
ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਕਲਸੀਆਂ ਕਲਾਂ ਵਿਖੇ ਬੀਤੀ ਰਾਤ ਮਜ਼ਦੂਰੀ ਦੇ 50 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਇਸ ਦੇ ਚਲਦਿਆਂ ਪੀੜਤ ਪਰਿਵਾਰ ਵਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਸਾਹਿਬ ਸਿੰਘ ਦੇ ਭਰਾ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਉਹਨਾਂ ਦੱਸਿਆ ਕਿ ਦਿਹਾੜੀ ਦੇ ਚਲਦਿਆਂ ਇਕ ਦਿਨ ਉਸ ਨੂੰ 50 ਰੁਪਏ ਘੱਟ ਆਏ ਜਦੋਂ ਉਸ ਨੇ ਅਗਲੇ ਦਿਨ 50 ਰੁਪਏ ਵੱਧ ਮੰਗੇ ਤਾਂ ਵਿਅਕਤੀ ਨੇ ਉਸ ਦੇ ਭਰਾ ਨਾਲ ਕੁੱਟਮਾਰ ਕੀਤੀ।
ਇਸ ਤੋਂ ਬਾਅਦ 5 ਵਿਅਕਤੀਆਂ ਨੇ ਉਹਨਾਂ ਦੇ ਘਰ ਵਿਚ ਦਾਖਲ ਹੋ ਕੇ ਬੁਰੀ ਤਰ੍ਹਾਂ ਦੋਹਾ ਭਰਾਵਾਂ ਨਾਲ ਕੁੱਟਮਾਰ ਕੀਤੀ, ਉਹਨਾਂ ਉੱਤੇ ਇੱਟਾਂ ਨਾਲ ਹਮਲਾ ਕੀਤਾ ਗਿਆ, ਜਿਸ ਦੌਰਾਨ ਗੁਰਸਾਹਿਬ ਸਿੰਘ ਦੀ ਮੌਤ ਹੋ ਗਈ। ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਕਤਲ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।