
ਅੱਜ ਵੱਖ-ਵੱਖ ਦੋ ਥਾਵਾਂ 'ਤੇ ਨਸ਼ੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ...........
ਰਈਆ, ਪੱਟੀ : ਅੱਜ ਵੱਖ-ਵੱਖ ਦੋ ਥਾਵਾਂ 'ਤੇ ਨਸ਼ੇ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪਹਿਲਾ ਮਾਮਲਾ ਨਜ਼ਦੀਕੀ ਪਿੰਡ ਕਲੇਰ ਘੁਮਾਣ ਦਾ ਜਿਥੇ ਜੱਟ ਪਰਵਾਰ ਨਾਲ ਸਬੰਧਤ ਨੌਜਵਾਨ ਜਤਿੰਦਰ ਸਿੰਘ (22 ਸਾਲ) ਜੋ ਕਿ ਨਸ਼ੇ ਲੈਣ ਦਾ ਆਦੀ ਸੀ ਅਤੇ ਅੱਜ ਨਸ਼ੇ ਕਾਰਨ ਉਸ ਦੀ ਮੌਤ ਹੋ ਗਈ ਜਿਸ ਦੀ ਸੂਚਨਾ ਪੁਲਿਸ ਨੂੰ ਮਿਲਣ 'ਤੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਮੁਖੀ ਪਰਮਪਾਲ ਸਿੰਘ, ਡੀ ਐਸ ਪੀ ਬਾਬਾ ਬਕਾਲਾ ਤੁਰਤ ਘਟਨਾ ਸਥਾਨ 'ਤੇ ਪੁੱਜੇ ਅਤੇ ਲਾਸ਼ ਕਬਜ਼ੇ ਵਿਚ ਲੈ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਪੋਸਟ ਮਾਰਟਮ ਲਈ ਭੇਜ ਦਿਤੀ ਗਈ ਹੈ।
ਮ੍ਰਿਤਕ ਨੌਜਵਾਨ ਦੀ ਕਰੀਬ ਇਕ ਸਾਲ ਦੀ ਛੋਟੀ ਬੱਚੀ ਹੈ। ਪੁਲਿਸ ਥਾਣਾ ਖਲਚੀਆਂ ਨੇ ਮ੍ਰਿਤਕ ਦੀ ਮਾਤਾ ਨਿੰਦਰ ਕੌਰ ਦੇ ਬਿਆਨ 'ਤੇ ਚਾਰ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਜ਼ਿਕਰਯੋਗ ਹੈ ਕਿ ਇਸੇ ਸਾਲ ਅਪ੍ਰੈਲ ਮਹੀਨੇ ਵਿਚ ਇਸ ਪਿੰਡ ਦੇ ਨੌਜਵਾਨ ਹਾਕਮਜੀਤ ਸਿੰਘ ਦੀ ਨਸ਼ੇ ਦੀ ਵੱਧ ਡੋਜ਼ ਲੈਣ ਕਾਰਨ ਮੋਟਰ 'ਤੇ ਮੌਤ ਹੀ ਗਈ ਸੀ ਜਿਸ ਸਬੰਧੀ ਉਸ ਦੇ ਪਿਤਾ ਦਲਬੀਰ ਸਿੰਘ ਨੇ ਪਿੰਡ ਵਿਚ ਪੁੱਜੇ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਪਰਮਪਾਲ ਸਿੰਘ ਕੋਲ ਪਿੰਡ ਦੇ ਕੁੱਝ ਵਿਅਕਤੀਆਂ ਵਲੋਂ ਨਸ਼ੇ ਵੇਚਣ ਸਬੰਧੀ ਪ੍ਰਗਟਾਵਾ ਕੀਤਾ ਗਿਆ ਸੀ ਜਿਸ ਕਾਰਨ ਉਸ ਦੇ ਪੁੱਤਰ ਦੀ ਮੌਤ ਹੋਈ ਸੀ
ਜਿਸ 'ਤੇ ਤੁਰਤ ਕਾਰਵਾਈ ਕਰਦਿਆਂ ਪੁਲਿਸ ਮੁਖੀ ਵਲੋਂ ਉਸ ਵਕਤ ਦੇ ਥਾਣਾ ਅਧਿਕਾਰੀ ਨੂੰ ਮੁਅੱਤਲ ਕਰ ਦਿਤਾ ਗਿਆ ਸੀ। ਇਸੇ ਪਿੰਡ ਵਿਚ ਨਸ਼ੇ ਨਾਲ ਇਹ ਦੂਸਰੀ ਮੌਤ ਹੋਈ ਹੈ। ਇਸੇ ਤਰ੍ਹਾਂ ਬੀਤੀ ਰਾਤ ਬਾਬਾ ਜੀਵਨ ਸਿੰਘ ਨਗਰ ਵਿਖੇ ਇਕ 30 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। (ਬਾਕੀ ਸਫ਼ਾ 13 'ਤੇ)
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਪ੍ਰਕਾਸ਼ ਕੌਰ ਨੇ ਦਸਿਆ
ਕਿ ਮੇਰਾ ਲੜਕਾ ਕੁਲਵਿੰਦਰ ਸਿੰਘ ਮਿਹਨਤ ਮਜ਼ਦੂਰੀ ਕਰ ਕੇ ਅਪਣੇ ਪਰਵਾਰ ਦੀ ਰੋਜ਼ੀ-ਰੋਟੀ ਚਲਾਉਂਦਾ ਸੀ ਪਰ ਉਹ ਨਸ਼ਿਆਂ ਦਾ ਆਦੀ ਹੋ ਗਿਆ ਜਿਸ ਨੂੰ ਇਲਾਜ ਲਈ ਭੱਗੂਪੁਰ ਸੈਂਟਰ ਅਤੇ ਪੱਟੀ ਦੇ ਨਸ਼ਾ ਛੁਡਾਊ ਸੈਂਟਰ ਵਿਚ ਇਲਾਜ ਚਲ ਰਿਹਾ ਸੀ। ਬੀਤੀ ਰਾਤ ਉਸ ਨੂੰ ਇਕਦਮ ਘਬਰਾਹਟ ਹੋਈ ਜਿਸ ਕਾਰਨ ਉਸ ਦੀ ਮੌਤ ਗਈ। ਮ੍ਰਿਤਕ ਅਪਣੇ ਪਿੱਛੇ ਪਤਨੀ ਮਨਜੀਤ ਕੌਰ ਅਤੇ ਦੋ ਬੱਚੇ ਛੱਡ ਗਿਆ ਹੈ।