
ਹਤਿਆ ਅਤੇ ਧਮਕਾਉਣ ਦੇ ਕਈ ਮਾਮਲਿਆਂ 'ਚ ਲੋੜੀਂਦਾ ਬਦਮਾਸ਼ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ.............
ਚੰਡੀਗੜ੍ਹ : ਹਤਿਆ ਅਤੇ ਧਮਕਾਉਣ ਦੇ ਕਈ ਮਾਮਲਿਆਂ 'ਚ ਲੋੜੀਂਦਾ ਬਦਮਾਸ਼ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਲੰਧਰ ਦਿਹਾਤੀ ਪੁਲਿਸ ਅਤੇ ਇੰਟੈਲੀਜੈਂਸ ਵਿੰਗ (ਪੰਜਾਬ ਪੁਲਿਸ) ਦੀ ਸੂਹ 'ਤੇ ਚੰਡੀਗੜ੍ਹ ਪੁਲਿਸ ਦੇ ਸਹਿਯੋਗ ਨਾਲ ਅੰਜਾਮ ਦਿਤੇ ਗਏ ਇਸ ਆਪ੍ਰੇਸ਼ਨ ਦੌਰਾਨ ਦਿਲਪ੍ਰੀਤ ਦੁਵੱਲੀ ਫ਼ਾਇਰਿੰਗ ਵਿਚ ਪੁਲਿਸ ਦੀ ਗੋਲੀ ਲੱਗਣ ਨਾਲ ਗੰਭੀਰ ਫੱਟੜ ਹੋ ਗਿਆ। ਇਸ ਵੇਲੇ ਉਹ ਪੀਜੀਆਈ ਚੰਡੀਗੜ੍ਹ 'ਚ ਜ਼ੇਰੇ ਇਲਾਜ ਹੈ। ਜਲੰਧਰ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਤੇ ਏਆਈਜੀ ਇੰਟੈਲੀਜੈਂਸ ਵਰਿੰਦਰਪਾਲ ਸਿੰਘ ਨੇ ਦੇਰ ਸ਼ਾਮ ਪੰਜਾਬ ਪੁਲਿਸ ਹੈਡਕੁਆਰਟਰ 'ਚ ਸੱਦੀ ਹੰਗਾਮੀ ਪ੍ਰੈੱਸ
ਕਾਨਫਰੰਸ ਦੌਰਾਨ ਇਸ ਘਟਨਾ ਦੀ ਪੁਸ਼ਟੀ ਕੀਤੀ। ਪੰਜਾਬ ਪੁਲਿਸ ਦੇ ਉਕਤ ਦਾਅਵੇ ਨਾਲ ਦਿਲਪ੍ਰੀਤ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਐਸਐਸਪੀ ਭੁੱਲਰ ਨੇ ਦਾਅਵਾ ਕੀਤਾ ਕਿ ਦਿਲਪ੍ਰੀਤ ਨਾ ਸਿਰਫ਼ ਖ਼ੁਦ ਹੈਰੋਇਨ ਦਾ ਸੇਵਨ ਕਰਨ ਲੱਗ ਪਿਆ ਹੈ ਸਗੋਂ ਉਸ ਦੀ ਇਕ ਠਾਹਰ ਤੋਂ ਇਕ ਕਿਲੋਗ੍ਰਾਮ ਹੈਰੋਇਨ ਅਤੇ ਹੈਰੋਇਨ ਤੋਲਣ ਲਈ ਨਿੱਕਾ ਬਿਜਲਈ ਕੰਡਾ ਵੀ ਬਰਾਮਦ ਹੋਇਆ ਹੈ। ਭੁੱਲਰ ਨੇ ਦਸਿਆ ਕਿ ਦਿਲਪ੍ਰੀਤ ਦੇ ਅੱਜ ਚੰਡੀਗੜ੍ਹ ਆਉਣ ਦੀ ਸੂਹ ਮਿਲੀ ਸੀ ਜਿਸ ਤਹਿਤ ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖ਼ਾ ਨੂੰ ਚੌਕਸ ਕਰ ਕੇ ਸੈਕਟਰ 43 ਦੇ ਅੰਤਰਰਾਜੀ ਬੱਸ ਅੱਡੇ ਮਗਰਲੀ ਸੜਕ ਉਤੇ ਘਾਤ ਲਾਈ ਗਈ। ਕੁੱਝ ਦੇਰ ਬਾਅਦ
ਦਿਲਪ੍ਰੀਤ ਨੂੰ ਵੀ ਇਸ ਦੀ ਭਿਣਕ ਪੈ ਗਈ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਨੇ ਪੂਰੀ ਤਰ੍ਹਾਂ ਜਾਲ ਵਿਛਾਇਆ ਹੋਇਆ ਸੀ। ਪੁਲਿਸ ਦੇ ਦਾਅਵਿਆਂ ਮੁਤਾਬਕ ਇਹ ਸੱਭ ਪੂਰੇ ਫ਼ਿਲਮੀ ਅੰਦਾਜ਼ ਵਿਚ ਹੋਇਆ। ਪੁਲਿਸ ਵਲੋਂ ਗੈਂਗਸਟਰ ਦਾ ਪਿੱਛਾ ਕੀਤਾ ਗਿਆ ਤਾਂ ਅੱਗੋਂ ਉਸ ਨੇ ਗੋਲੀ ਚਲਾ ਦਿਤੀ। ਪਤਾ ਲੱਗਾ ਹੈ ਕਿ ਉਸ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਯੂ.ਟੀ. ਦੀ ਅਪਰਾਧ ਸ਼ਾਖ਼ਾ ਦੇ ਮੁਖੀ ਅਮਨਜੋਤ ਸਿੰਘ ਨੇ ਅਪਣੀ ਫ਼ਾਰਚੂਨਰ ਕਾਰ ਨਾਲ ਦਿਲਪ੍ਰੀਤ ਦੀ ਡਿਜ਼ਾਇਰ ਕਾਰ ਨੂੰ ਪਿਛਿਉਂ ਟੱਕਰ ਮਾਰ ਦਿਤੀ। ਪੰਜਾਬ ਪੁਲਿਸ ਨੇ ਅੱਗੋਂ ਦਿਲਪ੍ਰੀਤ ਦਾ ਰਾਹ ਰੋਕਿਆ ਹੋਇਆ ਸੀ ਤੇ ਉਨ੍ਹਾਂ ਅੱਗੋਂ ਗੋਲੀਆਂ ਵਰ੍ਹਾ ਦਿਤੀਆਂ। ਫੱਟੜ ਹਾਲਤ 'ਚ
ਪਹਿਲਾਂ ਦਿਲਪ੍ਰੀਤ ਸਿੰਘ ਮੋਹਾਲੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਨਾਜ਼ੁਕ ਹੋਣ ਵਜੋਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿਤਾ ਗਿਆ। ਗ੍ਰਿਫ਼ਤਾਰੀ ਦੌਰਾਨ ਦਿਲਪ੍ਰੀਤ ਕੋਲੋਂ ਪਿਸਟਲ ਤੇ ਰਾਈਫ਼ਲ ਸਣੇ ਕਾਰਤੂਸ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਸ ਵਿਰੁਧ ਨਸ਼ਾ ਵਿਰੋਧੀ ਕਾਨੂੰਨ ਤੇ ਅਸਲਾ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਕਾਰ 'ਚੋਂ ਨਕਲੀ ਦਾਹੜੀ, ਮੁੱਛਾਂ ਮਿਲੀਆਂ ਪੁਲਿਸ ਦਾ ਕਹਿਣਾ ਹੈ ਕਿ ਦਿਲਪ੍ਰੀਤ ਦੀ ਗੱਡੀ ਵਿਚੋਂ ਨਕਲੀ ਮੁੱਛਾਂ, ਦਾਹੜੀ ਮਿਲੀ ਹੈ। ਉਹ ਕੇਸ ਤੇ ਦਾੜ੍ਹੀ ਮੁਨਵਾ ਚੁੱਕਾ ਹੈ। ਉਹ ਹੁਣ ਭੇਸ ਬਦਲ ਕੇ ਰਹਿ ਰਿਹਾ ਸੀ। ਐਸਐਸਪੀ ਮੁਤਾਬਕ ਉਹ ਅਕਸਰ ਨਕਲੀ ਕੇਸ ਦਾਹੜੀ ਲਾ ਕੇ
ਹੀ ਸੋਸ਼ਲ ਮੀਡੀਆ ਉਤੇ ਕੋਈ ਨਾ ਕੋਈ ਪੋਸਟ ਪਾਉਂਦਾ ਸੀ। ਪੁਲਿਸ ਨੇ ਦਿਲਪ੍ਰੀਤ ਦੀਆਂ ਦੋ ਠਾਹਰਾਂ ਇਕ ਵਾਹਿਗੁਰੂ ਨਗਰ ਨਵਾਂ ਸ਼ਹਿਰ ਅਤੇ ਦੂਜੀ ਚੰਡੀਗੜ੍ਹ ਦੇ ਸੈਕਟਰ 38 ਵਿਚ ਮਕਾਨ ਨੰਬਰ 2587 ਹੋਣ ਦਾ ਦਾਅਵਾ ਕੀਤਾ ਹੈ। ਉਹ 2017 ਤੋਂ ਜ਼ਿਆਦਾਤਰ ਚੰਡੀਗੜ੍ਹ ਹੀ ਭੇਸ ਬਦਲ ਕੇ ਰਹਿ ਰਿਹਾ ਸੀ। ਨਵਾਂ ਸ਼ਹਿਰ 'ਚ ਕਿਸੇ ਵਿਧਵਾ ਔਰਤ ਅਤੇ ਚੰਡੀਗੜ੍ਹ 'ਚ ਵੀ ਕਿਸੇ ਔਰਤ ਦੇ ਸੰਪਰਕ 'ਚ ਰਿਹਾ ਹੋਣ ਦੇ ਦਾਅਵੇ ਕੀਤੇ ਗਏ ਹਨ। ਪੰਜਾਬ ਪੁਲਿਸ ਨੇ ਇਨ੍ਹਾਂ ਠਾਹਰਾਂ ਤੋਂ ਨਸ਼ੀਲੇ ਪਦਾਰਥਾਂ ਅਤੇ ਹੋਰ ਬਰਾਮਦਗੀ ਸਬੰਧੀ ਨਵੀਂ ਐਫ਼ਆਈਆਰ ਮੋਹਾਲੀ ਵਿਖੇ ਵੀ ਦਰਜ ਕੀਤੀ ਹੈ।