
ਕਿਸਾਨ ਜਥੇਬੰਦੀਆਂ ਨੇ ਭਾਜਪਾ ਦੇ ਕੇਂਦਰੀ ਆਗੂ ਵਿਜੇ ਸਾਂਪਲਾ ਦਾ ਕੀਤਾ ਜ਼ਬਰਦਸਤ ਵਿਰੋਧ
ਮੋਗਾ, 8 ਫ਼ਰਵਰੀ (ਗੁਰਜੰਟ ਸਿੰਘ): ਸ਼ਹਿਰ ਵਿਚ ਅਪਣੇ ਕੌਂਸਲਰਾਂ ਲਈ ਵੋਟਾਂ ਮੰਗਣ ਆਏ ਭਾਜਪਾ ਦੇ ਕੇਂਦਰੀ ਆਗੂ ਵਿਜੇ ਸਾਂਪਲਾ ਅਤੇ ਹੋਰ ਆਗੂਆਂ ਦਾ ਕਿਸਾਨ ਜਥੇਬੰਦੀਆਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਭਾਜਪਾ ਨੇਤਾ ਦਾ ਪਹਿਲਾਂ ਜ਼ਿਲ੍ਹਾ ਕੋਰਟ ਕੰਪਲੈਕਸ ਲਾਗੇ ਵਿਰੋਧ ਕੀਤਾ ਗਿਆ, ਜਿੱਥੇ ਪੁਲਿਸ ਨਾਲ ਪ੍ਰਦਰਸ਼ਨਕਾਰੀਆਂ ਦੀ ਝੜਪ ਹੋਈ। ਇਥੋਂ ਭਾਜਪਾ ਨੇਤਾ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਖਿਸਕ ਗਏ। ਬਾਅਦ ਵਿਚ ਪਤਾ ਲੱਗਾ ਕਿ ਭਾਜਪਾ ਨੇਤਾ ਸਥਾਨਕ ਰਾਮ ਗੰਜ ਮੰਡੀ ਅੰਦਰ ਵੀ ਇਕ ਜਲਸਾ ਆਯੋਜਿਤ ਕਰਨ ਲੱਗੇ ਹਨ। ਇਸ ਦੀ ਖ਼ਬਰ ਮਿਲਦਿਆਂ ਹੀ ਨੌਜਵਾਨ ਕਿਸਾਨ ਆਗੂ ਸੁਖਜਿੰਦਰ ਮਹੇਸਰੀ, ਸੁਖਜੀਤ ਬੁੱਕਣਵਾਲਾ, ਉਦੈ ਬੱਡੂ ਵਾਲ ਦੀ ਅਗਵਾਈ ਵਿਚ ਰਾਮ ਗੰਜ ਮੰਡੀ ਦੇ ਗੇਟ ਉੱਤੇ ਪਹੁੰਚ ਗਏ, ਜਿੱਥੇ ਪੁਲਿਸ ਨੇ ਭਾਰੀ ਬੇਰੀਕੇਟਿੰਗ ਕੀਤੀ ਹੋਈ ਸੀ।
ਇੱਥੇ ਪਹਿਲਾਂ ਇਕ ਘੰਟਾ ਨਾਹਰੇਬਾਜ਼ੀ ਕਰਨ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਪਤਾ ਲੱਗਾ ਕਿ ਭਾਜਪਾ ਨੇਤਾ ਪਿਛਲੇ ਰਸਤੇ ਤੋਂ ਮੰਡੀ ਵਿਚ ਆ ਰਿਹਾ। ਇਸ ’ਤੇ ਤੁਰਤ ਐਕਸ਼ਨ ਲੈਂਦਿਆਂ ਨੌਜਵਾਨ ਬੇਰੀਕੇਟ ਟੱਪਣ ਲੱਗ ਪਏ। ਇੱਥੇ ਫਿਰ ਪੁਲਿਸ ਨਾਲ ਧੱਕਾ ਮੁੱਕੀ ਦੌਰਾਨ ਹੀ ਭਾਜਪਾ ਨੇਤਾ ਨੇ ਵਾਪਸ ਮੁੜਨਾ ਹੀ ਬੇਹਤਰ ਸਮਝਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਬੇਸ਼ਰਮੀ ਨਾਲ ਵੋਟਾਂ ਮੰਗ ਰਹੀ ਹੈ, ਜਦਕਿ ਪੰਜਾਬ ਵਿਚ ਰੋਜ਼ਾਨਾ ਦਿੱਲੀ ਤੋਂ ਲਾਸ਼ਾਂ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਸ਼ਹਿਰ ਵਿਚ ਜਲਸੇ ਕਰ ਕੇ ਕਿਸਾਨਾਂ ਦੇ ਸੱਥਰਾਂ ਉੱਤੇ ਜਸ਼ਨ ਮਨਾਉਣਾ ਚਾਹੁੰਦੇ ਹਨ। ਇਨ੍ਹਾਂ ਨੇ ਨੌਜਵਾਨਾਂ ਦੀਆਂ ਗਿ੍ਰਫ਼ਤਾਰੀਆਂ ਕਰਾਈਆਂ ਹਨ। ਅਸੀ ਇਨ੍ਹਾਂ ਨੂੰ ਪੰਜਾਬ ਵਿਚ ਹੂਟਰ ਮਾਰਦੇ ਘੁੰਮਣ ਦੀ ਇਜਾਜ਼ਤ ਨਹੀਂ ਦੇ ਸਕਦੇ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਮਾਰੂ ਕਾਲੇ ਕਾਨੂੰਨ ਰੱਦ ਕੀਤੇ ਜਾਣ। ਦਿੱਲੀ ਪੁਲਿਸ ਵਲੋਂ ਗਿ੍ਰਫ਼ਤਾਰ ਕੀਤੇ ਗਏ ਨੌਜਵਾਨ ਰਿਹਾਅ ਕੀਤੇ ਜਾਣ।
ਫੋਟੋ ਨੰਬਰ -08 ਮੋਗਾ 02 ਪੀ