕਰੀਅਰ ਛੱਡ ਕੇ ਆਏ ਹਾਂ ਨਾ ਕਿ ਸਿਆਸਤ ਵਿਚ ਕਰੀਅਰ ਬਣਾਉਣ ਲਈ ਆਏ ਹਾਂ। ਹੋਰ ਸਿਆਸਤਦਾਨਾਂ ਅਤੇ ਆਮ ਆਦਮੀ ਪਾਰਟੀ ਵਿਚ ਇਹ ਜ਼ਮੀਨ ਅਸਮਾਨ ਦਾ ਫ਼ਰਕ ਹੈ। ਮੈਂ ਅਪਣੀ 12 ਹਜ਼ਾਰ ਦੀ ਤਨਖ਼ਾਹ ਦੇ ਨਾਲ-ਨਾਲ ਅਪਣੀ ਸੀਏ ਦੀ ਪ੍ਰੈਕਟਿਸ ਵੀ ਜਾਰੀ ਰਖਦਾ ਹਾਂ। ਜਦੋਂ ਮੈਂ ਚੋਣਾਂ ਲੜਨ ਦਾ ਵਿਚਾਰ ਅਪਣੇ ਪ੍ਰਵਾਰ ਸਾਹਮਣੇ ਰਖਿਆ ਸੀ ਤਾਂ ਮੇਰੇ ਮਾਤਾ ਜੀ ਨੇ ਮਨ੍ਹਾਂ ਕਰ ਦਿਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਮਾਨਦਾਰੀ ਨਾਲ ਮਦਦ ਕਰੋ ਜਾਂ ਪਾਰਟੀ ਨਾਲ ਮਿਲ ਕੇ ਕੰਮ ਕਰੋ ਪਰ ਚੋਣ ਲੜਨਾ ਸਾਡੇ ਬਸ ਦੀ ਗੱਲ ਨਹੀਂ। ਮੈਂ ਬਹੁਤ ਮੁਸ਼ਕਲ ਨਾਲ ਉਨ੍ਹਾਂ ਨੂੰ ਮਨਾਇਆ। ਉਸ ਸਮੇਂ ਉਨ੍ਹਾਂ ਨੇ ਮੈਥੋਂ ਵਾਅਦਾ ਲਿਆ ਸੀ ਕਿ ਮੈਂ ਕਦੀ ਵੀ ਅਪਣੀ ਸੀਏ ਦੀ ਪ੍ਰੈਕਟਿਸ ਨਹੀਂ ਛੱਡਾਂਗਾ ਕਿਉਂਕਿ ਇਹੀ ਮੇਰੀ ਕਮਾਈ ਦਾ ਮੁਢਲਾ ਸਰੋਤ ਰਹੇਗਾ। ਘਰ ਦੀ ਦਾਲ-ਰੋਟੀ ਉਸ ਨਾਲ ਹੀ ਚਲਦੀ ਚਾਹੀਦੀ ਹੈ।

ਸਵਾਲ: ਪੰਜਾਬ ਵਿਚ ਸਰਗਰਮ ਹੋਣ ਤੋਂ ਪਹਿਲਾਂ ਸੱਭ ਨੇ ਤੁਹਾਨੂੰ ਨੈਸ਼ਨਲ ਟੀਵੀ ਡਿਬੇਟ ਉਤੇ ਹੀ ਦੇਖਿਆ ਸੀ। ਦਿੱਲੀ ਦੀ ਆਕਸੀਜਨ ਲੜਾਈ ਵਿਚ ਹੀ ਸੱਭ ਤੋਂ ਪਹਿਲਾਂ ਤੁਸੀਂ ਹੀ ਅੱਗੇ ਆਏ। ਉਸ ਦੌਰਾਨ ਤੁਹਾਨੂੰ ਅਪਣੀ ਪ੍ਰੈਕਟਿਸ ਲਈ ਸਮਾਂ ਮਿਲਦਾ ਸੀ?
ਜਵਾਬ: ਬਹੁਤ ਘੱਟ ਸਮਾਂ ਮਿਲਦਾ ਸੀ ਪਰ ਟੀਮ ਨਾਲ ਮਿਲ ਕੇ ਇਕੱਠੇ ਹੋ ਕੇ ਇਹ ਕੰਮ ਕਰਦੇ ਸੀ ਪਰ ਇਹ ਬਹੁਤ ਚੁਣੌਤੀਪੂਰਨ ਰਿਹਾ ਹੈ। ਅਰਵਿੰਦ ਕੇਜਰੀਵਾਲ ਇਨਕਮ ਟੈਕਸ ਕਮਿਸ਼ਨਰ ਸੀ। ਉਨ੍ਹਾਂ ਨੇ ਆਈਆਈਟੀ ਤੋਂ ਇੰਜੀਨੀਅਰਿੰਗ ਕੀਤੀ ਅਤੇ ਉਹ ਕਰੋੜਾਂ ਰੁਪਏ ਦਾ ਕੰਮ ਛੱਡ ਕੇ ਸਮਾਜ ਸੇਵਾ ਵਿਚ ਆ ਗਏ। ਜੇਕਰ ਅਸੀਂ ਅਪਣੇ ਕਰੀਅਰ ਵਿਚ ਹੀ ਰਹਿੰਦੇ ਤਾਂ ਕਰੋੜਾਂ ਰੁਪਏ ਕਮਾ ਸਕਦੇ ਸੀ।

ਸਵਾਲ: ਤੁਹਾਨੂੰ ਸੰਤੁਸ਼ਟੀ ਹੈ?
ਜਵਾਬ: ਬਹੁਤ ਜ਼ਿਆਦਾ ਹੈ। ਮੇਰਾ ਮੰਨਣਾ ਹੈ ਕਿ ਇਨਸਾਨ ਸਿਰਫ਼ ਸੰਤੁਸ਼ਟੀ ਲਈ ਕੰਮ ਕਰਦਾ ਹੈ। ਕਿਸੇ ਨੂੰ ਸੰਤੁਸ਼ਟੀ ਪੈਸੇ ਨਾਲ ਮਿਲਦੀ ਹੈ, ਕਿਸੇ ਨੂੰ ਸੰਤੁਸ਼ਟੀ ਨਾਮ ਅਤੇ ਸ਼ੌਹਰਤ ਨਾਲ ਮਿਲਦੀ ਹੈ। ਸਾਨੂੰ ਲੋਕਾਂ ਲਈ ਕੰਮ ਕਰ ਕੇ, ਉਨ੍ਹਾਂ ਦਾ ਭਲਾ ਅਤੇ ਸਮਾਜ ਲਈ ਕੁੱਝ ਚੰਗਾ ਕਰ ਕੇ ਸੰਤੁਸ਼ਟੀ ਮਿਲਦੀ ਹੈ। ਦਿੱਲੀ ਵਿਚ ਸਾਡੀ ਸਰਕਾਰ ਬਣੀ ਅਤੇ ਸਾਡੀ ਸਰਕਾਰ ਨੇ ਸ਼ਾਨਦਾਰ ਸਕੂਲ ਬਣਾਏ। ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ 16 ਲੱਖ ਬੱਚਿਆਂ ਦੀ ਜ਼ਿੰਦਗੀ ਬਦਲ ਗਈ। ਇਸ ਨੂੰ ਦੇਖ ਕੇ ਜੋ ਸੰਤੁਸ਼ਟੀ ਮਿਲਦੀ ਹੈ ਉਹ ਕਰੋੜਾਂ ਰੁਪਏ ਕਮਾ ਕੇ ਵੀ ਨਹੀਂ ਮਿਲਦੀ। ਸਾਨੂੰ ਇਹੀ ਸੰਤੁਸ਼ਟੀ ਚਾਹੀਦੀ ਹੈ।
ਸਵਾਲ: ਜਦੋਂ ਲੰਡਨ ਵਿਚ ਪੜਿ੍ਹਆ-ਲਿਖਿਆ ਲੜਕਾ ਪਹਿਲੀ ਵਾਰ ਦਿੱਲੀ ਦੀਆਂ ਸੜਕਾਂ ਵਿਚ ਵੋਟ ਮੰਗਣ ਨਿਕਲਿਆ ਸੀ ਤਾਂ ਕਿਵੇਂ ਦਾ ਲਗਿਆ?
ਜਵਾਬ: ਜ਼ਿੰਦਗੀ ਵਿਚ ਬਹੁਤ ਵੱਡਾ ਬਦਲਾਅ ਆਇਆ ਸੀ। ਨਾ ਮੈਨੂੰ ਭਾਸ਼ਣ ਦੇਣਾ ਆਉਂਦਾ ਸੀ ਅਤੇ ਨਾ ਹੀ ਇੰਟਰਵਿਊ ਦੇਣੀ ਆਉਂਦੀ ਸੀ। ਮੈਨੂੰ ਪਹਿਲੀ ਵਾਰ ਟੀਵੀ ਸਕਰੀਨ ਦਾ ਸਾਹਮਣਾ ਕਰਨ ਦਾ ਮੌਕਾ ਉਸ ਸਮੇਂ ਮਿਲਿਆ ਸੀ ਜਦੋਂ ਦਸੰਬਰ 2013 ਵਿਚ ਪਹਿਲੀ ਵਾਰ ਸਾਡੀ ਸਰਕਾਰ ਬਣੀ ਸੀ। ਉਸ ਦਿਨ ਮੈਂ ਸੱਭ ਤੋਂ ਪਹਿਲਾਂ ਕੈਮਰੇ ਸਾਹਮਣੇ ਬੈਠਾ ਸੀ ਅਤੇ ਮੇਰਾ ਇੰਟਰਵਿਊ ਲੈਣ ਵਾਲੇ ਡਾ. ਪ੍ਰਣਏ ਰਾਏ ਸਨ, ਜਿਨ੍ਹਾਂ ਨੂੰ ਨਿਊਜ਼ ਚੈਨਲਾਂ ਦਾ ਭੀਸ਼ਮ ਪਿਤਾਮਾ ਕਿਹਾ ਜਾਂਦਾ ਹੈ। ਤੁਸੀਂ ਸੋਚ ਸਕਦੇ ਹੋ ਕਿ ਮੈਨੂੰ ਕਿੰਨੀ ਘਬਰਾਹਟ ਹੋ ਰਹੀ ਹੋਵੇਗੀ ਪਰ ਤੁਸੀਂ ਹੌਲੀ-ਹੌਲੀ ਸੱਭ ਸਿੱਖ ਜਾਂਦੇ ਹੋ। ਅਸੀਂ ਕੋਈ ਟ੍ਰੇਨਿੰਗ ਨਹੀਂ ਲਈ, ਜੋ ਵੀ ਦਿਲ ਵਿਚ ਆਉਂਦਾ ਹੈ ਉਹ ਬੋਲ ਦਿੰਦੇ ਹਾਂ। ਇਹ ਬਹੁਤ ਹੀ ਬਦਲਾਅ ਵਾਲਾ ਪੜਾਅ ਰਿਹਾ ਹੈ। ਇਕ ਪਾਸੇ ਤੁਸੀਂ ਸੂਟ-ਟਾਈ ਲਗਾ ਕੇ ਦਫ਼ਤਰ ਵਿਚ ਬੈਠ ਕੇ ਬੈਲੇਂਸ ਸ਼ੀਟ ਬਣਾਉਂਦੇ ਸੀ ਅਤੇ ਇਕ ਪਾਸ ਤੁਸੀਂ ਪਿੰਡਾਂ ਵਿਚ ਘੁੰਮ-ਘੁੰਮ ਕੇ ਲੋਕਾਂ ਤੋਂ ਵੋਟ ਮੰਗ ਰਹੇ ਹੋ। ਇਹ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸ਼ਾਇਦ ਪ੍ਰਮਾਤਮਾ ਮੇਰੇ ਜ਼ਰੀਏ ਕੁੱਝ ਕੰਮ ਕਰਵਾਉਣਾ ਚਾਹੁੰਦਾ ਹੋਵੇ ਅਤੇ ਅਸੀਂ ਇਸ ਵਿਚ ਲੱਗੇ ਹੋਏ ਹਾਂ।

Raghav ChadhaRaghav Chadha

ਸਵਾਲ: ਤੁਹਾਨੂੰ ਅਰਵਿੰਦ ਕੇਜਰੀਵਾਲ ਦੇ ਖ਼ਾਸਮ-ਖ਼ਾਸ ਵੀ ਕਿਹਾ ਜਾਂਦਾ ਹੈ। ਤੁਹਾਡਾ ਗ੍ਰਾਫ਼ ਬਹੁਤ ਜਲਦੀ ਉਪਰ ਆਇਆ ਹੈ, ਤੁਸੀਂ ਅਜਿਹਾ ਕੀ ਕੀਤਾ ਕਿ ਉਹ ਤੁਹਾਡੇ ਉਤੇ ਵਿਸ਼ਵਾਸ ਕਰਦੇ ਹਨ?
ਜਵਾਬ: ਅਰਵਿੰਦ ਕੇਜਰੀਵਾਲ ਨਾਲ ਕੰਮ ਕਰ ਕੇ ਮੈਨੂੰ ਜੋ ਸਿੱਖਣ ਨੂੰ ਮਿਲਿਆ ਉਹ ਅਦਭੁੱਤ ਹੈ। ਜਿੰਨਾ ਹੁਣ ਤਕ ਮੈਂ ਸਮਝ ਸਕਿਆ ਹਾਂ ਉਸ ਅਨੁਸਾਰ ਅਰਵਿੰਦ ਕੇਜਰੀਵਾਲ ਇਨਸਾਨ ਅੰਦਰ ਦੋ ਚੀਜ਼ਾਂ ਦੇਖਦੇ ਹਨ। ਪਹਿਲੀ ਚੀਜ਼ ਇਮਾਨਦਾਰੀ, ਦੂਜਾ ਇਹ ਕਿ ਵਿਅਕਤੀ ਸਮਾਜ ਲਈ ਕੰਮ ਕਰਨਾ ਚਾਹੁੰਦਾ ਹੈ ਜਾਂ ਅਪਣੇ ਫ਼ਾਇਦੇ ਲਈ। ਅਸੀਂ ਸੱਚੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ ਵਿਚ ਲੱਗੇ ਹੋਏ ਹਾਂ ਅਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਡੀ ਇਹ ਯਾਤਰਾ ਚਲ ਰਹੀ ਹੈ। ਕੇਜਰੀਵਾਲ ਮੇਰੇ ਮੈਂਟੋਰ ਹਨ ਅਤੇ ਮੈਂ ਉਨ੍ਹਾਂ ਦੀ ਉਂਗਲੀ ਫੜ ਕੇ ਹੀ ਸਿਆਸਤ ਵਿਚ ਚਲਣਾ ਸਿਖਿਆ ਹਾਂ।

ਸਵਾਲ: ਕੋਰੋਨਾ ਸੰਕਟ ਦੌਰਾਨ ਦਿੱਲੀ ਵਿਚ ਆਕਸੀਜਨ ਦੀ ਕਮੀ ਬਹੁਤ ਸੀ ਅਤੇ ਤੁਸੀਂ ਸੱਭ ਕੱੁਝ ਸੰਭਾਲਿਆ। ਇਹ ਸੱਭ ਕਿਵੇਂ ਕੀਤਾ?
ਜਵਾਬ: ਕੇਜਰੀਵਾਲ ਸਰਕਾਰ ਦੀ ਅਗਵਾਈ ਹੇਠ ਅਸੀਂ ਸਾਰਿਆਂ ਨੇ ਅਪਣੀ-ਅਪਣੀ ਕੋਸ਼ਿਸ਼ ਕੀਤੀ। ਆਕਸੀਜਨ ਦੀ ਕਮੀ ਦੌਰਾਨ ਮੈਨੂੰ ਕਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਆਕਸੀਜਨ ਦੀ ਸਹੀ ਸਮੇਂ ਅਤੇ ਸਹੀ ਥਾਂ ਸਪਲਾਈ ਕਰਨ ਲਈ 100 ਲੋਕਾਂ ਨੇ ਮਿਲ ਕੇ ਕੰਮ ਕੀਤਾ ਅਤੇ ਉਨ੍ਹਾਂ ਵਿਚੋਂ ਇਕ ਮੈਂ ਵੀ ਸੀ। ਉਹ ਮੇਰੀ ਜ਼ਿੰਦਗੀ ਦਾ ਸੱਭ ਤੋਂ ਚੁਣੌਤੀਪੂਰਨ ਸਮਾਂ ਸੀ।

ਸਵਾਲ: ਉਸ ਸਮੇਂ ਸਾਰੀ ਦੁਨੀਆਂ ਦਿੱਲੀ ਵਲ ਦੇਖ ਰਹੀ ਸੀ ਹਾਲਾਂਕਿ ਹਾਲਾਤ ਸੰਭਾਲਣ ਲਈ ਥੋੜ੍ਹਾ ਸਮਾਂ ਜ਼ਰੂਰ ਲਗਿਆ ਪਰ ਦਿੱਲੀ ਦੇ ਲੋਕ ਤੁਹਾਡੇ ਤੋਂ ਨਾਰਾਜ਼ ਨਹੀਂ ਹੋਏ?
ਜਵਾਬ: ਲੋਕ ਉਸ ਤੋਂ ਨਾਰਾਜ਼ ਹੁੰਦੇ ਨੇ ਜੋ ਐਮਰਜੈਂਸੀ ਜਾਂ ਸੰਕਟ ਦੌਰਾਨ ਅਪਣੇ ਘਰ ਜਾ ਕੇ ਸੌਂ ਜਾਂਦਾ ਹੈ। ਇਸ ਸੰਕਟ ਵਿਚ ਅਸੀਂ ਸੱਭ ਮੈਦਾਨ-ਏ-ਜੰਗ ਵਿਚ ਕੋਰੋਨਾ ਨਾਲ ਲੜਾਈ ਲੜ ਰਹੇ ਸੀ। ਅਰਵਿੰਦ ਕੇਜਰੀਵਾਲ ਖ਼ੁਦ ਸੜਕਾਂ ’ਤੇ ਸੀ। ਮੈਨੂੰ ਕੇਜਰੀਵਾਲ ਨੇ ਏਸ਼ੀਆ ਦੇ ਸੱਭ ਤੋਂ ਵੱਡੇ ਕੋਵਿਡ ਹਸਪਤਾਲ ਐਲਐਨਜੇਪੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ। ਉਸ ਸਮੇਂ ਮੈਂ ਕੋਰੋਨਾ ਤੋਂ ਠੀਕ ਹੋਇਆ ਸੀ ਅਤੇ ਡਾਕਟਰਾਂ ਨੇ ਮੈਨੂੰ ਜਾਣ ਤੋਂ ਮਨ੍ਹਾਂ ਵੀ ਕੀਤਾ ਸੀ ਪਰ ਮੈਂ ਪੀਪੀਈ ਕਿੱਟ ਪਾ ਕੇ ਐਲਐਨਜੇਪੀ ਦੇ ਆਈਸੀਯੂ ਵਾਰਡ ਵਿਚ ਘੁੰਮਦਾ ਸੀ। ਉਸ ਸਮੇਂ ਲੋਕ ਅਪਣੇ ਘਰ ਵਿਚ ਪਏ ਕੋਰੋਨਾ ਮਰੀਜ਼ ਨੂੰ ਵੀ ਹੱਥ ਲਾਉਣ ਤੋਂ ਡਰਦੇ ਸੀ। ਅਸੀਂ ਜੰਗ ਲੜੀ, ਇਸੇ ਲਈ ਸਾਨੂੰ ਲੋਕਾਂ ਦਾ ਪਿਆਰ ਅਤੇ ਆਸ਼ੀਰਵਾਦ ਮਿਲਦਾ ਹੈ। ਅਸੀਂ ਬਹੁਤ ਲੋਕਾਂ ਨੂੰ ਖੋਹਿਆ। ਉਸ ਦੌਰਾਨ ਕੋਈ ਖ਼ੁਸ਼ੀ ਦਾ ਪਲ ਨਹੀਂ ਆਇਆ। ਇਕ-ਇਕ ਜਾਨ ਲਈ ਅਸੀਂ ਸੱਭ ਜ਼ਿੰਮੇਵਾਰ ਸੀ। ਜੋ ਤੁਸੀਂ ਜ਼ਿੰਮੇਵਾਰੀਆਂ ਦੀ ਗੱਲ ਕਰਦੇ ਹੋ ਤਾਂ ਮੈਂ ਤੁਹਾਨੂੰ ਕੈਮਰੇ ਦੇ ਸਾਹਮਣੇ ਦਿਖਾਈ ਦਿੰਦਾ ਹਾਂ। ਮੈਂ ਸ਼ਾਇਦ ਜ਼ਿਆਦਾ ਬੋਲਦਾ ਹਾਂ, ਪ੍ਰੈੱਸ ਕਾਨਫ਼ਰੰਸ ਕਰਦਾ ਹਾਂ, ਰੈਲੀ ਵਿਚ ਨਜ਼ਰ ਆਉਂਦਾ ਹਾਂ, ਇਸ ਲਈ ਸ਼ਾਇਦ ਤੁਹਾਨੂੰ ਲਗਦਾ ਹਾਂ ਕਿ ਮੈਂ ਹੀ ਇਕਲੌਤਾ ਅਜਿਹਾ ਹਾਂ ਪਰ ਆਮ ਆਦਮੀ ਪਾਰਟੀ ਵਿਚ ਮੇਰੇ ਤੋਂ ਕਈ ਜ਼ਿਆਦਾ ਪ੍ਰਤਿਭਾਸ਼ਾਲੀ ਅਤੇ ਸਮਰਪਿਤ ਲੋਕ ਹਨ ਜੋ ਪਿੱਛੇ ਰਹਿ ਕੇ ਕੰਮ ਕਰਦੇ ਹਨ।

Bhagwant Mann and Raghav ChadhaRaghav Chadha

ਸਵਾਲ: ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਇਹ ਮੁੱਦਾ ਚੁੱਕਿਆ ਜਾਂਦਾ ਹੈ ਕਿ ਰਾਘਵ ਚੱਢਾ ਕੌਣ ਹੈ? ਇਸ ਦੇ ਨਾਨਕੇ ਕਿਥੇ ਨੇ ਅਤੇ ਇਸ ਦੇ ਦਾਦਕੇ ਕਿਥੇ ਨੇ? ਇਹ ਪੰਜਾਬ ਵਿਚ ਕਿਉਂ ਆਇਆ ਹੈ? ਇਕ ਸਾਲ ਪਹਿਲਾਂ ਲਗਿਆ ਸੀ ਆਮ ਆਦਮੀ ਪਾਰਟੀ ਕੁੱਝ ਕੁ ਹੀ ਸੀਟਾਂ ਹਾਸਲ ਕਰ ਸਕੇਗੀ ਪਰ ਇਕ ਸਾਲ ਦੌਰਾਨ ਬਹੁਤ ਵੱਡਾ ਬਦਲਾਅ ਆਇਆ ਹੈ। ਇਸ ਬਦਲਾਅ ਵਿਚ ਤੁਹਾਡੀ ਵੀ ਅਹਿਮ ਭੂਮਿਕਾ ਰਹੀ ਹੈ। ਤੁਹਾਨੂੰ ਪੰਜਾਬ ਕਿਉਂ ਭੇਜਿਆ ਗਿਆ?
ਜਵਾਬ: ਇਹ ਤਾਂ ਤੁਸੀਂ ਅਰਵਿੰਦ ਕੇਜਰੀਵਾਲ ਜੀ ਤੋਂ ਪੁੱਛੋ, ਉਹ ਬਿਹਤਰ ਜਵਾਬ ਦੇਣਗੇ, ਪਰ ਮੇਰੀਆਂ ਜੜ੍ਹਾਂ ਪੰਜਾਬ ਵਿਚ ਹਨ। ਮੇਰੇ ਦਾਦਕੇ ਵੀ ਪੰਜਾਬ ਵਿਚ ਹਨ ਤੇ ਮੇਰੇ ਨਾਨਕੇ ਵੀ ਪੰਜਾਬ ਵਿਚ ਹੀ ਹਨ। ਮੇਰੇ ਮਾਤਾ ਜੀ ਸਰਦਾਰਨੀ ਹਨ। ਚੰਨੀ ਸਾਹਬ ਮੇਰੇ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਨੇ ਅਤੇ ਉਹ ਮੇਰੇ ਅਤੇ ਅਰਵਿੰਦ ਕੇਜਰੀਵਾਲ ਬਾਰੇ ਬਿਆਨ ਦਿੰਦੇ ਰਹਿੰਦੇ ਹਨ। ਸ਼ਾਇਦ ਮੈਂ ਉਨ੍ਹਾਂ ਦੇ ਹਲਕੇ ਦੇ ਪਿੰਡ ਜਿੰਦਾਪੁਰ ਵਿਚ ਨਾਜਾਇਜ਼ ਮਾਈਨਿੰਗ ਦਾ ਪ੍ਰਗਟਾਵਾ ਕੀਤਾ ਸੀ, ਇਸ ਕਰ ਕੇ। ਅਸੀਂ ਪੂਰੀ ਮਜ਼ਬੂਤੀ ਨਾਲ ਚੋਣ ਲੜਨਾ ਚਾਹੁੰਦੇ ਹਾਂ, ਸ਼ਾਇਦ ਇਸ ਲਈ ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ। ਮੈਨੂੰ ਪੂਰਾ ਯਕੀਨ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਵਿਚ ਮੋਰਚਾ ਜ਼ਰੂਰ ਫ਼ਤਿਹ ਕਰੇਗੀ। ਅਰਵਿੰਦ ਕੇਜਰੀਵਾਲ  ਦੀ ਅਗਵਾਈ ਹੇਠ ਅਸੀਂ ਇਕ ਸਾਲ ਦੌਰਾਨ ਸੰਗਠਨਾਤਮਕ ਵਿਸਤਾਰ ਕੀਤਾ। ਅੱਜ ਮੈਂ ਕਹਿ ਸਕਦਾ ਹਾਂ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ, ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਇਕ ਮੌਕਾ ਦੇਣਾ ਚਾਹੁੰਦੀ ਹੈ।

ਸਵਾਲ: ਇਥੇ ਅਜਿਹੀ ਕੀ ਕਮੀ ਸੀ ਕਿ ਤੁਹਾਨੂੰ ਦਿੱਲੀ ਤੋਂ ਪੰਜਾਬ ਆਉਣਾ ਪਿਆ?
ਜਵਾਬ: ਦਿੱਲੀ-ਪੰਜਾਬ ਵਿਰੋਧੀ ਪਾਰਟੀਆਂ ਦਾ ਪ੍ਰੌਪੇਗੰਡਾ ਹੈ। ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਬੇਸ਼ੁਮਾਰ ਮੁਹੱਬਤ ਕਰਦੇ ਹਨ। ਉਨ੍ਹਾਂ ਦੇ ਦਿਲਾਂ ਵਿਚ ਅਰਵਿੰਦ ਕੇਜਰੀਵਾਲ ਵਸਦੇ ਹਨ। ਉਹ ਚਾਹੁੰਦੇ ਹਨ ਕਿ ਕੇਜਰੀਵਾਲ ਨੇ ਜੋ ਦਿੱਲੀ ਵਿਚ ਕੀਤਾ ਉਹ ਪੰਜਾਬ ਵਿਚ ਵੀ ਕੀਤਾ ਜਾਵੇ। ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਅਜਿਹਾ ਕੁੱਝ ਨਹੀਂ ਹੈ, ਇਹ ਸਿਰਫ਼ ਵਿਰੋਧੀ ਪਾਰਟੀਆਂ ਦਾ ਪ੍ਰੋਪਗੰਡਾ ਹੈ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਿਰਫ਼ ਮੁੱਦਾ ਰਹਿਤ ਵਿਰੋਧੀ ਧਿਰ ਬਣ ਕੇ ਰਹਿ ਗਏ ਹੋ। ਕਦੀ ਉਹ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਦਾ ਰੰਗ ਕਾਲਾ ਹੈ, ਉਸ ਨੂੰ ਵੋਟ ਨਾ ਦਿਉ। ਕਦੀ ਉਹ ਕਹਿੰਦੇ ਨੇ ਕਿ ਉਹ ਬਾਹਰੋਂ ਆਉਂਦਾ ਹੈ ਉਸ ਨੂੰ ਵੋਟ ਨਾ ਦਿਉ। ਕਦੀ ਕਹਿੰਦੇ ਨੇ ਕਿ ਭਗਵੰਤ ਮਾਨ ਦੀ ਜੈਕੇਟ ਖ਼ਰਾਬ ਹੈ, ਉਸ ਨੂੰ ਵੋਟ ਨਾ ਦਿਉ। ਕਦੀ ਕਹਿੰਦੇ ਨੇ ਕਿ ਰਾਘਵ ਚੱਢਾ ਦੀ ਜ਼ੁਬਾਨ ਖ਼ਰਾਬ ਹੈ, ਉਸ ਨੂੰ ਵੋਟ ਨਾ ਦਿਉ। ਉਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕੋਲ ਨਾਜਾਇਜ਼ ਮਾਈਨਿੰਗ, ਨਸ਼ੇ ਦੇ ਮੁੱਦੇ, ਬੇਰੁਜ਼ਗਾਰੀ, ਸਿਖਿਆ ਸਹੂਲਤਾਂ ਦੇ ਮੁੱਦਿਆਂ ਨੂੰ ਹੱਲ ਕਰਨ ਸਬੰਧੀ ਕੋਈ ਜਵਾਬ ਨਹੀਂ ਹੈ।

Raghav ChadhaRaghav Chadha

ਸਵਾਲ: ਜੇ ਅਸੀਂ ਬੇਰੁਜ਼ਗਾਰੀ ਅਤੇ ਨਸ਼ੇ ਦੇ ਮੁੱਦੇ ਦੀ ਗੱਲ ਕਰੀਏ ਤਾਂ ਇਹ ਪੂਰੇ ਦੇਸ਼ ਦੀ ਸਮੱਸਿਆ ਹੈ। ਇਸ ਮੁੱਦੇ ਨੂੰ ਫ਼ਿਲਹਾਲ ਕੇਂਦਰ ਵੀ ਹੱਲ ਨਹੀਂ ਕਰ ਪਾ ਰਹੀ ਤਾਂ ਤੁਸੀਂ ਪੰਜਾਬ ਵਿਚ ਇਹ ਕਿਵੇਂ ਕਰੋਗੇ?
ਜਵਾਬ: ਹਾਲਾਂਕਿ ਬੇਰੁਜ਼ਗਾਰੀ ਦੀ ਸਮੱਸਿਆ ਪੂਰੇ ਦੇਸ਼ ਵਿਚ ਹੈ ਪਰ ਪੰਜਾਬ ਬੇਰੁਜ਼ਗਾਰੀ ਦਰ ਦੇ ਮਾਮਲੇ ਵਿਚ ਤੀਜੇ ਨੰਬਰ ’ਤੇ ਆਉਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸਰਕਾਰਾਂ ਨੇ ਰੁਜ਼ਗਾਰ ਪੈਦਾ ਕਰਨ ਲਈ ਕੋਈ ਕੰਮ ਹੀ ਨਹੀਂ ਕੀਤਾ। ਸਰਕਾਰਾਂ ਨੇ ਅਪਣੀ ਦੌਲਤ ਬਣਾਉਣ ਲਈ ਕੰਮ ਕੀਤਾ। ਵੱਡੇ-ਵੱਡੇ ਆਗੂਆਂ ਦੇ ਪੰਜ ਸਿਤਾਰਾ ਹੋਟਲ ਬਣ ਗਏ, ਮਹਿੰਗੀਆਂ ਕਾਰਾਂ ਆ ਗਈਆਂ, ਸ਼ਾਪਿੰਗ ਮਾਲ ਬਣ ਗਏ ਪਰ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਫ਼ੈਕਟਰੀਆਂ ਨਹੀਂ ਖੁੱਲ੍ਹੀਆਂ, ਕਿਸਾਨਾਂ ਲਈ ਕੋਈ ਕੰਮ ਨਹੀਂ ਹੋਇਆ, ਉਨ੍ਹਾਂ ਦੀ ਆਮਦਨ ਦੁਗਣੀ ਨਹੀਂ ਹੋਈ। ਅਸੀਂ ਲੋਕਾਂ ਦੀਆਂ ਜੇਬਾਂ ਵਿਚ ਪੈਸੇ ਪਾਉਣੇ ਹਨ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣਾ ਹੈ। ਅਸੀਂ ਨੌਕਰੀਆਂ ਦੇ ਨਾਲ-ਨਾਲ ਨੌਕਰੀ ਦੇਣ ਵਾਲੇ ਵੀ ਪੈਦਾ ਕਰਨੇ ਹਨ। ਇਹ ਸੱਭ ਅਸੀਂ ਦਿੱਲੀ ਵਿਚ ਇਕ ਮਾਡਲ ਤਹਿਤ ਕਰ ਕੇ ਦਿਖਾਇਆ ਹੈ। ਅਸੀਂ ਹਜ਼ਾਰਾਂ-ਲੱਖਾਂ ਨੌਕਰੀਆਂ ਦਿਤੀਆਂ ਹਨ। ਉਹੀ ਮਾਡਲ ਅਸੀਂ ਇਥੇ ਲਾਗੂ ਕਰਾਂਗੇ।

ਸਵਾਲ: ਲੋਕਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਅਰਵਿੰਦ ਕੇਜਰੀਵਾਲ ਖ਼ੁਦ ਇਥੇ ਆਉਣਾ ਚਾਹੁੰਦੇ ਹਨ ਅਤੇ ਖ਼ੁਦ ਕੰਟਰੋਲ ਲੈਣਾ ਚਾਹੁੰਦੇ ਹਨ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ: ਇਹ ਇਕ ਪ੍ਰੌਪਗੰਡਾ ਹੈ। ਜਦੋਂ ਮੈਂ ਪਹਿਲੀ ਵਾਰ ਸਹਿ-ਇੰਚਾਰਜ ਬਣ ਕੇ ਪੰਜਾਬ ਵਿਚ ਆਇਆ ਸੀ ਤਾਂ ਮੀਡੀਆ ਨੇ ਮੇਰੇ ਕੋਲੋਂ ਪਹਿਲਾ ਸਵਾਲ ਪੁਛਿਆ ਕਿ ਤੁਹਾਡਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ? ਮੈਂ ਕਿਹਾ ਕਿ ਅਸੀਂ ਐਲਾਨ ਕਰਾਂਗੇ ਤਾਂ ਵਿਰੋਧੀ ਪਾਰਟੀਆਂ ਰੌਲਾ ਪਾਉਣ ਲੱਗੀਆਂ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਚਿਹਰਾ ਨਹੀਂ ਐਲਾਨ ਕਰੇਗੀ, ਫਿਰ ਅਸੀਂ ਕਿਹਾ ਕਿ ਅਸੀਂ ਅਪਣਾ ਮੁੱਖ ਮੰਤਰੀ ਚਿਹਰਾ ਐਲਾਨਾਂਗੇ, ਫਿਰ ਉਹ ਕਹਿਣ ਲੱਗੇ ਕਿ ਇਹ ਅਰਵਿੰਦ ਕੇਜਰੀਵਾਲ ਨੂੰ ਹੀ ਚਿਹਰਾ ਐਲਾਨਣਗੇ। ਵਿਰੋਧੀਆਂ ਨੇ 6-7 ਮਹੀਨੇ ਇਹੀ ਰੌਲਾ ਪਾ ਰਖਿਆ ਕਿ ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਫਿਰ ਅਸੀਂ ਪੰਜਾਬ ਵਿਚ ਸਾਡੇ ਸੱਭ ਤੋਂ ਵੱਡੇ ਆਗੂ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ। ਅਸੀਂ ਲੋਕਾਂ ਨੂੰ ਪੁਛ ਕੇ ਇਹ ਐਲਾਨ ਕੀਤਾ ਸੀ। ਹੁਣ ਇਹ ਕਹਿੰਦੇ ਹਨ ਕਿ ਮਾਨ ਸਾਹਬ ਨੂੰ ਚਿਹਰਾ ਤਾਂ ਐਲਾਨ ਦਿਤਾ ਪਰ ਸਰਕਾਰ ਅਰਵਿੰਦ ਕੇਜਰੀਵਾਲ ਹੀ ਚਲਾਉਣਗੇ।

ਇਹ ਪ੍ਰੌਪਗੰਡਾ ਕਿਤੇ ਤਾਂ ਖ਼ਤਮ ਹੋਣਾ ਚਾਹੀਦਾ ਹੈ। ਕੇਜਰੀਵਾਲ ਕਿਉਂ ਨਹੀਂ ਸਰਕਾਰ ਚਲਾਉਣਗੇ? ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਵਿਚ ਜੋ ਕੰਮ ਕਰ ਕੇ ਦਿਖਾਇਆ, ਪੰਜਾਬ ਸਰਕਾਰ ਉਸ ਤੋਂ ਸੇਧ ਲਏਗੀ। ਦਿੱਲੀ ਵਿਚ ਮੁਹੱਲਾ ਕਲੀਨਿਕ ਬਣੇ, ਪੰਜਾਬ ਵਿਚ ਕਿਉਂ ਨਹੀਂ ਬਣ ਸਕਦੇ? ਅੱਜ ਦਿੱਲੀ ਵਿਚ ਵੱਡੇ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹੱਟ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਲੈ ਰਹੇ ਹਨ। ਇਹ ਪੰਜਾਬ ਵਿਚ ਵੀ ਹੋਣਾ ਚਾਹੀਦਾ ਹੈ। ਭਗਵੰਤ ਮਾਨ ਇਹ ਕੇਜਰੀਵਾਲ ਤੋਂ ਜ਼ਰੂਰ ਸਿਖਣਾ ਚਾਹੁੰਣਗੇ। ਅਸੀਂ ਮਿਲਜੁਲ ਕੇ ਅਤੇ ਆਪਸੀ ਭਾਈਚਾਰੇ ਨਾਲ ਕੰਮ ਕਰਾਂਗੇ। ਅਸੀਂ ਚੰਨੀ ਸਾਹਬ ਅਤੇ ਸਿੱਧੂ ਸਾਹਬ ਦੀ ਤਰ੍ਹਾਂ ਕੰਮ ਨਹੀਂ ਕਰਾਂਗੇ, ਜੋ ਆਪਸ ਵਿਚ ਇਕ-ਦੂਜੇ ਦੀ ਕੁਰਸੀ ਖਿੱਚਦੇ ਰਹਿੰਦੇ ਹਨ। ਇਥੇ ਛੋਟੇ ਅਤੇ ਵੱਡੇ ਭਰਾ ਵਿਚ ਪਿਆਰ ਹੈ, ਅਸੀਂ ਪਿਆਰ ਅਤੇ ਅਮਨ ਸ਼ਾਂਤੀ ਨਾਲ ਕੰਮ ਕਰਾਂਗੇ। ਪੰਜਾਬ ਵਿਚ ਇਕ ਪਾਸੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਦੀ ਜੋੜੀ ਹੈ ਜੋ ਆਪਸ ਵਿਚ ਲੜਦੇ ਰਹਿੰਦੇ ਹਨ ਅਤੇ ਦੂਜੇ ਪਾਸੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਹੈ ਜੋ ਇਕ ਤੇ ਇਕ ਦੋ ਨਹੀਂ ਸਗੋਂ ਇਕ ਤੇ ਇਕ ਗਿਆਰਾਂ ਹਨ। ਮੈਨੂੰ ਲਗਦਾ ਹੈ ਕਿ ਪੰਜਾਬ ਇਸ ਵਾਰ ਇਕ ਤੇ ਇਕ ਗਿਆਰਾਂ ਦੀ ਜੋੜੀ ਨੂੰ ਵੋਟ ਦੇਵੇਗਾ।

ਸਵਾਲ: ਇਸ ਗਿਆਰਾਂ ਵਿਚ ਰਾਘਵ ਚੱਢਾ ਕਿਥੇ ਆਉਣਗੇ?
ਜਵਾਬ: ਮੈਨੂੰ ਚੋਣ ਲੜਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਲੜਨ ਦੀ ਨਹੀਂ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement