
ਕਿਹਾ, ਸਰਕਾਰਾਂ ਸਿੱਖਾਂ ਨੂੰ ਵੰਡਣ ’ਚ ਕਾਮਯਾਬ ਹੋ ਰਹੀਆਂ ਹਨ, ਭਾਜਪਾ ਸਿੱਧੀ ਦਖ਼ਲਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ
ਕਿਹਾ, ਜੇਕਰ ਪੰਜਾਬ ਦੇ ਹਿੱਤ ਮਹਿਫ਼ੂਜ਼ ਨਹੀਂ ਤਾਂ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਦਾ ਕੋਈ ਕਾਰਨ ਨਹੀਂ ਰਹਿ ਜਾਂਦਾ
‘ਮੈਂ ਕਦੇ ਅਕਾਲੀ ਦਲ ਨਹੀਂ ਛਡਿਆ, ਅੱਜ ਵੀ ਪਾਰਟੀ ਲਈ ਕੰਮ ਕਰਦੀ ਰਹਿੰਦੀ ਹਾਂ’
‘ਕਿਸੇ ਵੀ ਸਰਕਾਰ ਦਾ ਧਾਰਮਕ ਅਦਾਰਿਆਂ ’ਚ ਦਖ਼ਲਅੰਦਾਜ਼ੀ ਕਰਨੀ ਬਹੁਤ ਖ਼ਤਰਨਾਕ ਹੈ’
ਚੰਡੀਗੜ੍ਹ (ਨਵਜੋਤ ਧਾਲੀਵਾਲ): ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸਿੱਖ ਆਗੂਆਂ ਨੂੰ ਕੁਰਸੀ ਦੀ ਬਜਾਏ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਸਾਹਿਬ ਦੇ ਪ੍ਰਬੰਧਕੀ ਬੋਰਡ ’ਚ ਮਹਾਰਾਸ਼ਟਰ ਸਰਕਾਰ ਵਲੋਂ 17 ’ਚੋਂ 12 ਮੈਂਬਰ ਅਪਣੇ ਨਾਮਜ਼ਦ ਕਰਨ ਤੋਂ ਬਾਅਦ ਸਿੱਖ ਸਿਆਸਤ ’ਚ ਲੱਗ ਰਹੀ ਸੰਨ੍ਹ ’ਤੇ ਸ਼ੁਰੂ ਹੋਈ ਬਹਿਸ ਬਾਰੇ ਬੋਲਦਿਆਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਸਰਕਾਰਾਂ ਵਲੋਂ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੀ ਚਾਲ ਹੈ। ਉਨ੍ਹਾਂ ਕਿਹਾ ਕਿ ਇਸ ਚਾਲ ਨੂੰ ਨਾਕਾਮਯਾਬ ਬਣਾਉਣ ਲਈ ਸਿੱਖਾਂ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ।
ਇਸ ਦੇ ਕਾਰਨ ਬਾਰੇ ਸਵਾਲ ਪੁੱਛਣ ’ਤੇ ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ, ‘‘ਸਿੱਖ ਸ਼ਕਤੀ ਕਮਜ਼ੋਰ ਹੋ ਗਈ ਹੈ। ਸ਼ੁਰੂ ਤੋਂ ਲੈ ਕੇ ਸਰਕਾਰਾਂ ਚਾਲਾਂ ਖੇਡਦੀਆਂ ਆਈਆਂ ਹਨ। ਉਹ ਕਾਮਯਾਬ ਹੋ ਰਹੇ ਹਨ ਕਿ ਸਿੱਖ ਵੰਡੇ ਜਾ ਰਹੇ ਹਨ। ਜਦੋਂ ਸਿੱਖ ਵੰਡੇ ਗਏ, ਸਿੱਖ ਸ਼ਕਤੀ ਕਮਜ਼ੋਰ ਹੋ ਗਈ। ਧਾਰਮਕ ਅਸਥਾਨਾਂ ਨੂੰ ਜਾਂ ਸਾਡੀ ਰਾਜਨੀਤਿਕ ਸ਼ਕਤੀ ਨੂੰ ਵੀ ਖੋਰਾ ਲੱਗ ਲੱਗ ਪਿਆ।
ਹੁਣ ਧਾਰਮਕ ਸਥਾਨਾਂ ਦਾ ਪ੍ਰਬੰਧਕ ਜੋ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਗੁਰਸਿੱਖਾਂ ਨੇ ਰਲ ਕੇ, ਜੂਝ ਕੇ ਸੰਘਰਸ਼ ਕਰ ਕੇ ਅਪਣੇ ਹੱਥਾਂ ’ਚ ਲਿਆ ਸੀ। ਮਸੰਦਾਂ, ਮਹੰਤਾਂ ਕੋਲੋਂ ਆਜ਼ਾਦ ਕਰਵਾਏ ਜੋ ਅੰਗਰੇਜ਼ਾਂ ਦੇ ਪਿੱਠੂ ਸਨ। ਉਨ੍ਹਾਂ ਨੂੰ ਚਲਾਉਣ ਵਾਸਤੇ 1925 ’ਚ ਐਕਟ ਬਣਾ ਦਿਤਾ ਗਿਆ ਤਾਂ ਜੋ ਇਸ ਅਨੁਸਾਰ ਇਹ ਕਮੇਟੀ ਕੰਮ ਕਰਦੀ ਰਹੇ। ਚੋਣਾਂ ਵੀ ਸਿਰਫ਼ ਸਿੱਖ ਧਰਮ ਹੈ ਜਿਸ ਦੀ ਸੰਸਥਾ ਲੋਕਤੰਤਰੀ ਤਰੀਕੇ ਨਾਲ ਚੁਣ ਕੇ ਆਉਂਦੀ ਹੈ।’’
ਉਨ੍ਹਾਂ ਕਿਹਾ, ‘‘ਪਹਿਲਾਂ ਤਾਂ ਪੰਜਾਬ ਵੰਡਿਆ ਗਿਆ। ਪਾਕਿਸਤਾਨ ’ਚ ਅੱਧਾ ਰਹਿ ਗਿਆ। ਅੱਧੇ ਤੋਂ ਜ਼ਿਆਦਾ ਗੁਰਦੁਆਰੇ ਉਧਰ ਚਲੇ ਗਏ। ਫਿਰ ਪੰਜਾਬ ਇਧਰ ਆ ਗਿਆ। ਵੱਡਾ ਪੰਜਾਬ ਜੋ ਸੀ ਉਹ ਤਿੰਨ-ਚਾਰ ਹੱਸਿਆਂ ’ਚ ਵੰਡਿਆ ਗਿਆ। ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਬਣ ਗਏ। ਇਹ ਸਾਰੀ ਵੰਡ ਪੈਣ ਨਾਲ ਕਮੇਟੀ ਫਿਰ ਕਮਜ਼ੋਰ ਹੋਈ। ਕਿਉਂਕਿ ਇਸ ਦੇ ਪ੍ਰਸ਼ਾਸਨ ਦੀ ਚੋਣ ਵਗੈਰਾ ਕੇਂਦਰ ਦੇ ਹੱਥ ’ਚ ਚਲੀ ਗਈ।
ਪਹਿਲਾਂ ਚੋਣਾਂ ਪੰਜ ਸਾਲਾਂ ਬਾਅਦ ਹੁੰਦੀਆਂ ਸਨ। ਕੇਂਦਰ ਨੇ ਇਸ ਨੂੰ ਕਦੀ 18 ਸਾਲ ਅਤੇ ਕਦੀ 13 ਸਾਲਾਂ ਬਾਅਦ ਕਦੀ 12 ਸਾਲਾਂ ਬਾਅਦ ਸਮੇਂ ਸਿਰ ਨਾ ਹੋਣ ਕਾਰਨ ਸਿੱਖ ਸੰਗਤਾਂ ’ਚ ਰੋਹ ਪੈਦਾ ਹੋ ਗਿਆ ਕਿ ਮੈਂਬਰ 5 ਸਾਲ ਬਾਅਦ ਚੁਣ ਕੇ ਜਾਣੇ ਚਾਹੀਦੇ ਹਨ। 5 ਸਾਲਾਂ ਬਾਅਦ ਜਾਣਗੇ ਤਾਂ ਘੱਟੋ-ਘੱਟ ਜੇਕਰ ਕੋਈ ਕਮਜ਼ੋਰ ਹੋਵੇ ਜਾਂ ਮੌਤਾਂ ਹੋ ਜਾਂਦੀਆਂ ਹਨ ਤਾਂ ਨਵੇਂ ਮੈਂਬਰ ਜਾ ਸਕਦੇ ਹਨ ਨਵੇਂ ਸਿੱਖ ਸੋਚ ਹੋ ਪੈਦਾ ਹੋ ਸਕਦੀ ਹੈ। ਨਵੇਂ ਢੰਗ ਨਾਲ ਕੰਮ ਕੀਤਾ ਜਾ ਸਕਦਾ ਹੈ। ਪਰ ਇਹ ਸਾਰਾ ਕੁੱਝ ਸਾਨੂੰ ਕਮਜ਼ੋਰ ਕਰਨ ਵਾਸਤੇ ਸਾਰਾ ਕੁੱਝ ਕੀਤਾ ਗਿਆ।’’
ਉਨ੍ਹਾਂ ਅੱਗੇ ਕਿਹਾ, ‘‘ਇਸ ਤੋਂ ਬਾਅਦ ਸਭ ਤੋਂ ਵੱਡਾ ਹਮਲਾ ਪਹਿਲਾ ਸ਼ੁਰੂ ਕੀਤਾ ਜਦੋਂ ਹਰਿਆਣਾ ਕਮੇਟੀ ਬਣਾਈ ਗਈ, ਜਿਸ ਦੀ ਲੋੜ ਨਹੀਂ ਸੀ। ਕਿਉਂਕਿ 11 ਮੈਂਬਰ ਤਾਂ ਪਹਿਲਾਂ ਹੀ ਉੱਥੋਂ ਚੁਣ ਕੇ ਆਉਂਦੇ ਹਨ। ਅੱਜ ਵੀ ਜਿਹੜੇ ਸਾਡੇ ਉਹ ਮੈਂਬਰ ਮੋਜੂਦ ਹਨ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ’ਚ ਹਰਿਆਣਾ ਦਾ ਹੀ ਹੈ। ਸੋ ਜਦੋਂ ਉਹ ਸਾਰੇ ਮੈਂਬਰ ਮੌਜੂਦ ਹਨ, ਡੀਨੋਟੀਫ਼ਾਈ ਨਹੀਂ ਹੋਏ, ਹਲਕੇ ਡੀਨੋਟੀਫ਼ਾਈ ਨਹੀਂ ਹੋਏ, 1925 ਦਾ ਐਕਟ ਡੀਨੋਟੀਫ਼ਾਈ ਨਹੀਂ ਹੋਇਆ, ਸੰਸਦ ’ਚ ਕੋਈ ਮਤਾ ਪਾਸ ਨਹੀਂ ਕੀਤਾ ਗਿਆ ਤਾਂ ਸੰਸਦ ਦੀ ਤਾਕਤ ਨੂੰ ਇਨ੍ਹਾਂ ਨੇ ਆਰਡੀਨੈਂਸ ਰਾਹੀਂ ਕਿਸ ਤਰ੍ਹਾਂ ਵਰਤ ਲਈ।
ਆਰਡੀਨੈਂਸ ਰਾਹੀਂ ਐਕਟ ਬਣਾ ਕੇ 41 ਮੈਂਬਰ ਉਥੇ ਨਾਮਜ਼ਦ ਕਰ ਲਏ। ਕੀਤੇ ਵੀ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠ ਕੇ। ਸੋ ਪਹਿਲਾਂ ਜੋ ਕੰਮ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਹੁੱਡਾ ਵੇਲੇ ਸ਼ੁਰੂ ਕੀਤਾ ਸੀ ਉਸ ਤੋਂ ਅੱਗੇ ਜੋ ਅੱਜ ਅਮਲੀ ਜਾਮਾ ਭਾਜਪਾ ਨੇ ਅਪਣਾਇਆ ਹੈ ਅਤੇ ਸਿੱਧੀ ਦਖ਼ਲਅੰਦਾਜ਼ੀ ਨਾਲ ਵਿਚ ਵੜ ਗਏ। ਹੁਣ ਭਾਜਪਾ ਦਾ ਵਿਚ ਵੜਨਾ, ਕਿਸੇ ਵੀ ਸਰਕਾਰ ਦਾ ਧਾਰਮਕ ਅਦਾਰਿਆਂ ’ਚ ਦਖ਼ਲਅੰਦਾਜ਼ੀ ਕਰਨੀ ਬਹੁਤ ਖ਼ਤਰਨਾਕ ਹੈ।’’
ਉਨ੍ਹਾਂ ਕਿਹਾ, ‘‘ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਉਸ ਨੂੰ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਸ਼੍ਰੋਮਣੀ ਕਮੇਟੀ ਆਜ਼ਾਦੀ ਹਸਤੀ ਹੋਣੀ ਚਾਹੀਦੀ ਹੈ। ਆਜ਼ਾਦ ਹਸਤੀ ਵਜੋਂ ਕੰਮ ਕਰੇ। ਸੰਘਰਸ਼ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੇ ਉਸ ’ਚ ਦਖ਼ਲਅੰਦਾਜ਼ੀ ਤਾਂ ਬੰਦ ਕਰਨੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਉਸ ਨੂੰ ਬਚਾਉਣਾ ਸੀ ਕਿ ਬਾਹਰੋਂ ਕੋਈ ਹਮਲੇ ਨਾ ਹੋਣ। ਬਾਹਰੀ ਦਖ਼ਲਅੰਦਾਜ਼ੀ ਨਾ ਹੋਵੇ ਪਰ ਅਫਸੋਸ ਕਿ ਸ਼੍ਰੋਮਣੀ ਅਕਾਲੀ ਦਲ ਵੀ ਉਸ ’ਚ ਦਖ਼ਲਅੰਦਾਜ਼ੀ ਸ਼ੁਰੂ ਹੋ ਗਈ। ਜਦੋਂ ਉਸ ਦੀ ਦਖ਼ਲਅੰਦਾਜ਼ੀ ਸ਼ੁਰੂ ਹੋਈ ਤਾਂ ਸਾਰੀਆਂ ਪਾਰਟੀਆਂ ਦੀ ਹਿੰਮਤ ਪੈ ਗਈ ਅਤੇ ਲੋਕਾਂ ਨੂੰ ਇਕ ਬਹਾਨਾ ਮਿਲ ਗਿਆ ਕਿ ਜਦੋਂ ਇਹ ਦਖ਼ਲਅੰਦਾਜ਼ੀ ਕਰ ਸਕਦੇ ਹਨ ਤਾਂ ਅਸੀਂ ਪਾਰਟੀ ਵਾਲੇ ਕਿਉਂ ਨਹੀਂ ਕਰ ਸਕਦੇ।’’
ਸ਼੍ਰੋਮਣੀ ਅਕਾਲੀ ਦਲ ਦੀ ਦਖ਼ਲਅੰਦਾਜ਼ੀ ਦੀ ਸ਼ੁਰੂਆਤ ਬਾਰੇ ਸਵਾਲ ਦੇ ਜਵਾਬ ’ਤੇ ਉਨ੍ਹਾਂ ਕਿਹਾ, ‘‘ਦਖ਼ਲਅੰਦਾਜ਼ੀ ਇਸ ਕਾਰਨ ਸ਼ੁਰੂ ਹੋਈ ਕਿਉਂਕਿ ਅਕਾਲੀ ਦਲ ਦੇ ਹੀ ਸਾਰੇ ਨੁਮਾਇੰਦੇ ਚੁਣ ਕੇ ਜਾਂਦੇ ਸਨ। ਲੋਕ ਅਕਾਲੀ ਦਲ ’ਚ ਵਿਸ਼ਵਾਸ ਕਰਦੇ ਸਨ ਕਿ ਇਨ੍ਹਾਂ ਨੇ ਸੰਘਰਸ਼ ਕੀਤਾ ਹੈ। ਇਨ੍ਹਾਂ ਨੇ ਖ਼ੂਨ ਵਹਾਇਆ ਹੈ ਤਾਂ ਇਹ ਸ਼੍ਰੋਮਣੀ ਕਮੇਟੀ ਹੋਂਦ ’ਚ ਆਈ ਹੈ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਸਿਆਸੀ ਇੱਛਾਵਾਂ ਲਈ ਵਰਤੇਗੀ ਤਾਂ ਫਿਰ ਕੁਦਰਤੀ ਗੱਲ ਹੈ ਕਿ ਲੋਕਾਂ ’ਚ ਰੋਸ ਪੈਦਾ ਹੋਵੇਗਾ।’’
ਉਨ੍ਹਾਂ ਕਿਹਾ, ‘‘ਸ਼੍ਰੋਮਣੀ ਕਮੇਟੀ ’ਚ ਜਦੋਂ ਕੋਈ ਨੁਕਸਾਨ ਹੁੰਦਾ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਆਗੂਆਂ ਦਾ ਫ਼ਰਜ਼ ਬਣਦਾ ਸੀ ਕਿ ਸਰਕਾਰ ’ਚ ਬੈਠੇ ਲੋਕਾਂ ਨੂੰ ਹਿੰਮਤ ਨਾਲ ਬੋਲਣਾ ਚਾਹੀਦਾ ਸੀ ਅਤੇ ਰੋਕਣਾ ਚਾਹੀਦਾ ਸੀ। ਅੱਜ ਜੇਕਰ ਅਸੀਂ ਉਨ੍ਹਾਂ ਦੀਆਂ ਵਾਂਗਾਂ ਖੁੱਲ੍ਹੀਆਂ ਛੱਡ ਦਿਤੀਆਂ ਤਾਂ ਉਨ੍ਹਾਂ ਦੀ ਹਿੰਮਤ ਪੈ ਗਈ ਕਿ ਪਹਿਲਾਂ ਉਹ ਹਰਿਆਣਾ ’ਚ ਵੜੇ ਹੁਣ ਅੱਜ ਤਖ਼ਤ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਵੀ ਉਨ੍ਹਾਂ ਨੇ ਬਹੁਤ ਵੱਡਾ ਜ਼ੁਲਮ ਕਰ ਦਿਤਾ ਕਿ ਜੋ ਬੋਰਡ ਬਣਿਆ ਸੀ 1956 ’ਚ ਉਸ ’ਚ ਚਾਰ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਨਾਮਜ਼ਦ ਹੁੰਦੇ ਸਨ।
ਇੱਕ ਮੈਂਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਜਾਂਦਾ ਸੀ ਚਾਰ ਮੈਂਬਰ ਲੋਕਲ ਉਥੇ ਦੀਵਾਨ ਹਜ਼ੂਰ ਸਾਹਿਬ ਬਣਿਆ ਹੋਇਆ ਹੈ, ਉਹ ਨਾਮਜ਼ਦ ਕਰਦੇ ਸਨ, ਤਿੰਨ ਮੈਂਬਰ ਚੁਣ ਕੇ ਆਉਂਦੇ ਸਨ ਅਤੇ ਦੋ ਮੈਂਬਰ ਮਹਾਰਾਸ਼ਟਰ ਦੀ ਸਰਕਾਰ ਭੇਜਦੀ ਸੀ ਜੋ ਹੈਦਰਾਬਾਦ ਤੋਂ ਆਉਂਦਾ ਸੀ। ਇਨ੍ਹਾਂ ਸਾਰੇ ਮੈਂਬਰਾਂ ਦਾ ਇਕ ਸੰਗਠਨ ਹੁੰਦਾ ਸੀ। ਇਨ੍ਹਾਂ ਨੇ ਬੋਰਡ ਤੋੜ ਦਿਤਾ ਅਤੇ ਨਵਾਂ ਬਣਾ ਦਿਤਾ 2024 ਦਾ ਐਕਟ, ਜਿਸ ’ਚ ਸਿੱਧੀ ਦਖ਼ਲਅੰਦਾਜ਼ੀ ਅਤੇ ਕਬਜ਼ਾ ਭਾਜਪਾ ਸਰਕਾਰ ਨੇ ਕਰ ਲਿਆ।’’
ਉਨ੍ਹਾਂ ਕਿਹਾ, ‘‘ਮੈਂ ਕਹਾਂਗੀ ਕਿ ਪੰਥਕ ਸਰਕਾਰਾਂ, ਉਹ ਪੰਥਕ ਪਾਰਟੀ ਜਿਸ ਨੂੰ ਲੋਕ ਆਪਣੀ ਪਾਰਟੀ ਕਹਿੰਦੇ ਹਨ, ਜਿਸ ਨੇ ਕੁਰਬਾਨੀਆਂ ਕੀਤੀਆਂ, ਜੇ ਲੋਕ ਉਸ ਨੂੰ ਬਰਦਾਸ਼ਤ ਨਹੀਂ ਕਰਦੇ ਕਿ ਵਿੱਚ ਦਖ਼ਲਅੰਦਾਜ਼ੀ ਕਰੇ, ਤਾਂ ਦੱਸੋ ਕਿ ਸੰਗਤ ਇਹ ਬਰਦਾਸ਼ਤ ਕਰ ਜਾਵੇਗੀ ਕਿ ਭਾਜਪਾ ਸਿੱਧੀ ਦਖ਼ਲਅੰਦਾਜ਼ੀ ਕਰੇ।’’ ਇਸ ਤੋਂ ਅਗਲੇ ਕਦਮ ਬਾਰੇ ਸਵਾਲ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਸਾਰੀਆਂ ਸਿੱਖ ਸੰਸਥਾਵਾਂ ਨੂੰ ਇਕੱਠੀਆਂ ਕਰਨ, ਵਿਦਵਾਨਾਂ ਨੂੰ ਇਕੱਠਾ ਕਰਨ ਅਤੇ ਸੋਚਣ ਕਿ ਕਾਨੂੰਨੀ ਤੌਰ ’ਤੇ ਇਸ ਦਾ ਕੀ ਕਰ ਸਕਦੇ ਹਾਂ, ਇਸ ਬਾਰੇ ਸੰਘਰਸ਼ ਕਰ ਕੇ ਤੁਰਨਾ ਪਵੇਗਾ। ਇਸ ਨੂੰ ਲਾਮਬੰਦ ਹੋ ਕੇ ਤੁਰਨਾ ਪਵੇਗਾ। ਤਾਂ ਜੋ ਸਰਕਾਰ ਦੇ ਕੰਨ ਖੁੱਲ੍ਹ ਸਕਣ।’’
ਹਾਲਾਂਕਿ ਉਨ੍ਹਾਂ ਕਿਹਾ ਕਿ ਦੁੱਖ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਕਿਉਂ ਹੋ ਗਿਆ ਅਤੇ ਪ੍ਰਧਾਨ ਦੀ ਹਿੰਮਤ ਕਿਉਂ ਨਹੀਂ ਪੈ ਰਹੀ ਸੰਘਰਸ਼ ਕਰਨ ਦੀ। ਉਨ੍ਹਾਂ ਕਿਹਾ, ‘‘ਪਤਾ ਨਹੀਂ ਭਾਜਪਾ ਤੋਂ ਡਰਦੇ ਹਨ ਜਾਂ ਅੰਦਰ ਦੀ ਕੋਈ ਕਮਜ਼ੋਰ ਆ ਗਈ ਹੈ। ਇਹ ਸਾਡੀਆਂ ਹੀ ਕਮਜ਼ੋਰੀਆਂ ਹਨ ਜਿਸ ਕਾਰਨ ਅਕਾਲੀ ਦਲ ਕਮਜ਼ੋਰ ਹੋਣਾ ਸਭ ਤੋਂ ਵੱਡਾ ਖ਼ਤਰਾ ਹੈ ਸਾਡੇ ਸਾਹਮਣੇ।’’
ਇਹ ਸਵਾਲ ਪੁੱਛਣ ’ਤੇ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਕਰ ਕੇ ਉਹ ਹਿੰਮਤ ਨਹੀਂ ਕਰ ਰਹੇ, ਬੀਬੀ ਜਗੀਰ ਕੌਰ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਸਾਂਝਾਂ ਕੀ ਹਨ। ਪਰ ਮੈਨੂੰ ਦੁੱਖ ਹੈ ਕਿ ਜਦੋਂ ਸਾਡੇ ਕੋਲ ਤਾਕਤ ਸੀ ਤਾਂ ਅਸੀਂ ਉਨ੍ਹਾਂ ਸਾਹਮਣੇ ਅਪਣੀਆਂ ਕਮਜ਼ੋਰੀਆਂ ਰੱਖ ਦਿਤੀਆਂ। ਸਾਨੂੰ ਉਹ ਸਮਝ ਗਏ ਹਨ ਕਿ ਇਹ ਕੇਵਲ ਅਤੇ ਕੇਵਲ ਕੁਰਸੀ ਵਾਸਤੇ ਤੁਰੇ ਹਨ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੇ ਇਨ੍ਹਾਂ ਕੋਲ ਕੁਰਸੀ ਹੈ ਤਾਂ ਇਹ ਖ਼ੁਸ਼ ਹਨ। ਜੇਕਰ ਕੁਰਸੀ ਨਹੀਂ ਤਾਂ ਨਹੀਂ ਖ਼ੁਸ਼।’’ ਉਨ੍ਹਾਂ ਕਿਹਾ ਕਿ ਸਾਨੂੰ ਕੌਮ, ਪੰਥ, ਧਰਮ ਦੀ ਖਾਤਰ ਤਿਆਗ ਕਰਨਾ ਪਵੇਗਾ। ਉਨ੍ਹਾਂ ਕਿਹਾ, ‘‘ਜਦੋਂ ਅਸੀਂ ਇਹ ਅਹਿਦ ਲੈ ਲਵਾਂਗੇ ਕਿ ਕੁਰਸੀ ਰਹੇ ਨਾ ਰਹੇ ਪਰ ਅਸੀਂ ਧਾਰਮਕ ਸੰਸਥਾਵਾਂ ਨੂੰ ਢਾਹ ਨਹੀਂ ਲੱਗਣ ਦਿਆਂਗੇ ਤਾਂ ਫਿਰ ਕੋਈ ਸਰਕਾਰ ਸਾਡੇ ਸਾਹਮਣੇ ਨਹੀ ਟਿਕ ਸਕੇਗੀ।’’
ਅਕਾਲੀ ਦਲ ’ਚ ਮੁੜ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਪਾਰਟੀ ਨਹੀਂ ਛੱਡੀ ਬਲਕਿ ਉਨ੍ਹਾਂ ਨੂੰ ਕੱਢ ਦਿਤਾ ਗਿਆ ਸੀ ਅਤੇ ਉਹ ਅੱਜ ਵੀ ਪਾਰਟੀ ਲਈ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਰਗਾਂ ’ਚ ਅਕਾਲੀ ਖ਼ੂਨ ਹੈ। ਉਨ੍ਹਾਂ ਕਿਹਾ ਕਿ ਸਾਰੇ ਸਿੱਖਾਂ ਨੂੰ ਰਲ ਕੇ ਆਪਣੀਆਂ ਸੰਸਥਾਵਾਂ ਨੂੰ ਬਚਾਉਣ ਲਈ ਇਕੱਠਾ ਰਲਣਾ ਚਾਹੀਦਾ ਹੈ ਭਾਵੇਂ ਉਹ ਕਿਸੇ ਵੀ ਪਾਰਟੀ ’ਚ ਸ਼ਾਮਲ ਕਿਉਂ ਨਾ ਹੋਵੇ।
ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਸਿੱਖ ਸੰਗਤ ਨੂੰ ਭਰੋਸੇ ’ਚ ਲੈ ਕੇ ਤੁਰੋ ਕਿਉਂਕਿ ਸਿੱਖ ਸੰਗਤ ਦਾ ਭਰੋਸਾ ਟੁੱਟਣ ਕਾਰਨ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ਹੈ ਅਤੇ ਸ਼੍ਰੋਮਣੀ ਕਮੇਟੀ ’ਤੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਕਿਹਾ, ‘‘ਇਕ ਸਮਾਂ ਸੀ ਜਦੋਂ ਅਕਾਲ ਤਖ਼ਤ ਦਾ ਜਥੇਦਾਰ ਬੋਲਦਾ ਸੀ ਤਾਂ ਦੁਨੀਆਂ ਦੇ ਲੋਕ ਕੰਬ ਜਾਂਦੇ ਸਨ ਪਰ ਅੱਜ ਸਿੱਖ ਵੀ ਨਹੀਂ ਕੰਬਦੇ।’’
ਭਵਿੱਖ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੱਠਜੋੜ ਸਿਆਸੀ ਤੌਰ ’ਤੇ ਕੀਤਾ ਜਾਵੇ ਤਾਂ ਕੋਈ ਜੁਰਮ ਨਹੀਂ ਪਰ ਜੇਕਰ ਪੰਜਾਬ ਦੇ ਹਿੱਤ ਮਹਿਫ਼ੂਜ਼ ਨਹੀਂ ਤਾਂ ਗੱਠਜੋੜ ਕਿਉਂ ਕਰਨਾ ਹੋਇਆ। ਉਨ੍ਹਾਂ ਕਿਹਾ, ‘‘ਜੇਕਰ ਚੰਡੀਗੜ੍ਹ ’ਤੇ ਕਬਜ਼ਾ, ਡੈਮ ’ਤੇ ਕਬਜ਼ਾ, ਪਾਣੀਆਂ ’ਤੇ ਕਬਜ਼ਾ, ਚੰਡੀਗੜ੍ਹ ’ਚ ਸਾਡੀਆਂ ਨੌਕਰੀਆਂ ’ਚ ਹਿੱਸਾ ਖ਼ਤਮ ਕਰਨ ਤੋਂ ਬਾਅਦ ਵੀ ਅਸੀਂ ਸਿਰਫ਼ ਐਮ.ਪੀ. ਬਣਨ ਲਈ ਲੇਲ੍ਹੜੀਆਂ ਕੱਢੀਏ ਤਾਂ ਗੱਠਜੋੜ ਕਰਨ ਦਾ ਕੋਈ ਕਾਰਨ ਨਹੀਂ ਰਹਿ ਜਾਂਦਾ।’’