
ਹਿੰਦੂ ਯੁਵਾ ਵਾਹਿਨੀ ਦੇ ਪ੍ਰਧਾਨ ਤਰੁਣ ਸਿੰਘ ਦੀ ਧਮਕੀ ਉਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਜਵਾਬ...
ਚੰਡੀਗੜ੍ਹ (ਸਸਸ) : ਹਿੰਦੂ ਯੁਵਾ ਵਾਹਿਨੀ ਦੇ ਪ੍ਰਧਾਨ ਤਰੁਣ ਸਿੰਘ ਦੀ ਧਮਕੀ ਉਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਜਵਾਬ ਦਿਤਾ। ਸਿੱਧੂ ਨੇ ਕਿਹਾ, ਡਰਪੋਕ ਅਪਣੀ ਮੌਤ ਤੋਂ ਪਹਿਲਾਂ ਕਈ ਵਾਰ ਮਰਦੇ ਹਨ ਪਰ ਬਹਾਦਰ ਮੌਤ ਦਾ ਸਵਾਦ ਸਿਰਫ਼ ਇਕ ਵਾਰ ਹੀ ਚੱਖਦੇ ਹਨ। ਮੈਂ ਉਸ ਜਗ੍ਹਾ ਉਤੇ ਰਹਿੰਦਾ ਹਾਂ, ਜਿੱਥੇ ਮਨ ਵਿਚ ਡਰ ਨਹੀਂ ਹੁੰਦਾ ਅਤੇ ਸਿਰ ਉੱਚਾ ਰਹਿੰਦਾ ਹੈ। ਡਰ ਮੈਨੂੰ ਡਰਾਉਂਦਾ ਨਹੀਂ ਹੈ ਅਤੇ ਮੈਨੂੰ ਅਪਣੇ ਆਪ ਉਤੇ ਪੂਰਾ ਭਰੋਸਾ ਹੈ।
ਮੈਨੂੰ ਭਾਰਤ ਦੇ ਲੋਕਤੰਤਰ ਅਤੇ ਸੰਵਿਧਾਨ ਦੀ ਅਜਿੱਤ ਭਾਵਨਾ ਵਿਚ ਪੂਰਾ ਵਿਸ਼ਵਾਸ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਅਨਾਥ ਦੁਆਰਾ ਸਥਾਪਿਤ ਹਿੰਦੂ ਯੁਵਾ ਵਾਹਿਨੀ ਨੇ ਟਵੀਟ ਦੇ ਜ਼ਰੀਏ ਐਲਾਨ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਸਿਰ ਕਲਮ ਕਰਨ ਵਾਲੇ ਨੂੰ ਇਕ ਕਰੋੜ ਰੁਪਏ ਇਨਾਮ ਦਿਤਾ ਜਾਵੇਗਾ। ਇਸ ਸੰਗਠਨ ਨੇ ਸਿੱਧੂ ਉਤੇ ਮੁੱਖ ਮੰਤਰੀ ਯੋਗੀ ਨੂੰ ਅਪਮਾਨਜਨਕ ਸ਼ਬਦ ਕਹੇ ਜਾਣ ਦਾ ਦੋਸ਼ ਲਗਾਇਆ ਹੈ।
ਸੰਗਠਨ ਦੇ ਆਗਰਾ ਯੂਨਿਟ ਦੇ ਪ੍ਰਧਾਨ ਤਰੁਣ ਸਿੰਘ ਨੇ ਸਿੱਧੂ ਦੇ ਸ਼ਹਿਰ ਆਉਣ ‘ਤੇ ਟੁਕੜੇ-ਟੁਕੜੇ ਕਰਨ ਦੀ ਚਿਤਾਵਨੀ ਤੱਕ ਦਿਤੀ ਹੈ। ਹਿੰਦੂ ਯੁਵਾ ਵਾਹਿਨੀ ਦੀ ਧਮਕੀ ਤੋਂ ਬਾਅਦ ਸਿੱਧੂ ਨੇ ਕਿਹਾ, ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕੰਪਨੀ ਗੌਰੀ ਲੰਕੇਸ਼ ਵਰਗੇ ਲੋਕਾਂ ਦੀ ਆਵਾਜ਼ ਧਮਕਾ ਕੇ, ਡਰਾ ਕੇ ਜਾਂ ਜੇਲ੍ਹ ਭੇਜ ਕੇ ਲੋਕਤੰਤਰ ਦੀ ਭਾਵਨਾ ਦਾ ਕਤਲ ਕਰ ਰਹੀ ਹੈ। ਸਿੱਧੂ ਨੇ ਸੋਸ਼ਲ ਮੀਡੀਆ ਉਤੇ ਟਵੀਟ ਕਰ ਕੇ ਕਿਹਾ ਕਿ ਕੰਨ੍ਹਈਆ ਕੁਮਾਰ ਵਰਗੇ ਲੋਕਾਂ ਦੁਆਰਾ ਚੁੱਕੇ ਜਾ ਰਹੇ ਸਵਾਲਾਂ ਦੀ ਵੈਧਤਾ ਨੂੰ ਅਸਫ਼ਲ ਕੀਤਾ ਜਾ ਰਿਹਾ ਹੈ।
ਇਹ ਲੋਕਤੰਤਰ ਦੀ ਬਜਾਏ ਡੰਡਾ ਤੰਤਰ ਅਤੇ ਗੁੰਡਾ ਤੰਤਰ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਰਾਜਸਥਾਨ ਵਿਚ ਇਕ ਚੁਣਾਵੀ ਰੈਲੀ ਵਿਚ ਭਾਸ਼ਣ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਅਨਾਥ ‘ਤੇ ਜ਼ੋਰਦਾਰ ਹਮਲਾ ਬੋਲਿਆ ਸੀ। ਸਿੱਧੂ ਨੇ ਕਿਹਾ ਸੀ ਕਿ ‘ਚੌਂਕੀਦਾਰ ਤਾਂ ਚੋਰ ਸੀ, ਉਸ ਦਾ ਕੁੱਤਾ ਵੀ ਚੋਰ ਨਾਲ ਮਿਲ ਗਿਆ ਅਤੇ ਯੋਗੀ ਸਭ ਤੋਂ ਵੱਡਾ ਭੋਗੀ ਹੈ।’ ਇਸ ਬਿਆਨ ਦੇ ਵਿਰੋਧ ਵਿਚ ਹਿੰਦੂ ਯੁਵਾ ਵਾਹਿਨੀ ਦੀ ਪ੍ਰਤੀਕ੍ਰਿਆ ਆਈ ਅਤੇ ਉਸ ਉਤੇ ਨਵਜੋਤ ਸਿੱਧੂ ਨੇ ਟਵੀਟ ਕੀਤਾ।