
ਇਹ ਕੌਮ ਹਾਰਨਾ ਨਹੀਂ ਹਰਾਉਣਾ ਜਾਣਦੀ ਹੈ- ਆਰਿਆ ਬੱਬਰ
ਨਵੀਂ ਦਿੱਲੀ: ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰ ਆਰਿਆ ਬੱਬਰ ਕਿਸਾਨੀ ਸੰਘਰਸ਼ ਵਿਚ ਅਪਣਾ ਯੋਗਦਾਨ ਪਾਉਣ ਲਈ ਦਿੱਲੀ ਦੇ ਟਿੱਕਰੀ ਬਾਰਡਰ ਪਹੁੰਚੇ। ਉਹਨਾਂ ਨੇ ਭਾਰੀ ਸਰਦੀ ਅਤੇ ਬਾਰਿਸ਼ ਦੇ ਮੌਸਮ ਵਿਚ ਸੰਘਰਸ਼ ‘ਤੇ ਡਟੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕੀਤਾ।
Aarya Babbar
ਆਰਿਆ ਬੱਬਰ ਨੇ ਕਿਹਾ ਕਿ ਉਹ ਇੱਥੇ ਕੋਈ ਬਾਲੀਵੁੱਡ ਜਾਂ ਪਾਲੀਵੁੱਡ ਅਦਾਕਾਰ ਬਣ ਕੇ ਨਹੀਂ ਬਲਕਿ ਪੰਜਾਬ ਦਾ ਪੁੱਤਰ ਬਣ ਕੇ ਆਇਆ ਹੈ। ਉਹਨਾਂ ਕਿਹਾ ਮੈਂ ਕੋਈ ਸਿਆਸਤਦਾਨ ਨਹੀਂ ਹਾਂ ਤੇ ਨਾ ਹੀ ਕਿਸੇ ਸਿਆਸੀ ਧਿਰ ਦੀ ਬੁਰਾਈ ਕਰਨ ਆਇਆ ਹਾਂ। ਪਰ ਇੱਥੇ ਜੋ ਕਿਸਾਨਾਂ ਨਾਲ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਗਲਤ ਹੈ। ਸਾਨੂੰ ਹਰ ਤਰੀਕੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
PM Modi
ਆਰਿਆ ਬੱਬਰ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਮੀਨ ਤੋਂ ਉੱਠ ਕੇ ਆਏ ਹਨ। ਕਿਸੇ ਜ਼ਮਾਨੇ ਵਿਚ ਚਾਹ ਵੇਚਦੇ ਸੀ ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਹ ਜ਼ਮੀਨ ਦੀ ਖੁਸ਼ਬੂ ਤੇ ਅਹਿਮੀਅਤ ਨੂੰ ਸਮਝਦੇ ਹਨ। ਜੇਕਰ ਉਹ ਜ਼ਮੀਨ ਦੀ ਅਹਿਮੀਅਤ ਨੂੰ ਵਾਕਈ ਸਮਝਦੇ ਹਨ ਤਾਂ ਕਿਸਾਨਾਂ ਦੀਆਂ ਸਮੱਸਿਆਵਾਂ ਕਿਉਂ ਨਹੀਂ ਸਮਝ ਰਹੇ। ਉਹਨਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਮਿਲਣ ਜਾਂਦੇ ਹਨ।
Aarya Babbar
ਉਹਨਾਂ ਨਾਲ ਬਿਨਾਂ ਮਾਸਕ ਤੋਂ ਫੋਟੋਆਂ ਖਿਚਵਾਉਂਦੇ ਹਨ। ਜੇਕਰ ਉੱਥੇ ਕੋਰੋਨਾ ਨਹੀਂ ਹੈ ਫਿਰ ਦਿੱਲੀ ਦੇ ਬਾਰਡਰ ‘ਤੇ ਕੋਰੋਨਾ ਕਿਵੇਂ ਆ ਸਕਦਾ ਹੈ।ਪ੍ਰਧਾਨ ਮੰਤਰੀ ਅਮਰੀਕੀ ਸੰਸਦ ਮੈਂਬਰਾਂ ਲਈ ਟਵੀਟ ਕਰਦੇ ਹਨ ਤੇ ਦੁੱਖ ਜ਼ਾਹਿਰ ਕਰਦੇ ਹਨ ਪਰ ਉਹ ਅਪਣੇ ਦੇਸ਼ ਦੇ ਲੋਕਾਂ ਲਈ ਕੋਈ ਹਮਦਰਦੀ ਨਹੀਂ ਜਿਤਾਉਂਦੇ। ਅਖੀਰ ਵਿਚ ਆਰਿਆ ਬੱਬਰ ਨੇ ਕਿਹਾ ਕਿ ਇਹ ਕੌਮ ਹਾਰਨਾ ਨਹੀਂ ਜਾਣਦੀ ਬਲਕਿ ਹਰਾਉਣਾ ਜਾਣਦੀ ਹੈ।