
ਬਾਦਲ ਦਲ ਨੇ ਚੁੱਪ ਧਾਰੀ, ਕਾਂਗਰਸ ਨੇ ਸਾਧਿਆ ਨਰਿੰਦਰ ਮੋਦੀ ਤੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ
ਚੰਡੀਗੜ੍ਹ, 8 ਜੂਨ (ਨੀਲ ਭਲਿੰਦਰ ਸਿੰਘ): ਕਸ਼ਮੀਰੀਆਂ ਦੀ ਆਜ਼ਾਦੀ ਨਾਲ ਜੁੜੀ ਵਿਸ਼ੇਸ਼ ਸੰਵਿਧਾਨਕ ਧਾਰਾ ਸੋਧਣ ਅਤੇ ਨਾਗਰਿਕਤਾ ਕਾਨੂੰਨ ਲਿਆਉਣ ਵਾਲੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਤੋਂ ਇਸ ਤਾਜ਼ਾ ਮਾਹੌਲ ਵਿਚ ਸਿੱਖਾਂ ਲਈ ਵਖਰੇ ਰਾਜ ਖ਼ਾਲਿਸਤਾਨ ਦੀ ਉਮੀਦ ਹਰਗਿਜ਼ ਵੀ ਨਹੀਂ ਕੀਤੀ ਜਾ ਸਕਦੀ।
File Photo
ਮੌਜੂਦਾ ਸਮੇਂ ਵਿਚ ਸਿਆਸੀ ਧਾਰਮਕ ਤੇ ਸਮਾਜਕ ਤੌਰ 'ਤੇ ਅਪ੍ਰਸੰਗਿਕ ਜਾਪ ਰਹੇ ਖ਼ਾਲਿਸਤਾਨ ਦੇ ਸਿਧਾਂਤ ਉਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ 'ਬੇਮੌਸਮੇ' ਬਿਆਨ ਕਿ ਜੇਕਰ ਕੇਂਦਰ ਖ਼ਾਲਸਤਾਨ ਦੇਵੇਗਾ ਤਾਂ ਸਿੱਖ ਜ਼ਰੂਰ ਲੈ ਲੈਣਗੇ, ਨੇ ਸਿੱਖ ਸਫ਼ਾ ਨੂੰ ਸ਼ਸ਼ੋਪੰਜ ਵਿਚ ਪਾ ਦਿਤਾ ਹੈ। ਖ਼ਾਸਕਰ ਬਹਿਬਲ ਕਲਾਂ ਅਤੇ ਬਰਗਾੜੀ ਮੁੱਦੇ ਉੱਤੇ ਇਨਸਾਫ਼ ਦੀ ਮੰਗ ਕਰ ਰਹੀਆਂ ਸਿੱਖ ਸਫ਼ਾਂ ਲਈ ਖ਼ਾਲਿਸਤਾਨ ਦੇ ਮੁੱਦੇ ਉੱਤੇ ਆਏ ਇਸ ਬਿਆਨ ਦੀ ਹਮਾਇਤ ਜਾਂ ਇਸ ਨੂੰ ਨਕਾਰਨਾ ਵੱਡੀ ਚੁਣੌਤੀ ਬਣ ਚੁੱਕਾ ਹੈ।
File Photo
ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਅਕਾਲੀ ਦਲ ਦਾ ਇਸ ਮੁੱਦੇ ਉੱਤੇ ਰੁਖ਼ ਕੁਝ ਸਪੱਸ਼ਟ ਹੋਣ ਦੀ ਆਸ ਬੱਝੀ ਹੈ। ਪਰ ਹਾਲ ਦੀ ਘੜੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਇਸ ਮੁੱਦੇ ਉੱਤੇ ਗਹਿਰੀ ਚੁੱਪ ਧਾਰ ਲਈ ਹੈ। ਦੂਜੇ ਪਾਸੇ ਕਾਂਗਰਸ ਨੇ ਇਸ ਮੁੱਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਸਿੱਧਾ ਨਿਸ਼ਾਨਾ ਸਾਧ ਲਿਆ ਹੈ।
File Photo
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਰੋਜ਼ਾਨਾ ਸਪੋਕਸਮੈਨ ਨਾਲ ਇਸ ਮੁੱਦੇ ਉੱਤੇ ਗੱਲ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬ ਤਾਂ ਬਾਦਲ ਪਰਵਾਰ ਦੀ ਕਠਪੁਤਲੀ ਹਨ। ਹੁਣ ਲੋੜ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਾਲੀ ਦਲ ਨਾਲ ਅਪਣੇ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਤੋਂ ਸਬੰਧਾਂ ਉਤੇ ਰੁਖ਼ ਸਪੱਸ਼ਟ ਕਰਨ। ਜਾਖੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਜੰਮੂ ਅਤੇ ਕਸ਼ਮੀਰ ਵਿਚ ਪੀਡੀਪੀ ਨਾਲ ਨਾਤਾ ਤੋੜਨ ਵੇਲੇ ਰਾਸ਼ਟਰਵਾਦ ਹੀ ਬਹਾਨਾ ਬਣਾਇਆ ਸੀ। ਹੁਣ ਜਦੋਂ ਪੰਜਾਬ ਵਿਚ ਅਕਾਲੀ ਦਲ ਦੀ ਬੈਕਗ੍ਰਾਊਂਡ ਉੱਤੇ ਜਥੇਦਾਰ ਖ਼ਾਲਿਸਤਾਨ ਦੀ ਗੱਲ ਕਰ ਰਹੇ ਹਨ ਤਾਂ ਉਦੋਂ ਵੀ ਪ੍ਰਧਾਨ ਮੰਤਰੀ ਆਪਣੇ ਉਸੇ ਰਾਸ਼ਟਰਵਾਦੀ ਦ੍ਰਿਸ਼ਟੀਕੋਣ ਤੋਂ ਅਕਾਲੀ ਦਲ ਨਾਲ ਨਾਤਾ ਤੋੜਨ ਬਾਰੇ ਗੱਲ ਸਪੱਸ਼ਟ ਕਰਨ।
File Photo
ਜਾਖੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੀ ਸਭ ਤੋਂ ਪਵਿੱਤਰ ਥਾਂ ਹੈ। ਅਜਿਹੇ ਵਿਚ ਅਜਿਹੇ ਅਸਥਾਨ ਦੀ ਵਰਤੋਂ ਰਾਜਨੀਤਕ ਮਨੋਰਥਾਂ ਲਈ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖਬੀਰ ਦੀ ਇਸ ਮੁੱਦੇ ਤੇ ਚੁੱਪੀ ਵੱਡੇ ਸਵਾਲ ਖੜੇ ਕਰ ਰਹੀ ਹੈ। ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਹਮਾਇਤੀਆਂ 'ਚੋਂ ਇਕ ਸ. ਸੁਖਦੇਵ ਸਿੰਘ ਢੀਂਡਸਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਪਾਣੀਆਂ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਦਾ ਮੁੱਦਾ ਤੇ ਮੌਜੂਦਾ ਸਮੇਂ ਵਿਚ ਫ਼ਸਲਾਂ ਦੇ ਮੰਡੀਕਰਨ ਨੂੰ ਲੈ ਕੇ ਰਾਜਾਂ ਦੇ ਅਧਿਕਾਰਾਂ ਉੱਤੇ ਮਾਰੇ ਜਾ ਰਹੇ ਡਾਕੇ ਜਿਹੇ ਮੁੱਦੇ ਮੌਜੂਦਾ ਸਮੇਂ ਪਹਿਲ ਦੇ ਆਧਾਰ ਦੇ ਅਤੇ ਨਜਿੱਠੇ ਜਾਣ ਵਾਲੇ ਮੁੱਦੇ ਹਨ। ਲੋੜ ਇਸ ਸਮੇਂ ਇਨ੍ਹਾਂ ਜ਼ਰੂਰੀ ਅਤੇ ਤਾਜ਼ਾ ਮੁੱਦਿਆਂ ਉੱਤੇ ਧਿਆਨ ਦੇਣ ਦੀ ਹੈ।
File Photo
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵਿਦੇਸ਼ ਤੋਂ ਫ਼ੋਨ 'ਤੇ ਕਿਹਾ ਕਿ ਬੀਜੇਪੀ ਵਲੋਂ ਬਾਦਲਾਂ ਨੂੰ ਕਿਨਾਰੇ ਕੀਤਾ ਜਾ ਰਿਹਾ ਹੈ । ਇਸ ਲਈ ਮੋਦੀ ਸਰਕਾਰ ਨੂੰ ਡਰਾਉਣ ਲਈ ਬਾਦਲ ਪਰਵਾਰ ਨੇ ਇਕ ਵਾਰ ਫਿਰ ਜਥੇਦਾਰ ਅਕਾਲ ਤਖ਼ਤ ਦੇ ਪਵਿੱਤਰ ਅਹੁਦੇ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਕਿਸੇ ਨੂੰ ਭੁੱਲੀ ਨਹੀਂ ਕਿ ਇਸ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਬਾਦਲ ਪਰਵਾਰ ਨੇ ਪਹਿਲਾਂ ਸੌਦਾ ਸਾਧ ਨੂੰ ਮੁਆਫ਼ੀ ਦਿਵਾਈ ਅਤੇ ਲੋਕਾਂ ਤੋਂ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਤੇ ਹੁਣ ਫਿਰ ਬਾਦਲ ਪਰਵਾਰ ਇਸੇ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਤੇ ਸਵਾਲ ਦਾਗ਼ਦਿਆਂ ਕਿਹਾ ਕਿ ਜਥੇਦਾਰ ਸਾਹਿਬ ਹੁਣ ਤਕ ਬਹਿਬਲ ਕਲਾਂ, ਬਰਗਾੜੀ ਕਿਉਂ ਨਹੀਂ ਗਏ?
ਉਹ ਖ਼ਾਲਿਸਤਾਨ ਦੀ ਗੱਲ ਤਾਂ ਬਾਅਦ ਵਿਚ ਕਰਨ, ਉਨ੍ਹਾਂ ਨਕੋਦਰ ਗੋਲੀ ਕਾਂਡ ਤੇ ਬੇਅਦਬੀ ਜਿਹੇ ਹੋਰ ਮੁੱਦਿਆਂ ਉੱਤੇ ਹੁਣ ਤਕ ਜ਼ੁਬਾਨ ਨਹੀਂ ਖੋਲ੍ਹੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਸ. ਸੇਵਾ ਸਿੰਘ ਸੇਖਵਾਂ ਨੇ ਇਸ ਪੱਤਰਕਾਰ ਨਾਲ ਫ਼ੋਨ 'ਤੇ ਗੱਲ ਕਰਦਿਆਂ ਅਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜੇਕਰ ਜਥੇਦਾਰ ਸਾਹਿਬ ਨੇ ਅਪਣੀ ਜ਼ਮੀਰ ਦੀ ਗੱਲ ਕੀਤੀ ਹੈ ਤਾਂ ਗੱਲ ਹੋਰ ਹੈ ਪਰ ਜੇਕਰ ਕਿਸੇ ਹੋਰ ਦੇ ਮਨ ਦੀ ਗੱਲ ਕੀਤੀ ਹੈ ਤਾਂ ਗੱਲ ਹੋਰ ਹੈ। ਇਹ ਸਭ ਤੋਂ ਵੱਡਾ ਰਹੱਸ ਇਸ ਵੇਲੇ ਬਣਿਆ ਹੋਇਆ ਹੈ।
ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਕਨਵੀਨਰ ਅਤੇ ਬੇਅਦਬੀ ਤੇ ਗੋਲੀਕਾਂਡ ਕਾਂਡ ਇਨਸਾਫ਼ ਮੋਰਚੇ ਦੇ ਸਰਗਰਮ ਕਾਰਜਕਰਤਾ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਅਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਪਰਵਾਰ ਅਜਿਹੇ ਹਨ ਜਿਨ੍ਹਾਂ ਨੇ ਅਪਣਾ ਕੋਈ ਨਾ ਕੋਈ ਜੀਅ ਸਿੱਖ ਸੰਘਰਸ਼ ਵਿਚ ਕੌਮ ਦੇ ਲੇਖੇ ਲਾਇਆ ਹੈ। ਇਸ ਦ੍ਰਿਸ਼ਟੀਕੋਣ ਤੋਂ ਸਿੰਘ ਸਾਹਿਬ ਦਾ ਬਿਆਨ ਲਹਿਰ ਨੂੰ ਬਲ ਦੇਣ ਵਾਲਾ ਹੈ ਪਰ ਜੇਕਰ ਇਸ ਪਿੱਛੇ ਹਮੇਸ਼ਾ ਵਾਂਗ ਬਾਦਲ ਪਰਵਾਰ ਖੜਾ ਹੈ ਤਾਂ ਇਨ੍ਹਾਂ ਉਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਿਉਂਕਿ ਆਪ੍ਰੇਸ਼ਨ ਸਾਕਾ ਨੀਲਾ ਤਾਰਾ ਵੇਲੇ ਫ਼ੌਜੀਆਂ ਨੂੰ ਬੈਰਕਾਂ 'ਚੋਂ ਕੱਢਣ ਦਾ ਸੱਦਾ ਦੇਣ ਵਾਲੇ ਵੀ ਇਹੀ ਸਨ ਤੇ ਮੁੜ ਕੇ ਉਨ੍ਹਾਂ ਨੂੰ ਵਿਸਾਰਨ ਵਾਲੇ ਵੀ ਇਹੋ ਸਨ। ਇਸੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਸੌਦਾ ਸਾਧ ਨੂੰ ਤਨਖ਼ਾਹੀਆ ਕਰਾਰ ਦੇਣ ਵਾਲੇ ਵੀ ਇਹੀ ਸਨ ਤੇ ਮੁੜ ਕੇ ਮੁਆਫ਼ੀ ਦੇ ਕੇ ਮੁਆਫ਼ੀ ਵਾਪਸ ਲੈਣ ਵਾਲੇ ਵੀ ਇਹੋ ਸਨ।