
ਨੌਜਵਾਨ ਯਾਦਵਿੰਦਰ ਸਿੰਘ ਨੇ ਡਲਹੌਜ਼ੀ ਨੇੜੇ ਜੋਤ ਦੱਰੇ ’ਤੇ ਲਹਿਰਾਇਆ ਝੰਡਾ
ਰਾਏਕੋਟ (ਜਸਵੰਤ ਸਿੰਘ ਸਿੱਧੂ): ਕੇਂਦਰ ਸਰਕਾਰ ਦੇ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਵਿਰੁਧ ਚੱਲ ਰਿਹਾ ਸੰਘਰਸ਼ ਇਸ ਸਮੇਂ ਪੂਰੇ ਸਿਖ਼ਰ ’ਤੇ ਹੈ। ਦੇਸ਼-ਵਿਦੇਸ਼ ਵਿਚ ਇਸ ਦੇ ਹੱਕ ’ਚ ਉੱਠ ਰਹੀਆਂ ਅਵਾਜ਼ਾਂ ਇਕ ਲੋਕ ਲਹਿਰ ਬਣ ਚੁੱਕੀ ਹੈ।
Farmers Protest
ਇਸੇ ਲਹਿਰ ਵਿਚ ਯੋਗਦਾਨ ਪਾਉਂਦਿਆਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਹੌਲੀ ਦੇ ਨੌਜਵਾਨ ਯਾਦਵਿੰਦਰ ਸਿੰਘ ਨੇ ਕਿਸਾਨੀ ਅੰਦੋਲਨ ਦੇ ਸਮਰਥਨ ਵਿਚ ਹਿਮਾਚਲ ਪ੍ਰਦੇਸ਼ ਦੀ 11 ਹਜ਼ਾਰ ਫ਼ੁੱਟ ਉੱਚੀ ਚੋਟੀ, ਡਲਹੌਜ਼ੀ ਨੇੜੇ ਜੋਤ ਦੱਰੇ ’ਤੇ ਝੰਡਾ ਲਹਿਰਾਇਆ ਅਤੇ ਸਾਥੀਆਂ ਸਮੇਤ ਸੰਘਰਸ਼ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ।
Farmers Protest
ਯਾਦਵਿੰਦਰ ਸਿੰਘ ਜੋ ਕਿ ਖ਼ੁਰਾਕ ਸਪਲਾਈ ਵਿਭਾਗ ਵਿਚ ਇੰਸਪੈਕਟਰ ਹੈ ਅਨੁਸਾਰ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਸਾਡੀ ਜੀਵਨ-ਜਾਂਚ ਦਾ ਹਿੱਸਾ ਬਣ ਕੇ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਲ ਹੋ ਚੁੱਕਾ ਹੈ। ਉਨ੍ਹਾਂ ਦਸਿਆ ਕਿ ਉਹ ਪਹਿਲਾਂ ਦਿੱਲੀ ਜਾ ਕੇ ਵੀ ਸੰਘਰਸ਼ ਵਿਚ ਹਿੱਸਾ ਪਾ ਚੁੱਕੇ ਹਨ ਅਤੇ ਹੁਣ ਉਹ ਭਾਵੇਂ ਐਡਵੈਂਚਰ ਕੈਂਪ ਲਈ ਡਲਹੌਜ਼ੀ ਗਏ ਸਨ।
Farmers Protest
ਉਨ੍ਹਾਂ ਦੱਸਿਆ ਕਿ ਕਿਸਾਨ ਏਕਤਾ ਦਾ ਨਾਹਰਾ ਅਤੇ ਝੰਡਾ ਇਸ ਕੈਂਪ ਦਾ ਵੀ ਮੁੱਖ ਹਿੱਸਾ ਰਿਹਾ ਅਤੇ ਜਦੋਂ ਉਹ ਸਿਖਰਲੀ ਚੋਟੀ ’ਤੇ ਪਹੁੰਚੇ ਤਾਂ ਅਪਣੇ ਜਜ਼ਬਿਆਂ ਨੂੰ ਜ਼ਾਹਰ ਕਰਦੇ ਹੋਏ ਅੰਦੋਲਨ ਦੇ ਹੱਕ ਵਿਚ ਨਾਹਰੇ ਲਾਏ ਅਤੇ ਝੰਡਾ ਲਹਿਰਾਇਆ।