
ਬੰਗਲਾਦੇਸ਼ ਵਿਚ ਅਧਿਆਪਕ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਕੁੜੀ ਨੂੰ ਜ਼ਿੰਦਾ ਸਾੜ ਦਿਤਾ ਗਿਆ ਸੀ
ਢਾਕਾ : ਬੰਗਲਾਦੇਸ਼ ਵਿਚ ਲਗਭਗ 27000 ਸਕੂਲਾਂ ਨੂੰ ਕੁੜੀਆਂ ਦਾ ਜਿਨਸੀ ਸ਼ੋਸ਼ਣ ਰੋਕਣ ਲਈ ਕਮੇਟੀਆਂ ਬਣਾਉਣ ਦਾ ਹੁਕਮ ਦਿਤਾ ਗਿਆ ਹੈ। ਇਹ ਹੁਕਮ ਇਕ ਅਧਿਆਪਕ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਲਈ 19 ਸਾਲਾ ਨੁਸਰਤ ਜਹਾਂ ਰਫ਼ੀ ਨੂੰ ਜ਼ਿੰਦਾ ਸਾੜ ਕੇ ਮਾਰਨ ਦੀ ਘਟਨਾ ਤੋਂ ਬਾਅਦ ਦਿਤਾ ਗਿਆ ਹੈ। ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਸ਼ਾਮਲ ਹਰ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇਗੀ ਤਾਕਿ ਦੇਸ਼ ਵਿਚ ਮੁੜ ਤੋਂ ਅਜਿਹੀ ਘਟਨਾ ਨਾ ਵਾਪਰੇ।
Nusrat Jahan Rafi's death sparked protests in Dhaka.
ਜਹਾਂ ਦੀ ਮੌਤ ਤੋਂ ਬਾਅਦ ਲਗਭਗ 16.5 ਕਰੋੜ ਦੀ ਆਬਾਦੀ ਵਾਲੇ ਇਸ ਦਖਣੀ ਏਸ਼ੀਆਈ ਦੇਸ਼ ਵਿਚ ਲੋਕਾਂ ਦਾ ਕਾਫ਼ੀ ਵਿਰੋਧ ਕੀਤਾ ਸੀ ਜਿਸ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤੇ ਗਏ। ਘਟਨਾ ਦੇ 11ਵੇਂ ਦਿਨ, ਐਤਵਾਰ ਨੂੰ ਵੀ ਰਾਜਧਾਨੀ ਢਾਕਾ ਦੀਆਂ ਸੜਕਾਂ 'ਤੇ ਪ੍ਰਦਰਸ਼ਨਕਾਰੀਆਂ ਨੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤੇ ਸਨ। ਪੁਲਿਸ ਨੇ ਦਸਿਆ ਕਿ ਢਾਕਾ ਦੇ ਦੱਖਣ ਵਿਚ ਸਥਿਤ ਫ਼ੇਨੀ ਵਿਚ ਨੁਸਰਤ ਨੂੰ ਹਮਲਾਵਰਾਂ ਨੇ ਇਕ ਮਦਰਸੇ ਦੀ ਛੱਤ 'ਤੇ ਬੁਲਾਇਆ ਸੀ। ਇਥੇ ਆਉਣ ਤੋਂ ਬਾਅਦ ਉਸ ਨੂੰ ਅਧਿਆਪਕ ਵਿਰੁਧ ਦਿਤੀ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਨੂੰ ਵਾਪਸ ਲੈਣ ਲਈ ਕਿਹਾ ਗਿਆ ਪਰ ਜਦ ਨੁਸਰਤ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਜ਼ਿੰਦਾ ਸਾੜ ਦਿਤਾ ਗਿਆ।
Nusrat Jahan Rafi's crimination pic
ਇਸ ਘਟਨਾ ਵਿਚ 80 ਫ਼ੀ ਸਦੀ ਸੜ ਚੁੱਕੀ ਨੁਸਰਤ ਨੇ 10 ਅਪ੍ਰੈਲ ਨੂੰ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿਤਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਸਕੂਲ ਦੇ ਪ੍ਰਿੰਸੀਪਲ ਸਮੇਤ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ਦੇ ਵਿਰੋਧ ਵਿਚ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਸਰਕਾਰ ਨੇ 27000 ਤੋਂ ਵੱਧ ਸਕੂਲਾਂ ਵਿਚ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਕਮੇਟੀਆਂ ਬਣਾਉਣ ਦਾ ਨਿਰਦੇਸ਼ ਦਿਤੇ ਹਨ। ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਕਮੇਟੀਆਂ ਦੀ ਅਗਵਾਈ ਅਧਿਆਪਿਕਾਵਾਂ ਕਰਨਗੀਆਂ ਅਤੇ ਕੁੜੀਆਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣ ਲਈ ਕਦਮ ਚੁਕਣਗੀਆਂ।
Bangladesh puts anti-sexual harassment units in schools after girl's murder
ਨੁਸਰਤ ਜਹਾਂ ਨੇ ਮਾਰਚ ਮਹੀਨੇ ਦੇ ਅਖ਼ੀਰ ਵਿਚ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸਬੰਧੀ ਲੀਕ ਹੋਈ ਵੀਡੀਉ ਵਿਚ ਇਹ ਵਿਖਾਈ ਦੇ ਰਿਹਾ ਹੈ ਕਿ ਸਥਾਨਕ ਪੁਲਿਸ ਥਾਣਾ ਮੁਖੀ ਨੇ ਉਸ ਦੀ ਸ਼ਿਕਾਇਤ ਦਰਜ ਕੀਤੀ ਪਰ ਇਸ ਨੂੰ ਇਹ ਕਹਿ ਕੇ ਰੱਦ ਕਰ ਦਿਤਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਪੁਲਿਸ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀਆਂ ਵਿਚੋਂ ਤਿੰਨ ਵਿਅਕਤੀ ਨੁਸਰਤ ਦੇ ਨਾਲ ਹੀ ਪੜ੍ਹਦੇ ਸਨ ਅਤੇ ਹਮਲਾਵਰਾਂ ਦੀ ਇਹ ਯੋਜਨਾ ਸੀ ਕਿ ਨੁਸਰਤ ਦੀ ਮੌਤ ਨੂੰ ਆਤਮ ਹਤਿਆ ਬਣਾ ਦਿਤਾ ਜਾਵੇ ਪਰ ਉਹ ਅਪਣੀ ਇਸ ਯੋਜਨਾ ਵਿਚ ਸਫ਼ਲ ਨਹੀਂ ਹੋਏ।