
ਕਾਂਗੜ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਬੀਬੀ ਬਾਦਲ ਕੇਂਦਰ ਵਿਚ ਵਜ਼ੀਰ ਹੈ।
ਬਠਿੰਡਾ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੂਲ ਦੀ ਪ੍ਰਤੀਨਿਧਤਾ ਕਰਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ ਨੇ ਪੰਜਾਬ ਅੰਦਰ ਅਕਾਲੀ ਦਲ ਵਲੋਂ ਪੈਟਰੋਲ ਡੀਜ਼ਲ ਦੇ ਵਧੇ ਭਾਅ, ਨੀਲੇ ਕਾਰਡ ਦੀ ਛਾਂਟੀ ਅਤੇ ਬਿਜਲੀ ਦੇ ਉੱਚੇ ਭਾਵਾਂ ਨੂੰ ਲੈ ਕੇ ਲਗਾਏ ਜਾ ਰਹੇ ਧਰਨੇ-ਰੋਸ ਮੁਜ਼ਾਹਰਿਆਂ ਸਬੰਧੀ ਅਕਾਲੀ ਦਲ ਦੇ ਇਸ ਪ੍ਰੋਗਰਾਮ ਨੂੰ ਫੇਲ ਡਰਾਮਾ ਕਰਾਰ ਦਿਤਾ।
Shiromani Akali Dal
ਕਾਂਗੜ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਬੀਬੀ ਬਾਦਲ ਕੇਂਦਰ ਵਿਚ ਵਜ਼ੀਰ ਹੈ। ਜੇ ਅਕਾਲੀ ਦਲ ਬੀਬੀ ਨੂੰ ਕੇਂਦਰ ਤੋਂ ਅਸਤੀਫ਼ਾ ਦਿਵਾ ਕੇ ਪੰਜਾਬ ਸੱਦ ਲਵੇ ਤਾਂ ਲੋਕਾਂ ਨੂੰ ਆਹ ਧੁੱਪੇ ਸਾੜਨ ਦੀ ਅਕਾਲੀਆਂ ਨੂੰ ਲੋੜ ਨਾ ਪਵੇ, ਤੇਲ ਅਪਣੇ ਆਪ ਸਸਤਾ ਹੋ ਜਾਵੇਗਾ। ਕਾਂਗੜ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਖੀਆਂ ਨਾਲ ਬੈਠ ਕੇ ਗੁਰੂ ਤੋਂ ਬੇਮੁਖ ਨਾ ਹੋਵੇ। ਬੇਅਦਬੀ ਕਾਂਡ ਨੂੰ ਯਾਦ ਕਰ ਕੇ ਇਨ੍ਹਾਂ ਨੂੰ ਛੱਡ ਦਿਉ ਸੜਕਾਂ 'ਤੇ ਭੁੰਜੇ ਬੈਠਣ ਲਈ।
Harsimrat Kaur Badal
ਗੁਰੂ ਦੀ ਬੇਅਦਬੀ ਵਾਲਿਆਂ ਦਾ ਹਸ਼ਰ ਅਜਿਹਾ ਹੀ ਹੁੰਦਾ ਹੈ ਜਦਕਿ ਹੁਣ ਤਾਂ ਸਭ ਚਿੱਟੇ ਦਿਨ ਵਾਂਗ ਸਾਫ਼ ਨਜ਼ਰ ਆਉਣ ਲੱਗ ਪਿਆ ਹੈ ਕਿ ਬਾਦਲਾਂ ਦੇ ਰਾਜ ਵਿਚ ਹੋਈ ਬੇਅਦਬੀ ਵਿਚ ਡੇਰਾ ਮੁਖੀ ਨਾਲ ਬਾਦਲਾਂ ਦੀ ਸਾਂਝ ਸੀ। ਜਿਨ੍ਹਾਂ ਨੇ ਹੀ ਗੁਰੂ ਮਰਿਯਾਦਾ ਨੂੰ ਢਾਹ ਲਾ ਕੇ ਡੇਰਾ ਮੁਖੀ ਨੂੰ ਅਪਣੇ ਚਹੇਤੇ ਜਥੇਦਾਰ ਕੋਲੋਂ ਮੁਆਫ਼ੀ ਦਿਵਾਈ ਸੀ। ਕਾਂਗੜ ਨੇ ਆਟਾ ਦਾਲ ਸਕੀਮ ਬਾਰੇ ਬੋਲਦਿਆਂ ਕਿਹਾ ਕਿ ਇਹ ਅਕਾਲੀ ਭਾਜਪਾ ਦਾ ਰਾਜ ਨਹੀਂ ਕਿ ਅਪਣੇ ਚਹੇਤਿਆਂ ਨੂੰ ਆਟਾ ਦਾਲ ਮਿਲੇਗਾ।
GS Kangar
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤਾਂ ਕਿਸਾਨ ਕਰਜ਼ ਮੁਆਫ਼ੀ ਪਾਰਦਰਸ਼ੀ ਤਰੀਕੇ ਨਾਲ ਨਿਭਾਈ ਅਤੇ ਕੋਰੋਨਾ ਵਾਇਰਸ ਦੌਰਾਨ ਅਰਬਾਂ-ਖ਼ਰਬਾਂ ਰੁਪਏ ਦਾ ਅਨਾਜ, ਰਾਸ਼ਨ ਕਿੱਟਾਂ, ਦਵਾਈਆਂ, ਮਾਸਕ, ਸੈਨੈਟਾਇਜ਼ਰ ਲੋਕਾਂ ਵਿਚਕਾਰ ਵੰਡ ਕੇ ਉਨ੍ਹਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ, ਪਰ ਅਕਾਲੀ ਦਲ ਮਹਾਂਮਾਰੀ ਵਿਚ ਵੀ ਲੋਕਾਂ ਨੂੰ ਭਟਕਾ ਕੇ ਰਾਜਸੀ ਰੋਟੀਆਂ ਸੇਕ ਰਹੇ ਹਨ।
Captain Amarinder Singh
ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅਕਾਲੀ ਦਲ 'ਤੇ ਵਾਰ ਕਰਦਿਆਂ ਇਹ ਵੀ ਕਿਹਾ ਕਿ ਖੱਖੜੀ ਕਰੇਲੇ ਹੋਏ ਅਕਾਲੀ ਦਲ ਨੂੰ ਹੁਣ ਧਰਨੇ ਅਤੇ ਲੋਕ ਯਾਦ ਆਉਣ ਲੱਗ ਪਏ ਹਨ ਜਦ ਬਹਿਬਲ ਕਲਾਂ 'ਚ ਜਾਪ ਕਰਦੀ ਸੰਗਤ 'ਤੇ ਗੋਲੀਆਂ ਵਰ੍ਹਾਈਆ ਸਨ ਤਦ ਲੋਕਾਂ ਨੇ ਅਕਾਲੀ ਦਲ ਨੂੰ ਪੱਕੇ ਤੌਰ 'ਤੇ ਮਨਾਂ ਵਿਚੋਂ ਵਿਸਾਰ ਦਿਤਾ ਸੀ। ਇਸ ਮੌਕੇ ਪਾਰਟੀ ਵਰਕਰ ਹਾਜ਼ਰ ਸਨ।