
ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਚਰਚਾ ਵਿਚ ਆਏ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਿੱਥੇ ਲਾਂਘੇ ਨੂੰ ਲੈ ਕੇ ਸਿੱਖਾਂ ਦੇ ਦਿਲਾਂ 'ਤੇ ਛਾਏ ਹੋਏ ਹਨ
ਆਗਰਾ (ਭਾਸ਼ਾ) : ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਚਰਚਾ ਵਿਚ ਆਏ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਿੱਥੇ ਲਾਂਘੇ ਨੂੰ ਲੈ ਕੇ ਸਿੱਖਾਂ ਦੇ ਦਿਲਾਂ 'ਤੇ ਛਾਏ ਹੋਏ ਹਨ, ਉਥੇ ਹੀ ਦੂਜੇ ਪਾਸੇ ਆਗਰਾ ਦੀ ਹਿੰਦੂ ਯੂਥ ਵਾਹਿਨੀ ਨੇ ਨਵਜੋਤ ਸਿੱਧੂ ਦੇ ਸਿਰ 'ਤੇ ਇਕ ਕਰੋੜ ਦੇ ਇਨਾਮ ਦਾ ਐਲਾਨ ਕੀਤਾ ਹੈ। ਹਿੰਦੂ ਯੂਥ ਵਾਹਿਨੀ ਨੇ ਐਲਾਨ ਕੀਤਾ ਹੈ ਕਿ ਜੋ ਵੀ ਸਿੱਧੂ ਦਾ ਸਿਰ ਕਲਮ ਕਰੇਗਾ, ਉਸ ਨੂੰ ਇਕ ਕਰੋੜ ਦਾ ਇਨਾਮ ਦਿਤਾ ਜਾਵੇਗਾ।
Navjot Singh Sidhu
ਦਰਅਸਲ ਹਿੰਦੂ ਸੰਗਠਨ ਨੇ ਨਵਜੋਤ ਸਿੰਘ ਸਿੱਧੂ 'ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੇ ਵਿਰੁਧ ਅਪਮਾਨਜਨਕ ਸ਼ਬਦ ਬੋਲਣ ਦਾ ਦੋਸ਼ ਲਗਾਇਆ ਹੈ। ਇੰਨਾ ਹੀ ਨਹੀਂ, ਹਿੰਦੂ ਯੂਥ ਵਾਹਿਨੀ ਦੇ ਆਗਰਾ ਯੂਨਿਟ ਦੇ ਪ੍ਰਧਾਨ ਤਰੁਣ ਸਿੰਘ ਨੇ ਇਹ ਵੀ ਚਿਤਾਵਨੀ ਦਿਤੀ ਹੈ ਕਿ ਸਿੱਧੂ ਦੇ ਆਗਰਾ ਸ਼ਹਿਰ ਆਉਣ 'ਤੇ ਉਨ੍ਹਾਂ ਦੇ ਟੁਕੜੇ-ਟੁਕੜੇ ਕਰ ਦਿਤੇ ਜਾਣਗੇ।
ਇਕ ਰਿਪੋਰਟ ਦੇ ਅਨੁਸਾਰ ਤਰੁਣ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਵਿਰੁਧ ਸਿੱਧੂ ਨੇ ਜੋ ਬਿਆਨ ਦਿਤਾ ਸੀ। ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਿੱਧੂ ਦੇ ਪਾਕਿਸਤਾਨ ਦੌਰੇ 'ਤੇ ਹਮਲਾ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿੱਧੂ ਗੁਆਂਢੀ ਦੇਸ਼ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਅਪਣੇ ਦੇਸ਼ ਦੀ ਬੁਰਾਈ ਕਰਦੇ ਹਨ। ਅਜਿਹੇ ਵਿਚ ਜਾਂ ਤਾਂ ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ ਜਾਂ ਫਿਰ ਅਸੀ ਉਨ੍ਹਾਂ ਨੂੰ ਦੇਸ਼ ਵਿਚ ਰਹਿਣ ਨਹੀਂ ਦੇਵਾਂਗੇ।
Yogi Adityanath
ਅਸਲ ਵਿਚ, ਰਾਜਸਥਾਨ ਵਿਚ ਇਕ ਰੈਲੀ ਦੇ ਦੌਰਾਨ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਚੌਂਕੀਦਾਰ ਤਾਂ ਚੋਰ ਸੀ, ਉਸ ਦਾ ਕੁੱਤਾ ਵੀ ਚੋਰ ਨਾਲ ਮਿਲ ਗਿਆ ਅਤੇ ਯੋਗੀ ਸਭ ਤੋਂ ਵੱਡਾ ਭੋਗੀ ਹੈ। ਇਸ ਤੋਂ ਪਹਿਲਾਂ ਵੀ ਸਿੱਧੂ ਕਾਫ਼ੀ ਦਿਨਾਂ ਤੋਂ ਸੁਰਖੀਆਂ ਵਿਚ ਬਣੇ ਹੋਏ ਹਨ। ਪਹਿਲਾਂ ਉਨ੍ਹਾਂ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਨੂੰ ਲੈ ਕੇ ਨਿਸ਼ਾਨਾ ਸਾਧਿਆ ਗਿਆ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ 'ਤੇ ਟਿੱਪਣੀ ਨੂੰ ਲੈ ਕੇ ਉਨ੍ਹਾਂ ਨੂੰ ਪੰਜਾਬ ਵਿਚ ਅਪਣੇ ਹੀ ਸਾਥੀਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ।
Captain Amarinder Singh and Navjot Singh Sidhu
ਇਸ ਸਵਾਲ 'ਤੇ ਕਿ ਅਪਣੇ ਕੈਪਟਨ ਦੇ ਸੁਝਾਅ ਨੂੰ ਨਾ ਮੰਨਦੇ ਹੋਏ ਤੁਸੀਂ ਪਾਕਿਸਤਾਨ ਕਿਉਂ ਚਲੇ ਗਏ? ਸਿੱਧੂ ਨੇ ਕਿਹਾ ਸੀ ਕਿ ਤੁਸੀਂ ਕਿਸ ਕੈਪਟਨ ਦੀ ਗੱਲ ਕਰ ਰਹੇ ਹੋ? ਓਹ! ਕੈਪਟਨ ਅਮਰਿੰਦਰ ਸਿੰਘ। ਉਹ ਤਾਂ ਆਰਮੀ ਕੈਪਟਨ ਹਨ। ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ। ਕੈਪਟਨ ਦੇ ਕੈਪਟਨ ਵੀ ਰਾਹੁਲ ਗਾਂਧੀ ਹੀ ਹਨ। ਸਿੱਧੂ ਦੇ ਇਸ ਬਿਆਨ ਤੋਂ ਬੌਖਲਾਏ ਪੰਜਾਬ ਦੇ ਹੋਰ ਕੈਬਿਨਟ ਮੰਤਰੀਆਂ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਚੁੱਕਣੀ ਸ਼ੁਰੂ ਕਰ ਦਿਤੀ ਸੀ ਪਰ ਬਾਅਦ ਵਿਚ ਉਹ ਸਾਰੇ ਸ਼ਾਂਤ ਹੋ ਗਏ। ਮੰਤਰੀਆਂ ਦਾ ਕਹਿਣਾ ਹੈ ਕਿ ਜੇਕਰ ਸਿੱਧੂ ਅਮਰਿੰਦਰ ਸਿੰਘ ਨੂੰ ਅਪਣਾ ਕੈਪਟਨ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਨੈਤਿਕ ਅਧਾਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।