
ਦੇਸ਼ ਦੇ ਕਈ ਸ਼ਹਿਰਾਂ 'ਚ ਅਪਰਾਧਕ ਗਤੀਵਿਧੀਆਂ ਨਾਲ ਦਹਿਸ਼ਤ ਫੈਲਾਉਣ ਵਾਲੇ ਮੋਸਟ ਵਾਂਟਡ ਗੈਂਗਸਟਰ ਸੰਪਤ ਨੇਹਿਰਾ......
ਪੰਚਕੂਲਾ, : ਦੇਸ਼ ਦੇ ਕਈ ਸ਼ਹਿਰਾਂ 'ਚ ਅਪਰਾਧਕ ਗਤੀਵਿਧੀਆਂ ਨਾਲ ਦਹਿਸ਼ਤ ਫੈਲਾਉਣ ਵਾਲੇ ਮੋਸਟ ਵਾਂਟਡ ਗੈਂਗਸਟਰ ਸੰਪਤ ਨੇਹਿਰਾ ਨੂੰ ਸੋਮਵਾਰ ਪੰਚਕੂਲਾ ਕ੍ਰਾਇਮ ਬ੍ਰਾਂਚ ਦੀ ਟੀਮ ਨੇ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਸ ਨੂੰ 7 ਦਿਨ ਦੀ ਪੁਲਿਸ ਰੀਮਾਂਡ 'ਤੇ ਭੇਜ ਦਿਤਾ। ਇਸ ਦੌਰਾਨ ਪੁਲਿਸ ਵਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਸੰਪਤ ਨੇਹਿਰਾ ਪੰਚਕੂਲਾ ਵਿਚ ਵਾਪਰੀਆਂ ਦੋ ਅਪਰਾਧਕ ਵਾਰਦਾਤਾਂ ਵਿਚ ਸ਼ਾਮਲ ਹੈ ਜਿਸ ਬਾਰੇ ਪੁਲਿਸ ਉਸ ਕੋਲੋਂ ਪੁੱਛਗਿਛ ਕਰੇਗੀ।
ਇਸ ਤੋਂ ਪਹਿਲਾਂ ਐਤਵਾਰ ਨੂੰ ਪੁਲਿਸ ਉਸ ਨੂੰ ਪੰਚਕੂਲਾ ਲੈ ਆਈ ਸੀ ਅਤੇ ਸੱਭ ਤੋਂ ਪਹਿਲਾਂ ਉਸ ਦਾ ਸੈਕਟਰ-6 ਦੇ ਸਰਕਾਰੀ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ। ਸੰਪਤ ਨੇਹਿਰਾ ਨੂੰ ਹਥਕੜੀ ਲਗਾ ਕੇ ਲਿਆਇਆ ਗਿਆ ਅਤੇ ਪੁਲਿਸ ਕਰਮਚਾਰੀਆਂ ਨੇ ਉਸ ਦੇ ਹੱਥ ਫੜੇ ਹੋਏ ਸਨ। ਇਕ ਸਾਲ ਪਹਿਲਾਂ ਸੰਪਤ ਨੇਹਿਰਾ ਇਸ ਹਸਪਤਾਲ ਤੋਂ ਗੈਂਗਸਟਰ ਦੀਪਕ ਉਰਫ਼ ਟੀਨੂ ਨੂੰ ਸਖ਼ਤ ਸੁਰੱਖਿਆ ਵਿਚ ਪੁਲਿਸ ਵਾਲਿਆਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਉਸ ਨੂੰ ਛੁਡਵਾ ਕੇ ਲੈ ਗਿਆ ਸੀ।
ਸੰਪਤ ਨੇਹਿਰਾ ਦਾ ਸਬੰਧ ਲਾਰੈਂਸ ਬਿਸ਼ਨੋਈ ਗਰੁਪ ਨਾਲ ਵੀ ਹੈ ਅਤੇ ਸੋਸ਼ਲ ਮੀਡੀਆ ਤੇ ਲਗਾਤਾਰ ਸੰਪਤ ਨੇਹਿਰਾ ਨਾਲ ਜੁੜੀਆਂ ਖ਼ਬਰਾਂ ਨੂੰ ਪੋਸਟ ਕੀਤਾ ਜਾ ਰਿਹਾ ਹੈ। ਸੰਪਤ ਨੇਹਿਰਾ ਪੰਜਾਬ ਯੂਨੀਵਰਸਟੀ ਵਿਚ ਵਿਦਿਆਰਥੀ ਯੂਨੀਅਨ ਦਾ ਨੇਤਾ ਰਹਿ ਚੁਕਾ ਹੈ ਅਤੇ ਚੰਡੀਗੜ੍ਹ ਤੇ ਪੰਚਕੂਲਾ ਦੇ ਚੱਪੇ-ਚੱਪੇ ਤੋਂ ਵਾਕਿਫ਼ ਹੈ। ਸੰਪਤ ਨੇਹਿਰਾ ਪੁਲਿਸ ਵਾਲੇ ਦਾ ਬੇਟਾ ਹੈ ਅਤੇ ਸ਼ਾਨਦਾਰ ਏਥਲੀਟ ਵੀ ਹੈ ਪਰ ਉਸ ਨੇ ਬੰਦੂਕ ਫੜ ਲਈ ਸੀ ਅਤੇ ਗੈਂਗਸਟਰ ਬਣ ਗਿਆ। ਦਰਅਸਲ ਸੰਪਤ ਆਪਣੀ ਮਹਿਲਾ ਮਿਤਰ ਨਾਲ ਗੱਲ ਕਰਦਾ ਰਹਿੰਦਾ ਸੀ
ਅਤੇ ਪੁਲਿਸ ਉਸ ਦੀ ਮਹਿਲਾ ਮਿਤਰ ਦੇ ਨੰਬਰ ਜ਼ਰੀਏ ਆਂਧਰਾਂ ਪ੍ਰਦੇਸ਼ ਪਹੁੰਚ ਗਈ। ਇਥੇ ਹੈਦਰਾਬਾਦ ਦੇ ਨਾਲ ਲਗਦੇ ਸ਼ਹਿਰ ਸਾਇਬਰਾਬਾਦ ਦੇ ਵੈਂਕਟਰਮਨ ਕਾਲੋਨੀ ਤੋਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਸੰਪਤ ਹੁਣ ਲਾਰੈਂਸ ਦੇ ਨਾਲ-ਨਾਲ ਦਿਲਪ੍ਰੀਤ ਲਈ ਵੀ ਸ਼ਾਰਪ ਸ਼ੂਟਰ ਦੀ ਤਰਜ਼ 'ਤੇ ਕੰਮ ਕਰ ਰਿਹਾ ਸੀ।