
ਸਾਰਾ ਪੰਜਾਬ ਪ੍ਰਧਾਨ ਮੰਤਰੀ ਨੂੰ ਕਰਦਾ ਹੈ ਨਫ਼ਰਤ, ਕੈਪਟਨ ਅਤੇ ਉਸ ਦੇ ਮੰਤਰੀ ਮੋਦੀ ਨੂੰ ਪੰਜਾਬ ਬੁਲਾਉਣ ਲਈ ਜ਼ੋਰ ਲਗਾ ਰਹੇ- ਚੱਢਾ
ਚੰਡੀਗੜ੍ਹ: ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਬੁਲਾਉਣ ਦੇ ਫ਼ੈਸਲੇ ਉੱਤੇ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਟਿੱਪਣੀ ਦੀ ਆਮ ਆਦਮੀ ਪਾਰਟੀ (ਆਪ) ਨੇ ਨਿਖੇਧੀ ਕੀਤੀ।
Raghav Chadha
ਇੱਥੇ ਹੈੱਡਕੁਆਟਰ ਉੱਤੇ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ 'ਆਪ' ਦੇ ਸਹਿ-ਇੰਚਾਰਜ ਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਦੇ ਚੱਲਦਿਆਂ ਸਾਰਾ ਦੇਸ਼ ਕਿਸਾਨਾਂ ਦੇ ਹੱਕ ਵਿਚ ਖੜ੍ਹਿਆਂ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਫ਼ਰਤ ਕਰ ਰਿਹਾ ਹੈ, ਪ੍ਰੰਤੂ ਪੰਜਾਬ ਦੀ ਕਾਂਗਰਸ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਮੌਕੇ ਕਰਵਾਏ ਜਾ ਰਹੇ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਣ ਦੀ ਵਕਾਲਤ ਕਰ ਰਹੇ ਹਨ।
Capt Amrinder Singh
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੇਵੱਸ ਹਨ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਖ਼ੁਸ਼ ਰੱਖਣਾ ਉਨ੍ਹਾਂ ਦੀ ਮਜਬੂਰੀ ਹੈ। ਪੁੱਤ ਮੋਹ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਈਡੀ ਦਫ਼ਤਰ 'ਚ ਘੁੰਮ ਰਹੀਆਂ ਬੇਟੇ ਰਣਇੰਦਰ ਸਿੰਘ ਦੀਆਂ ਫਾਈਲਾਂ ਨੂੰ ਰੋਕਣ ਲਈ ਆਪਣੇ ਮਾਲਕਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਇਸ ਲਈ ਕੈਪਟਨ ਸਾਹਿਬ ਮਜਬੂਰ ਹਨ ਕਿ ਧਾਰਮਿਕ ਸੰਸਥਾ ਜੋ ਪੂਰਨ ਤੌਰ ਉੱਤੇ ਆਪਣੇ ਫ਼ੈਸਲੇ ਲੈਣ ਵਿਚ ਸੁਤੰਤਰ ਹੈ ਉਸ ਦੇ ਕੰਮਾਂ ਵਿਚ ਵੀ ਦਖ਼ਲਅੰਦਾਜ਼ੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
PM Modi
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੋਦੀ-ਸ਼ਾਹ ਦੀ ਜੋੜੀ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ, ਜੋ ਉਨ੍ਹਾਂ ਵੱਲੋਂ ਗਾਈਡ ਲਾਈਨ ਜਾਰੀ ਕੀਤੀ ਜਾਂਦੀ ਹੈ ਕੈਪਟਨ ਉਨ੍ਹਾਂ ਉੱਤੇ ਹੀ ਕੰਮ ਕਰਦੇ ਹਨ। ਇਸ ਲਾਈਨ ਮੁਤਾਬਿਕ ਹੀ ਉਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਲਈ ਨਾਟਕ ਬਾਜ਼ੀ ਕੀਤੀ। ਪਹਿਲਾਂ ਉਨ੍ਹਾਂ ਰਾਹੁਲ ਗਾਂਧੀ ਨੂੰ ਪੰਜਾਬ ਬੁਲਾਕੇ ਟਰੈਕਟਰ ਰੈਲੀ ਕੱਢੀ, ਫਿਰ ਵਿਧਾਨ ਸਭਾ ਵਿਚ ਖੇਤੀ ਬਾਰੇ ਕਾਨੂੰਨ ਪਾਸ ਕਰਨ ਦਾ ਡਰਾਮਾ ਕੀਤਾ, ਕਿਸਾਨ ਅੰਦੋਲਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਆਪਣੇ ਸੰਸਦ ਮੈਂਬਰਾਂ ਵੱਲੋਂ ਦਿੱਲੀ ਦੇ ਜੰਤਰ ਮੰਤਰੀ 'ਚ ਧਰਨਾ ਦਿਵਾਉਣਾ ਸ਼ਾਮਲ ਹਨ।
Farmer Protest
ਅਮਿਤ ਸ਼ਾਹ ਵੱਲੋਂ ਕਿਸਾਨਾਂ ਨੂੰ ਬੁਰਾੜੀ ਦੇ ਮੈਦਾਨ 'ਚ ਧਰਨਾ ਬਦਲਣ ਤੇ ਸ਼ਰਤਾਂ ਮੰਨਣ ਲਈ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਅਤੇ ਹੁਣ ਆਈਪੀਐਸ ਅਧਿਕਾਰੀਆਂ ਡਿਊਟੀਆਂ ਅੰਦੋਲਨ ਵਾਲੀ ਥਾਂ ਉੱਤੇ ਲਗਾ ਕੇ ਕਿਸਾਨਾਂ ਉੱਤੇ ਦਬਾਅ ਪਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਆਪਣੀਆਂ ਤੇ ਪਰਿਵਾਰ ਦੀਆਂ ਸਾਰੀਆਂ ਕਮਜ਼ੋਰੀਆਂ ਉੱਤੇ ਪਰਦਾ ਪਾਉਣ ਲਈ ਉਨ੍ਹਾਂ ਕੋਲ ਹੁਣ ਸੁਨਹਿਰੀ ਮੌਕਾ ਹੈ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਜਾਣ ਤਾਂ ਜੋ ਸਾਰੇ ਮਾਮਲਿਆਂ ਉੱਤੇ ਮਿੱਟੀ ਪਾਈ ਜਾ ਸਕੇ। ਹੁਣ ਲੋਕਾਂ ਦੀ ਕਚਹਿਰੀ ਵਿਚ ਤਾਂ ਇਹ ਸਾਹਮਣੇ ਆ ਹੀ ਚੁੱਕਿਆ ਹੈ ਕਿ ਕਾਂਗਰਸੀ ਦੇ ਮੁੱਖ ਮੰਤਰੀ ਵਜੋਂ ਮਖੌਟਾ ਪਾ ਕੇ ਅਸਲ ਵਿਚ ਕੰਮ ਭਾਜਪਾ ਦੇ ਮੁੱਖ ਮੰਤਰੀ ਵਜੋਂ ਹੀ ਕਰ ਰਹੇ ਹਨ।